ਹਰ ਲੜਕੀ ਲਈ ਸਿੱਖਿਆ ਪ੍ਰਾਪਤੀ ਯਕੀਨੀ ਬਣਾਉਣਾ ਸਾਡਾ ਫ਼ਰਜ਼: ਸਿੰਗਲਾ,ਪੰਜਾਬ ਦੇ ਸਿੱਖਿਆ ਮੰਤਰੀ ਨੇ ਇੰਗਲੈਂਡ ਦੇ ਸੰਸਦ ਮੈਂਬਰ ਅਤੇ ਸਿੱਖਿਆ ਸਕੱਤਰ ਗੈਵਿਨ ਵਿਲੀਅਮਸਨ ਨਾਲ ਕੀਤੀ ਮੁਲਾਕਾਤ,ਕੁੜੀਆਂ ਬਾਰੇ ਯੂਨੀਸੈਫ ਦੀ ਰਿਪੋਰਟ ’ਤੇ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ
ਚੰਡੀਗੜ੍ਹ, 22 ਜਨਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਵਰਲਡ ਐਜੂਕੇਸ਼ਨ ਫ਼ੋਰਮ ਵੱਲੋਂ ਲੰਡਨ ਵਿਖੇ ਕਰਵਾਏ ਜਾ ਰਹੇ ਛੇ ਦਿਨਾ ਸੰਮੇਲਨ ਦੌਰਾਨ ਯੂ.ਕੇ ਦੇ ਰਾਜ ਸਿੱਖਿਆ ਸਕੱਤਰ ਅਤੇ ਦੱਖਣੀ ਸਟੈਫ਼ੋਰਡਸ਼ਾਇਰ ਤੋਂ ਸੰਸਦ ਮੈਂਬਰ ਸ੍ਰੀ ਗੈਵਿਨ ਵਿਲੀਅਮਸਨ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਦੱਖਣੀ-ਪੂਰਬੀ ਏਸ਼ੀਆ ਅਤੇ ਯੂਰਪੀਅਨ ਦੇਸ਼ਾਂ ਵਿੱਚ ਸਿੱਖਿਆ ਅਤੇ ਕਿੱਤਾ-ਮੁਖੀ ਸਿਖਲਾਈ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।
ਗ਼ਰੀਬ ਘਰਾਂ ਦੀਆਂ ਅੱਲ੍ਹੜ ਕੁੜੀਆਂ ’ਚੋਂ ਇਕ ਤਿਹਾਈ ਦੇ ਕਦੇ ਸਕੂਲ ਨਾ ਜਾ ਸਕਣ ਅਤੇ ਸਿੱਖਿਆ ’ਤੇ ਖ਼ਰਚ ਅਮੀਰ ਘਰਾਂ ਤੱਕ ਮਹਿਦੂਦ ਰਹਿਣ ਸਬੰਧੀ ਯੂਨੀਸੈਫ ਦੀ ਹਾਲੀਆ ਰਿਪੋਰਟ ਉੱਤੇ ਚਰਚਾ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਤਰਜ਼ ’ਤੇ ਦੁਨੀਆਂ ਭਰ ਵਿੱਚ ਲੜਕੀਆਂ ਲਈ ਮੁਫ਼ਤ ਸਿੱਖਿਆ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਸ੍ਰੀ ਵਿਲੀਅਮਸਨ ਨੂੰ ਕਿਹਾ ਕਿ ਵਿਕਸਤ ਦੇਸ਼ਾਂ ਨੂੰ ਹਰ ਲੜਕੀ ਨੂੰ ਮਿਆਰੀ ਵਿੱਦਿਆ ਪ੍ਰਾਪਤ ਕਰਨਾ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਉਣੀ ਚਾਹੀਦੀ ਹੈ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਲਈ ਵੀ ਰਾਹ ਪੱਧਰਾ ਹੋ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ ਕਿ ਹਰ ਲੜਕੀ ਸਿੱਖਿਆ ਪ੍ਰਾਪਤ ਕਰ ਸਕੇ।
ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਸਿੱਖਿਆ ਅਤੇ ਸਿਖਲਾਈ ਦੇ ਮੌਕੇ ਸਭਨਾਂ, ਖ਼ਾਸਕਰ ਘੱਟ ਹੁਨਰਮੰਦ ਲੋਕਾਂ, ਦੀ ਪਹੁੰਚ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੌਕਿਆਂ ਅਤੇ ਪਹੁੰਚ ਦੀ ਘਾਟ ਸਿੱਖਿਆ ਅਤੇ ਕੁਸ਼ਲਤਾਵਾਂ ਵਿੱਚ ਪਾੜੇ ਦੀ ਜੜ੍ਹ ਹੈ, ਜੋ ਆਰਥਿਕ ਅਸਮਾਨਤਾਵਾਂ ਵੱਲ ਲੈ ਜਾਂਦੀ ਹੈ। ਬਰਤਾਨੀਆ ਦੇ ਸਿੱਖਿਆ ਸਕੱਤਰ ਨਾਲ ਵਿਚਾਰ-ਵਟਾਂਦਰੇ ਦੌਰਾਨ ਸ੍ਰੀ ਸਿੰਗਲਾ ਨੇ ਅਧਿਆਪਕਾਂ ਦੀ ਭੂਮਿਕਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਭੂਮਿਕਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਬੱਚਾ ਸਿੱਖੇ ਅਤੇ ਸੁਚੱਜੇ ਢੰਗ ਨਾਲ ਸਮਝੇ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਕਿਸੇ ਵੀ ਸੁਧਾਰ ਲਈ ਕੇਂਦਰੀ ਧੁਰੇ ਵਜੋਂ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਲੋੜੀਂਦੇ ਦਿਸ਼ਾ ਵਿੱਚ ਸੁਧਾਰ ਯਕੀਨੀ ਬਣਾਏ ਜਾ ਸਕਣ। ਸ੍ਰੀ ਸਿੰਗਲਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਬਹੁਤ ਘੱਟ ਬੱਚੇ ਅਜਿਹੇ ਹਨ, ਜੋ ਤੱਥ ਅਤੇ ਸਲਾਹ ਵਿੱਚ ਫ਼ਰਕ ਕਰਨ ਦੇ ਯੋਗ ਹਨ। ਇਸ ਲਈ ਸਕੂਲ ਵਿੱਚ ਸਭ ਤੋਂ ਅਹਿਮ ਗੱਲ ਸੋਚਣ ਦਾ ਹੁਨਰ ਸਿਖਾਉਣਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਵੱਡੇ ਵਿੱਦਿਅਕ ਸੁਧਾਰ ਜਿਵੇਂ ਸਹਿਯੋਗ ਅਤੇ ਸਮਾਜ ਦੀ ਸ਼ਮੂਲੀਅਤ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਨ੍ਹਾਂ ਨੌਜਵਾਨਾਂ ਲਈ ਸੱਭਿਆਚਾਰਕ ਅਤੇ ਸਿੱਖਿਆ ਪ੍ਰੋਗਰਾਮਾਂ ਬਾਰੇ ਵੀ ਗੱਲ ਕੀਤੀ।
ਵਿਸ਼ਵਵਿਆਪੀ ਸਿੱਖਿਆ ਖੇਤਰ ’ਚ ਬਰਤਾਨੀਆ ਦੀ ਸਫ਼ਲਤਾ ਬਾਰੇ ਦੱਸਦਿਆਂ ਸ੍ਰੀ ਗੈਵਿਨ ਵਿਲੀਅਮਸਨ ਨੇ ਕਿਹਾ, ‘‘ਅਸੀਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਸਥਿਤੀ ਨੂੰ ਬਣਾਈ ਰੱਖਣ ਲਈ ਬਹੁਤ ਦਿ੍ਰੜ੍ਹ ਹਾਂ।’’ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜ਼ਿੰਦਗੀ ਦੇ ਪਹਿਲੇ ਦਹਾਕੇ ਵਿਚ ਪੜ੍ਹਨਾ ਲਾਜ਼ਮੀ ਸਿੱਖਣਾ ਚਾਹੀਦਾ ਹੈ ਅਤੇ ਸਾਨੂੰ ਇਸ ਪਹਿਲੂ ਵੱਲ ਸੇਧਤ ਯਤਨਾਂ ਵਿੱਚ ਹੋਰ ਤੇਜ਼ੀ ਲਿਆਉਣੀ ਹੋਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।