ਰਿਸ਼ਵਤ ਲੈਂਦੇ 2 ਏ ਐੱਸ ਆਈ ਤੇ ਇਕ ਪਟਵਾਰੀ ਗ੍ਰਿਫਤਾਰ,ਵਿਜੀਲੈਂਸ ਨੇ ਤਿੰਨ ਵੱਖੋ ਵੱਖਰੇ ਕੇਸਾਂ ਵਿਚ ਰੰਗੇ ਹੱਥੀਂ ਕੀਤੇ ਕਾਬੂ
ਚੰਡੀਗ੍ਹੜ,22 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਵਿਜੀਲੈਂਸ ਬਿਓਰੋ ਨੇ ਅੱਜ ਪੰਜਾਬ ਵਿਚ ਤਿੰਨ ਵੱਖ ਵੱਖ ਥਾਵਾਂ ’ਤੇ ਇਕ ਪਟਵਾਰੀ ਅਤੇ 2 ਏ ਐੱਸ ਆਈ, ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਏ। ਪੰਜਾਬ ਵਿਜੀਲੈਂਸ ਬਿਓਰੋ ਦੇ ਨੁਮਾਇੰਦੇ ਨੇ ਦੱਸਿਆ ਕਿ ਕਪੂਰਥਲੇ ਜ਼ਿਲ੍ਹੇ ਦੀ ਤਹਿਸੀਲ ਭੁਲੱਥ ਦੇ ਹਲਕਾ ਜ਼ੈਦ ਵਿਖੇ ਤੈਨਾਤ ਪਟਵਾਰੀ ਪਰਮਜੀਤ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗਿ੍ਰਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਸਿੰਘ ਨੇ ਜ਼ਮੀਨ ਦੇ ਕਿਸੇ ਮਾਮਲੇ ਵਿਚ ਪਟਵਾਰੀ ਤੱਕ ਪਹੁੰਚ ਕੀਤੀ ਸੀ ਪਰ ਪਟਵਾਰੀ ਨੇ ਜਾਇਜ਼ ਕੰਮ ਲਈ ਉਸ ਤੋਂ 30 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗੇ ਅਤੇ ਅੱਜ ਉਸ ਰਕਮ ਵਿਚੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪਟਵਾਰੀ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਉਹਨਾਂ ਦੱਸਿਆ ਕਿ ਇਕ ਵੱਖਰੇ ਕੇਸ ਵਿਚ ਜਲੰਧਰ ਪੱਛਮੀ ਦੇ ਏ ਸੀ ਪੀ ਦੇ ਰੀਡਰ ਏ ਐੱਸ ਆਈ ਰਾਜੇਸ਼ ਕੁਮਾਰ ਨੂੰ ਵੀ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕੀਤਾ ਗਿਆ । ਬੁਲਾਰੇ ਨੇ ਦੱਸਿਆ ਕਿ ਜਲੰਧਰ ਦੇ ਟਰੈਵਲ ਏਜੰਟ ਰਾਹੁਲ ਵਧਵਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਏ ਐੱਸ ਆਈ ਰਾਜੇਸ਼ ਕੁਮਾਰ ਪੁਲਿਸ ਵੈਰੀਫਿਕੇਸ਼ਨ ਦੇ ਸਬੰਧ ਵਿਚ ਉਸ ਤੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ । ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਸਹੀ ਪਾਏ ਜਾਣ ’ਤੇ ਅੱਜ ਏ ਐੱਸ ਆਈ ਰਾਜੇਸ਼ ਕੁਮਾਰ ਨੂੰ ਸ਼ਿਕਾਇਤਕਰਤਾ ਤੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਗਿ੍ਰਫਤਾਰ ਕਰ ਲਿਆ ਗਿਆ ।
ਇਸੇ ਤਰਾਂ ਦੇ ਇਕ ਹੋਰ ਕੇਸ ਬਾਰੇ ਜ਼ਿਕਰ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ‘ਚ ਧੋੜਾ ਚੌਂਕੀ ਵਿਖੇ ਤੈਨਾਤ ਏ ਐੱਸ ਆਈ ਮਾਹਲ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਗਿ੍ਰਫਤਾਰ ਕੀਤਾ ਗਿਆ । ਉਹਨਾਂ ਦੱਸਿਆ ਕਿ ਬਲਦੇਵ ਸਿੰਘ ਮਹੰਤ ਅੱਡਾ ਨੂਰਦੀ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਏ ਐੱਸ ਆਈ ਮਾਹਲ ਸਿੰਘ ਉਸ ਦੀ ਡੇਰੇ ਵਿਚ ਵਾਪਸੀ ਕਰਵਾਉਣ ਅਤੇ ਰਿਸ਼ਤੇਦਾਰਾਂ ਨਾਲ ਸਮਝੌਤਾ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮਹੰਤ ਨੂੰ ਡੇਰੇ ਵਿਚੋਂ ਕੱਢ ਦਿੱਤਾ ਗਿਆ ਸੀ ।
ਵਿਜੀਲੈਂਸ ਵਿਭਾਗ ਦੇ ਡੀ. ਐਸ. ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਬਲਦੇਵ ਸਿੰਘ ਮਹੰਤ ਪੁੱਤਰ ਚੇਲਾ ਮਹੰਤ ਗੁਰਨਾਮ ਸਿੰਘ ਵਾਸੀ ਡੇਰਾ ਟੱਕਰਾਂ ਦਾ ਅੱਡਾ ਨੂਰਦੀ, ਤਰਨ ਤਾਰਨ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਉਸ ਦਾ ਯਾਦਵਿੰਦਰ ਸਿੰਘ ਅਤੇ ਸੁਰਜੀਤ ਕੌਰ ਨਾਲ ਝਗੜਾ ਹੋ ਗਿਆ ਸੀ ਅਤੇ ਉਹ ਜ਼ਖਮੀ ਹੋ ਗਿਆ ਸੀ। ਇਸ ਝਗੜੇ ਦੌਰਾਨ ਮਾਰ ਕੁੱਟ ਦਾ ਸ਼ਿਕਾਰ ਹੋਣ ਉਪਰੰਤ ਉਹ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਵੀ ਰਿਹਾ। ਜਿਸ ਸਬੰਧੀ ਡਾਕਟਰ ਵੱਲੋਂ ਸੱਟਾਂ ਲੱਗੀਆਂ ਸਬੰਧੀ ਐਮ.ਐਲ.ਆਰ 19 ਨਵੰਬਰ 2019 ਨੂੰ ਕੱਟੀ ਗਈ ਸੀ। ਮਹੰਤ ਬਲਦੇਵ ਨੇ ਦੱਸਿਆ ਕਿ ਐਮ.ਐਲ.ਆਰ ਲੈ ਕੇ ਉਹ ਚੌਕੀ ਟਾਊਨ ਜੋ ਥਾਣਾ ਸਿਟੀ ਤਰਨ ਤਾਰਨ ਅਧੀਨ ਆਉਂਦੀ ਹੈ, ਵਿਖੇ ਚੱਕਰ ਕੱਟਦਾ ਰਿਹਾ ਪਰ ਉਸ ਦੀ ਕੋਈ ਸੁਣਵਾਈ ਨਹੀ ਹੋਈ। ਜਿਸ ਤੋਂ ਬਾਅਦ ਚੌਕੀ ਇੰਚਾਰਜ ਮਹਿਲ ਸਿੰਘ ਇਸ ਸਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉ ਸਬੰਧੀ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਲੱਗ ਪਿਆ। ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਡੀ. ਐਸ. ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਅੱਜ ਚੌਂਕੀ ਟਾਉਨ (ਧੌੜਾ ਚੌਂਕੀ) ਦੇ ਇੰਚਾਰਜ ਏ. ਐਸ. ਆਈ ਮਹਿਲ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕਰ ਲਿਆ ਗਿਆ ।ਤਰਨ ਤਾਰਨ ਯੁਨਿਟ ਡੀ. ਐੱਸ. ਪੀ ਵਿਜੀਲੈਂਸ ਕੁਲਦੀਪ ਸਿੰਘ ਨੇ ਦੱਸਿਆ ਕਿ ਐਸ. ਐਸ. ਪੀ ਵਿਜੀਲੈਂਸ ਅੰਮ੍ਰਿਤਸਰ ਦੇ ਹੁਕਮਾਂ ਤਹਿਤ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।