ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ‘ਚ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਲਈ ਸਲਾਮੀ
ਮੋਗਾ 26 ਜਨਵਰੀ(ਜਸ਼ਨ): ਗਣਤੰਤਰ ਦਿਵਸ ਮੌਕੇ ਮੋਗਾ ਵਿਖੇ ਆਯੋਜਿਤ ਜ਼ਿਲਾ ਪੱਧਰੀ ਸਮਾਗਮ ਮੌਕੇ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਮੋਗਾ ਡਾ: ਹਰਜੋਤ ਕਮਲ ਅਤੇ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ ਵੀ ਸਮਾਗਮ ਵਿਚ ਹਾਜ਼ਰ ਰਹੇ। ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਇੰਦਰਜੀਤ ਸਿੰਘ ਬੀੜਚੜਿੱਕ ਚੇਅਰਮੈਨ ਪਲੈਨਿੰਗ ਬੋਰਡ, ਵਿਨੋਦ ਕੁਮਾਰ ਬਾਂਸਲ ਚੇਅਰਮੈਨ ਨਗਰ ਸੁਧਾਰ ਟਰੱਸਟ ਵੀ ਸਟੇਜ ’ਤੇ ਬਿਰਾਜਮਾਨ ਸਨ।
ਇਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਦੇਸ਼ ਦੇ 71ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਦੇਸ਼-ਵਿਦੇਸ਼ ‘ਚ ਵੱਸਦੇ ਸਾਰੇ ਭਾਰਤੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਸਹੀ ਮਾਅਨਿਆਂ ਵਿੱਚ ਗਣਰਾਜ ਦੀ ਸਥਾਪਨਾ ਹੀ ਲੋਕਾਂ ਦੇ ਸੁਪਨੇ ਸਾਕਾਰ ਹੋਣ ਵੱਲ ਪਹਿਲਾ ਮੀਲ ਪੱਥਰ ਸਾਬਤ ਹੋਇਆ। ਇਸ ਮੌਕੇ ਸ. ਕਾਂਗੜ ਨੇ ਹਥਿਆਰਬੰਦ ਫੌਜਾਂ ਦੇ ਉਨ੍ਹਾਂ ਬਹਾਦਰ ਸੂਰਬੀਰਾਂ ਨੂੰ ਵੀ ਵਧਾਈ ਦਿੱਤੀ, ਜੋ ਸਾਡੇ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 9, ਨਵੰਬਰ, 2019 ਨੂੰ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦਾ ਕੌਮਾਂਤਰੀ ਲਾਂਘਾ ਖੁੱਲ੍ਹਣ ਦੀ ਇਤਿਹਾਸਕ ਪ੍ਰਾਪਤੀ ਨਾਲ ਵੀਜੇ ਤੋ ਬਿਨ੍ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਨਾ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੁਲਤਾਨਪੁਰ ਲੋਧੀ ਵਿਖੇ ਪਿੰਡ ਬਾਬੇ ਨਾਨਕ ਦਾ ਵਿਰਾਸਤੀ ਅਜਾਇਬ ਘਰ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਵੱਲੋ ਪਿਛਲੀ ਸਰਕਾਰ ਤੋ ਵਿਰਸੇ ਵਿੱਚ ਮਿਲੇ ਖਾਲੀ ਖਜ਼ਾਨੇ ਦੇ ਬਾਵਜੂਦ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਹੈ। ਮਾਲ ਮੰਤਰੀ ਨੇ ਮੋਗਾ ਜ਼ਿਲ੍ਹੇ ਬਾਰੇ ਬੋਲਦਿਆਂ ਕਿਹਾ ਕਿ ਮੋਗਾ ਜ਼ਿਲ੍ਹਾ ਰਾਸ਼ਟਰ ਦਾ ਅਜਿਹਾ ਜ਼ਿਲ੍ਹਾ ਹੈ ਜਿਸ ਨੂੰ ਨੈਸ਼ਨਲ ਪੱਧਰ ਤੇ ਸਵੱਛਤਾ ਦਰਪਣ 2020 ਐਵਾਰਡ ਪ੍ਰਾਪਤ ਹੋਇਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਫੱਕਰ ਬਾਬਾ ਦਾਮੂੰ ਸ਼ਾਹ ਵਿਖੇ ਚਲਾਈ ਜਾ ਰਹੀ ਟ੍ਰੇਨਿੰਗ ਅਕੈਡਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿੱਚੋ ਸਿਖਿਆਰਥੀ ਟ੍ਰੇਨਿੰਗ ਲੈ ਕੇ ਫੌਂਜ ਅਤੇ ਬੀ.ਐਸ.ਐਫ. ਵਰਗੀਆਂ ਚੰਗੀਆਂ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦੇ ਇਸ ਉਦਮ ਨੂੰ ਵੀ ਇੱਕ ਚੰਗਾ ਉਦਮ ਮੰਨਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਮੋਗਾ ਜ਼ਿਲ੍ਹੇ ਵਿੱਚ ਲੜਕਾ ਅਤੇ ਲੜਕੀ ਦੇ ਲਿੰਗ ਅਨੁਪਾਤ ਵਿੱਚ ਹੋਏ ਸੁਧਾਰ ਦਾ ਸਿਹਰਾ ਵੀ ਇਸ ਸਮੁੱਚੇ ਜ਼ਿਲ੍ਹਾ ਪ੍ਰਸ਼ਾਸ਼ਨ ਸਿਰ ਜਾਂਦਾ ਹੈ।
ਅੱਜ ਦੇ ਸਮਾਗਮ ਵਿਚ ਸ਼ਿਰਕਤ ਕਰਨ ਵਾਲੀਆਂ ਅਹਿਮ ਸ਼ਖਸੀਅਤਾਂ ਵਿਚ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਸੀਨੀਅਰ ਕਪਤਾਨ ਪੁਲਿਸ ਅਮਰਜੀਤ ਸਿੰਘ ਬਾਜਵਾ , ਮੁਨੀਸ਼ ਸਿੰਗਲ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮਹੇਸ਼ਇੰਦਰ ਸਿੰਘ,ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ,ਕਾਂਗਰਸ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬਰਾੜ,ਸੂਬਾ ਸਕੱਤਰ ਜੋਧਾ ਬਰਾੜ,ਸਾਬਕਾ ਮੰਤਰੀ ਪੰਜਾਬ ਡਾ. ਮਾਲਤੀ ਥਾਪਰ, ਸਾਬਕਾ ਐਮ.ਐਲ.ਏ ਵਿਜੇ ਸਾਥੀ,ਜਗਰੂਪ ਸਿੰਘ ਤਖਤੂਪੁਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਸੀਰਾ ਚਕਰ,ਹਰਿੰਦਪਾਲ ਸਿੰਘ ਟਿੰਕੂ ਵਾਈਸ ਪ੍ਰਧਾਨ ਆੜ੍ਹਤੀਆ ਯੂਨੀਅਨ,ਵਿਜੇ ਧੀਰ ਚੇਅਰਮੈਨ, ਉਪਿੰਦਰ ਸਿੰਘ ਗਿੱਲ,ਨਿਰਮਲ ਸਿੰਘ ਮੀਨੀਆ,ਡਾ: ਗੁਰਕੀਰਤ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਐਸ.ਡੀ.ਐਮ ਮੋਗਾ ਸਤਵੰਤ ਸਿੰਘ, ਡਾ:ਦਵਿੰਦਰ ਸਿੰਘ ਰਿੰਪੀ,ਰਵਿੰਦਰ ਗੋਇਲ ਸੀ ਏ,ਪ੍ਰਧਾਨ ਰਮਨ ਮੱਕੜ,ਮਨਜੀਤ ਮਾਨ ਕੌਂਸਲਰ, ਸਮੇਤ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਸ਼ਾਮਲ ਸਨ।
ਸਮਾਗਮ ਵਿਂੱਚ ਪਰੇਡ ਕਮਾਂਡਰ ਮਹਿਲਾ ਡੀ.ਐਸ.ਪੀ. ਹਰਪਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲਿਸ , ਪੰਜਾਬ ਹੋਮਗਾਰਡ ਦੇ ਜਵਾਨਾਂ, ਸਾਬਕਾ ਫੌਜੀਆਂ ਅਤੇ ਸਕੂਲਾਂ,ਕਾਲਜਾਂ ਦੇ ਵਿਦਿਆਰਥੀਆਂ ਵੱਲੋ ਬਹੁਤ ਹੀ ਸ਼ਾਨਦਾਰ ਮਾਰਚ ਪਾਸਟ ਰਾਹੀ ਰਾਸ਼ਟੀ ਝੰਡੇ ਨੂੰ ਸਲਾਮੀ ਦਿੱਤੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋ ਮਾਰਚ ਪਾਸਟ ਦੀ ਕਮਾਂਡ ਮਹਿਲਾ ਉਪ ਕਪਤਾਨ ਪੁਲਿਸ ਦੇ ਹੱਥ ਵਿੱਚ ਦੇ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਲੜਕੀਆਂ ਨੂੰ ਵੀ ਮੌਕੇ ਮਿਲਣ ਤਾਂ ਉਹ ਵੀ ਲੜਕਿਆਂ ਵਾਂਗ ਕਿਸੇ ਵੀ ਮੰਜ਼ਿਲ ਨੂੰ ਸਰ ਕਰ ਸਕਦੀਆਂ ਹਨ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ 24 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ 4 ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ ਗਏ। ਇਸ ਤੋਂ ਇਲਾਵਾ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰੇਰਣਾਦਾਇਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਰੈਡ ਕਰਾਸ ਦੇ ਸਪੈਸ਼ਲ ਬੈੱਚਿਆਂ ਵੱਲੋ ਪੇਸ਼ ਕੀਤੇੇ ਡਾਂਸ ਨੂੰ ਸਭ ਤੋ ਉੱਤਮ ਸੱਭਿਆਚਾਰਕ ਆਈਟਮ ਅਤੇ ਨਗਰ ਨਿਗਮ ਦੇ ਸਵੱਛਤਾ ਰੱਥ ਨੂੰ ਉਤਮ ਝਾਕੀ ਵਜੋ ਸਨਮਾਨਿਆ ਗਿਆ। ਜ਼ਿਲੇ ਦੇ ਵੱਖ-ਵੱਖ 30 ਦੇ ਕਰੀਬ ਸਕੂਲਾਂ ਦੇ 1300 ਤੋਂ ਵੀ ਜ਼ਿਆਦਾ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਰਾਹੀਂ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਆਪਣੇ ਅਖਤਿਆਰੀ ਫੰਡ ਵਿੱਚੋ ਸਪੈਸ਼ਲ ਬੱਚਿਆਂ ਦੀ ਆਈਟਮ ਦੇਖਦੇ ਹੋਏ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।