ਲੁਟੇਰੇ ਪਿਸਤੌਲ ਦੀ ਨੋਕ ’ਤੇ ਬੈਂਕ ‘ਚੋਂ 5 ਲੱਖ ਰੁਪਏ ਲੁੱਟ ਕੇ ਹੋਏ ਫਰਾਰ,ਸੀ ਸੀ ਟੀ ਵੀ ਦੀ ਡੀ ਵੀ ਆਰ ਵੀ ਨਾਲ ਲੈ ਜਾਣ ‘ਚ ਸਫਲ
ਜੰਡਿਆਲਾ ਗੁਰੂ,18 ਜਨਵਰੀ (ਰਾਮਸ਼ਰਨਜੀਤ ਸਿੰਘ): ਬੀਤੇ ਕੱਲ ਤਰਨਤਾਰਨ ਦੇ ਪਿੰਡ ਠੱਠੀਆਂ ‘ਚ ਐਕਸਿਸ ਬੈਂਕ ਦੀ ਬਰਾਂਚ ਵਿਚੋਂ ਲੁਟੇਰਿਆਂ ਵੱਲੋਂ ਦਿਨ ਦਿਹਾੜੇ 6 ਲੱਖ ਰੁਪਏ ਲੁੱਟਣ ਵਾਲੀ ਖਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਅੱਜ ਦੁਪਹਿਰ ਸਮੇਂ 1 ਵਜੇ ਦੇ ਕਰੀਬ ਜੰਡਿਆਲਾ ਤਰਨਤਾਰਨ ਰੋਡ ’ਤੇ ਸਥਿਤ ਪਿੰਡ ਵੰਡਾਲਾ ‘ਚ ਸਥਿਤ ਬੈਂਕ ਚੋਂ 4 ਲੁਟੇਰਿਆਂ ਨੇ 5 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦੇ ਦਿੱਤਾ। ਇਹ ਲੁੱਟ ਐੱਚ ਡੀ ਐੱਫ ਸੀ ਦੀ ਬਰਾਂਚ ‘ਚ ਹੋਈ ਅਤੇ ਲੁੱਟ ਸਮੇਂ ਬੈਂਕ ‘ਚ 5 ਕਰਮਚਾਰੀ ਮੌਜੂਦ ਸਨ ਪਰ 4 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਜਾਂਦੇ ਸਮੇਂ ਉਹ ਬੈਂਕ ਸ਼ਾਖਾ ਦੇ ਮੈਨੇਜਰ ਦੀ ਜੇਬ੍ਹ ਵਿਚੋਂ ਵੀ ਪੰਜ ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਲੈ ਗਏ। ਬੈਂਕ ਦੇ ਕੈਸ਼ੀਅਰ ਅਨੁਜ ਨੇ ਦੱਸਿਆ ਕਿ 5 ਲੱਖ ਰੁਪਏ ਦੀ ਰਾਸ਼ੀ ਟਰੰਕ ਵਿਚ ਪਈ ਸੀ ਅਤੇ ਲੁੱਟ ਨੂੰ ਅੰਜਾਮ ਦੇਣ ਵਾਲੇ 4 ਲੁਟੇਰਿਆਂ ਦੇ ਮੂੰਹ ਢਕੇ ਹੋਏ ਸਨ ਤੇ ਉਹਨਾਂ ਕੋਲ ਪਿਸਤੌਲ ਸਨ । ਉਸ ਨੇ ਦੱਸਿਆ ਕਿ ਲੁੱਟ ਖੋਹ ਸਮੇਂ ਬੈਂਕ ਵਿਚ ਇਕ ਗ੍ਰਾਹਕ ਵੀ ਮੌਜੂਦ ਸੀ । ਉਸ ਨੇ ਦੱਸਿਆ ਕਿ ਇਸ ਸਾਰੀ ਘਟਨਾ ਨੂੰ ਇਸ ਗਿਰੋਹ ਨੇ 20 ਮਿੰਟ ਦਾ ਸਮਾਂ ਲਗਾਇਆ । ਇਸ ਲੁੱਟ ਤੋਂ ਬਾਅਦ ਬੈਂਕ ਦੇ ਸਾਰੇ ਕਰਮਚਾਰੀ ਸਹਿਮ ਗਏ ਅਤੇ ਲੁਟੇਰੇ ਜਾਂਦੇ ਸਮੇਂ ਬੈਂਕ ਦਾ ਡੀ ਵੀ ਆਰ ਵੀ ਆਪਣੇ ਨਾਲ ਲੈ ਗਏ । ਜ਼ਿਕਰਯੋਗ ਹੈ ਕਿ ਇਸ ਬਰਾਂਚ ‘ਚ ਤੈਨਾਤ ਸੁਰੱਖਿਆ ਗਾਰਡ ਕੋਲ ਕੋਈ ਹਥਿਆਰ ਵੀ ਨਹੀਂ ਸੀ ਅਤੇ ਉਹ ਖਾਲੀ ਹੱਥ ਹੀ ਬੈਂਕ ਦੇ ਦਰਵਾਜ਼ੇ ’ਤੇ ਰਾਖੀ ਲਈ ਬੈਠਦਾ ਸੀ ਜਿਸ ਕਾਰਨ ਲੁਟੇਰਿਆਂ ਨੂੰ ਅੰਦਰ ਜਾਣ ਅਤੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਭੱਜਣ ਵਿਚ ਵੀ ਕੋਈ ਪਰੇਸ਼ਾਨੀ ਨਹੀਂ ਆਈ। ਇਹ ਵੀ ਦੱਸਣਯੋਗ ਹੈ ਕਿ ਬੈਂਕ ਦਾ ਕੋਈ ਸਟਰਾਂਗ ਰੂਮ ਨਹੀਂ ਹੈ ਜਿਥੇ ਕੈਸ਼ ਸੁਰੱਖਿਅਤ ਰੱਖਿਆ ਜਾ ਸਕੇ। ਪੈਸੇ ਰੱਖਣ ਲਈ ਬੈਂਕ ਨੇ ਬਾਬੇ ਆਦਮ ਵੇਲੇ ਦਾ ਟਰੰਕ ਰੱਖਿਆ ਹੋਇਆ ਹੈ। ਡੀ ਐੱਸ ਪੀ ਗੁਰਿੰਦਬੀਰ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਤਲਾਸ਼ ਜਾਰੀ ਹੈ । ਉਹਨਾਂ ਦੱਸਿਆ ਕਿ ਬੇਸ਼ੱਕ ਆਰੋਪੀ ਬੈਂਕ ਦੇ ਡੀ ਵੀ ਆਰ ਨਾਲ ਲੈ ਗਏ ਹਨ ਪਰ ਪੁਲਿਸ ਵੱਲੋਂ ਪਿੰਡ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਆਰੋਪੀਆਂ ਨੂੰ ਗਿ੍ਰਫਤਾਰ ਕੀਤਾ ਜਾ ਸਕੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ