ਰਿਸ਼ਵਤ ਲੈਂਦਾ ਰੀਡਰ ਗਿ੍ਰਫਤਾਰ , 60 ਹਜ਼ਾਰ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ 15 ਹਜ਼ਾਰ ਲੈਣ ਸਮੇਂ ਮੌਕੇ ’ਤੇ ਆਇਆ ਕਾਬੂ
ਤਰਨਤਾਰਨ , 1 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਅੱਜ ਚੜ੍ਹਦੇ ਸਾਲ ਵਿਜੀਲੈਂਸ ਬਿਓਰੋ ਨੇ ਰਿਸ਼ਵਤਖੋਰੀ ਖਿਲਾਫ਼ ਕਾਰਵਾਈ ਕਰਦਿਆਂ ਐੱਸ ਡੀ ਐੱਮ ਦਫਤਰ ਤਰਨਤਾਰਨ ‘ਚ ਤਾਇਨਾਤ ਰੀਡਰ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ। ਤਰਨਤਾਰਨ ਦੇ ਐੱਸ ਡੀ ਐੱਮ ਦਫ਼ਤਰ ਵਿਚ ਤੈਨਾਤ ਰੀਡਰ ਜਗਨਨਾਥ ਨੇ ਦਰਅਸਲ ਵੀਰੋ ਨਾਮ ਦੀ ਔਰਤ ਤੋਂ ਜ਼ਮੀਨ ਦੇ ਕਿਸੇ ਮਾਮਲੇ ਵਿਚ ਮੁਆਵਜ਼ਾ ਦਿਵਾਉਣ ਲਈ 60 ਹਜ਼ਾਰ ਰੁਪਏ ਰਿਸ਼ਵਤ ਵਜੋਂ ਦੇਣ ਦੀ ਮੰਗ ਕੀਤੀ ਸੀ ਪਰ ਵੀਰੋ ਨੇ ਆਪਣੀ ਗਰੀਬੀ ਦਾ ਵਾਸਤਾ ਪਾਉਂਦਿਆਂ ਅਸਮਰਥੱਤਾ ਜ਼ਾਹਰ ਕੀਤੀ ਪਰ ਰੀਡਰ ਨੇ ਉਸ ਨੂੰ ਚਾਰ ਕਿਸ਼ਤਾਂ ਵਿਚ ਇਹ ਰਕਮ ਅਦਾ ਕਰਨ ਲਈ ਕਿਹਾ ਅਤੇ ਅੱਜ ਵੀਰੋ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ 15 ਹਜ਼ਾਰ ਰੁਪਏ ਦੇਣੀ ਸੀ ਪਰ ਰੀਡਰ ਇਹ 15 ਹਜ਼ਾਰ ਰੁਪਏ ਲੈਂਦਿਆਂ ਵਿਜੀਲੈਂਸ ਦੇ ਕਾਬੂ ਆ ਗਿਆ। ਐੱਸ ਐੱਸ ਪੀ ਵਿਜੀਲੈਂਸ ਪਰਮਪਾਲ ਸਿੰਘ ਨੇ ਦੱਸਿਆ ਕਿ ਰੀਡਰ ਜਗਨਨਾਥ ਖਿਲਾਫ਼ ਥਾਣਾ ਵਿਜੀਲੈਂਸ ਬਿਓਰੋ ਅਮਿ੍ਰਤਸਰ ਵਿਖੇ ਰਿਸ਼ਵਤ ਰੋਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।