‘ਮਾਈ ਮੋਗਾ ਵੈਲਫੇਅਰ ਸੋਸਾਇਟੀ ’ ਦੇ ਲੋਹੜੀ ਸਮਾਗਮ ਦੌਰਾਨ ਬੱਚੀਆਂ ਨੂੰ ‘ਸੁਕੰਨਿਆ ਸਮਰਿਧੀ ਯੋਜਨਾ ’ਦੀਆਂ ਪਾਲਸੀਆਂ ਵੰਡਦਿਆਂ ਡਾ: ਹਰਜੋਤ ਨੇ ਆਖਿਆ ‘‘ਮੁੰਡਿਆਂ ਅਤੇ ਕੁੜੀਆਂ ਦੀ ਸਾਂਝੀ ਲੋਹੜੀ ਮਨਾਉਣ ਨਾਲ ਸਮਾਜ ਵਿਚ ਜਾਵੇਗਾ ਬਰਾਬਰਤਾ ਦਾ ਸੁਨੇਹਾ’’
ਮੋਗਾ,13 ਜਨਵਰੀ (ਜਸ਼ਨ): ਅੱਜ ਮੋਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਲੋੜਾਂ ਵਾਲੇ ਸਕੂਲ ਦੇ ਦਿਵਿਆਂਗ ਬੱਚਿਆਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਡਾ: ਰਜਿੰਦਰ ਕੌਰ ਦੀ ਅਗਵਾਈ ਵਿਚ ‘ਮਾਈ ਮੋਗਾ ਵੈਲਫੇਅਰ ਸੋਸਾਇਟੀ ’ ਵੱਲੋਂ ਆਯੋਜਿਤ ਇਸ ਸਮਾਗਮ ਦੌਰਾਨ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਵਿਦਿਆਰਥਣਾਂ ਲਈ ‘ਸੁਕੰਨਿਆ ਸਮਰਿਧੀ ਯੋਜਨਾ ’ਅਧੀਨ ਜਮ੍ਹਾ ਕਰਵਾਏ ਪੈਸਿਆਂ ਦੀਆਂ ਬੈਂਕ ਕਾਪੀਆਂ ਬੱਚੀਆਂ ਦੀਆਂ ਮਾਵਾਂ ਨੂੰ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਲੜਕਿਆਂ ਦੇ ਮਾਪਿਆਂ ਲਈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ’ ਦੀਆਂ ਪਾਲਸੀਆਂ ਵੀ ਵੰਡੀਆਂ ਗਈਆਂ। ਵਿਧਾਇਕ ਡਾ: ਹਰਜੋਤ ਕਮਲ ਸਿੰਘ ਵੱਲੋਂ ਵਿਦਿਆਰਥਣਾਂ ਨੂੰ ‘ਸੁਕੰਨਿਆ ਸਮਰਿਧੀ ਯੋਜਨਾ ’ ਅਤੇ ਲੜਕਿਆਂ ਦੇ ਮਾਪਿਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ’ ਦੀਆਂ ਕਾਪੀਆਂ ਸੌਂਪਣ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨ ਸੁਖਪਾਲ ਕੌਰ,ਮਨਪ੍ਰੀਤ ਸਿੰਘ ,ਧਰੁਵ ਕਾਂਸਲ ,ਜਤਿੰਦਰ ਬਰਾੜ ਕੈਨੇਡਾ, ਜਗਦੀਪ ਸਿੰਘ ਕੈਨੇਡਾ,ਐੱਨ ਆਰ ਆਈ ਅੰਗਰੇਜ਼ ਸਿੰਘ ਸੰਧੂ ਮਹੇਸ਼ਰੀ ਨੇ ਵੀ ਇਸ ਨੇਕ ਕਾਰਜ ਲਈ ਪੂਰਨ ਸਹਿਯੋਗ ਦੀ ਪੇਸ਼ਕਸ਼ ਕੀਤੀ।
ਇਸ ਮੌਕੇ ਉਹਨਾਂ ਨਾਲ ਡਾ: ਪਰਮਿੰਦਰ ਕੌਰ ਜੌਹਲ,ਡਾ: ਹਰਪ੍ਰੀਤ ਕੌਰ ਮੱਲ੍ਹੀ, ਅਨੂੰ ਗੁਲਾਟੀ ,ਮੀਨਾ ਸ਼ਰਮਾ,ਜਸਪ੍ਰੀਤ ਕੌਰ,ਸਾਹਿਲ ਅਰੋੜਾ,ਸਿਲਕੀ ਕੋਹਲੀ,ਦਰਸ਼ਨ ਸਿੰਘ,ਡਾ: ਗੁਰਕੀਰਤ ਗਿੱਲ ਆਦਿ ਹਾਜ਼ਰ ਸਨ। ਵਿਧਾਇਕ ਡਾ: ਕਮਲ ਨੇ ‘ਮਾਈ ਮੋਗਾ ਵੈਲਫੇਅਰ ਸੋਸਾਇਟੀ ’ ਦੀ ਪ੍ਰਧਾਨ ਡਾ: ਰਜਿੰਦਰ ਕੌਰ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਅਖਿਆ ਕਿ ਉਹਨਾਂ ਵੱਲੋਂ ਮੁੰਡਿਆਂ ਅਤੇ ਕੁੜੀਆਂ ਦੀ ਸਾਂਝੀ ਲੋਹੜੀ ਮਨਾਉਣ ਨਾਲ ਸਮਾਜ ਵਿਚ ਬਰਾਬਰਤਾ ਦਾ ਸੁਨੇਹਾ ਜਾਵੇਗਾ । ਉਹਨਾਂ ਆਖਿਆ ਕਿ ‘ਸੁਕੰਨਿਆ ਸਮਰਿਧੀ ਯੋਜਨਾ ’ ਵਿਚ 14 ਸਾਲ ਦੀ ਉਮਰ ਤੱਕ ਜਮ੍ਹਾ ਹੋਏ ਪੈਸਿਆਂ ਵਿਚੋਂ ਇਹ ਲੜਕੀਆਂ 18 ਸਾਲ ਦੀ ਉਮਰ ਹੋਣ ’ਤੇ ਅੱਧੇ ਪੈਸੇ ਆਪਣੀ ਉੱਚ ਸਿੱਖਿਆ ’ਤੇ ਖਰਚ ਕਰ ਸਕਣਗੀਆਂ ਜਦਕਿ ਇਹਨਾਂ ਬੱਚੀਆਂ ਦੀ 21 ਸਾਲ ਉਮਰ ਹੋਣ ’ਤੇ ਇਹਨਾਂ ਦੇ ਮਾਪੇ ਧੀਆਂ ਦੇ ਵਿਆਹ ’ਤੇ ਪੂਰੀ ਰਾਸ਼ੀ ਖਰਚ ਸਕਣਗੇ। ਵਿਧਾਇਕ ਕਮਲ ਨੇ ਆਖਿਆ ਕਿ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਮਕਸਦ ਵੀ ਇਹੀ ਹੈ ਕਿ ਬੱਚੀਆਂ ਨਿਸ਼ਚਿੰਤ ਹੋ ਕੇ ਪੜ੍ਹ ਵੀ ਸਕਣ ਅਤੇ ਉਹਨਾਂ ਦੇ ਵਿਆਹਾਂ ਦਾ ਬੋਝ ਵੀ ਮਾਪਿਆਂ ’ਤੇ ਨਾ ਰਹੇ। ਇਸ ਮੌਕੇ ਉਹਨਾਂ ਰਵਾਇਤੀ ਤੌਰ ’ਤੇ ਲੋਹੜੀ ਬਾਲ ਕੇ ਦਿਵਿਆਂਗ ਬੱਚਿਆਂ ਨਾਲ ਸੱਭਿਆਚਾਰਕ ਤਿਓਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਇਸ ਮੌਕੇ ਸਮਾਜ ਸੇਵੀ ਡਾ: ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮੂੰਗਫ਼ਲੀ ਰਿਓੜੀਆਂ ਵੰਡਣ ਮੌਕੇ ਆਖਿਆ ਕਿ ਸਕੂਲ ਦੇ ਸਾਰੇ ਬੱਚਿਆਂ ਨੂੰ ਇਹਨਾਂ ਦੋਹਾਂ ਯੋਜਨਾਵਾਂ ਦੇ ਘੇਰੇ ਵਿਚ ਲਿਆਂਦਾ ਗਿਆ ਹੈ । ਇਸ ਮੌਕੇ ਦਿਵਿਆਂਗ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਸਮਾਗਮ ਵਿਚ ਦਿਵਿਆਂਗ ਬੱਚਿਆਂ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ । ਅੱਜ ਮੋਗਾ ਵਿਚ ਭਾਰੀ ਮੀਂਹ ਹੋਣ ਦੇ ਬਾਵਜੂਦ ਲੋਹੜੀ ਦੇ ਇਸ ਸਮਾਗਮ ਲਈ ਅਧਿਆਪਕਾਂ ਅਤੇ ਬੱਚਿਆਂ ਦੇ ਉਤਸ਼ਾਹ ਵਿਚ ਕਮੀਂ ਨਹੀਂ ਆਈ ਸਗੋਂ ਉਹਨਾਂ ‘ਸੁੰਦਰ ਮੁੰਦਰੀਏ ਅਤੇ ਹੋਰ ਸੱਭਿਆਚਾਰਕ ਗੀਤਾਂ ਨਾਲ ਆਏ ਮਹਿਮਾਨਾਂ ਨਾਲ ਵਿਰਾਸਤੀ ਤਿਓਹਾਰ ਨੂੰ ਮਨਾਇਆ। ਇਸ ਤੋਂ ਪਹਿਲਾਂ ਸਮਾਗਮ ਵਿਚ ਪਹੁੰਚਣ ’ਤੇ ਡਾ: ਹਰਜੋਤ ਕਮਲ ਦਾ ਸਵਾਗਤ ਪਿ੍ਰੰ: ਰਾਜੇਸ਼ ਕੁਮਾਰ ਗਰਗ,ਸਕੂਲ ਮੁਖੀ ਗੋਮਤੀ ਬਾਲਾ,ਸ.ਤੇਜਵੰਤ ਸਿੰਘ,ਧੀਰਜ ਸ਼ਰਮਾ ਅਤੇ ਸਮੁੱਚੇ ਸਟਾਫ਼ ਨੇ ਕੀਤਾ। ‘ਮਾਈ ਮੋਗਾ ਵੈਲਫੇਅਰ ਸੋਸਾਇਟੀ ’ ਦੀ ਪ੍ਰਧਾਨ ਡਾ: ਰਜਿੰਦਰ ਕੌਰ ਨੇ ਅਧਿਆਪਕਾਂ ਵੱਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।