ਮਾਸਟਰ ਭਾਗ ਰਾਮ ਨੇ ਮਰਨ ਉਪਰੰਤ ਸਰੀਰ ਦਾਨ ਕਰਕੇ ਆਪਣੀ ਅੰਤਿਮ ਇੱਛਾ ਪੂਰੀ ਕੀਤੀ,ਪਰਿਵਾਰਕ ਮੈਂਬਰਾਂ ਨੇ ਮੈਡੀਕਲ ਖੋਜਾਂ ਲਈ ਦੇਹ ਮੈਡੀਕਲ ਕਾਲਜ਼ ਫਰੀਦਕੋਟ ਨੂੰ ਸੌਂਪੀ
ਮੋਗਾ,30 ਦਸੰਬਰ (ਜਸ਼ਨ) : ਮੁਲਾਜ਼ਮ ਘੋਲਾਂ ਵਿੱਚ ਆਗੂ ਰੋਲ ਅਦਾ ਕਰਨ ਵਾਲੇ ਅਤੇ ਆਪਣੀ ਇਨਕਲਾਬੀ ਸੋਚ ਦੇ ਧਾਰਨੀ 90 ਸਾਲਾ ਮਾਸਟਰ ਭਾਗ ਰਾਮ ਨੇ ਆਪਣੇ ਜਿਉਂਦੇ ਜੀਅ ਆਪਣੀ ਦੇਹ ਦੀ ਰਜਿਸਟਰੀ ਮੈਡੀਕਲ ਖੋਜਾਂ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਦੇ ਨਾਮ ਕਰਕੇ ਆਪਣੀ ਅੰਤਿਮ ਇੱਛਾ ਪੂਰੀ ਕੀਤੀ । ਅਗਾਂਹਵਧੂ ਪੱਤਰਕਾਰ ਗੁਰਜੰਟ ਸਿੰਘ ਨੇ ਮਈ 2017 ਵਿੱਚ ਆਪਣੇ ਸਹੁਰਾ ਸਾਹਿਬ ਮਾ. ਭਾਗ ਰਾਮ ਦੀ ਇਸ ਅੰਤਿਮ ਇੱਛਾ ਬਾਰੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਨਾਲ ਗੱਲਬਾਤ ਕੀਤੀ, ਜਿਨ੍ਹਾਂ ਮੈਡੀਕਲ ਕਾਲਜ਼ ਫਰੀਦਕੋਟ ਦੇ ਅਨਾਟਮੀ ਵਿਭਾਗ ਦੀ ਮੁਖੀ ਡਾ. ਮੀਨਾਕਸ਼ੀ ਨਾਲ ਗੱਲਬਾਤ ਕਰਕੇ ਉਥੋਂ ਜਰੂਰੀ ਫਾਰਮ ਲਿਆ ਕੇ ਤਹਿਸੀਲਦਾਰ ਮੋਗਾ ਦੇ ਦਫਤਰ ਵਿੱਚ ਦੋ ਗਵਾਹਾਂ ਦੀ ਹਾਜਰੀ ਵਿੱਚ ਉਹਨਾਂ ਦੀ ਦੇਹ ਦੀ ਰਜਿਸਟਰੀ ਮੈਡੀਕਲ ਕਾਲਜ਼ ਫਰੀਦਕੋਟ ਦੇ ਅਨਾਟਮੀ ਵਿਭਾਗ ਦੇ ਨਾਮ ਕਰਵਾ ਦਿੱਤੀ । ਜਿਕਰਯੋਗ ਹੈ ਕਿ ਮਾ. ਭਾਗ ਰਾਮ ਉਹਨਾਂ ਦਿਨਾਂ ਵਿੱਚ ਬਿਮਾਰੀ ਕਾਰਨ ਮੰਜੇ ਤੇ ਪਏ ਸਨ ਤੇ ਚਲ ਫਿਰ ਨਹੀਂ ਸਕਦੇ ਸਨ ਪਰ ਆਪਣੀ ਅੰਤਿਮ ਇੱਛਾ ਪੂਰੀ ਕਰਨ ਲਈ ਕਠਿਨ ਹਾਲਾਤਾਂ ਵਿੱਚ ਵੀ ਉਹਨਾਂ ਤਹਿਸੀਲਦਾਰ ਦਫਤਰ ਪਹੁੰਚ ਕੇ ਆਪਣੀ ਦਿ੍ੜ ਇੱਛਾ ਸ਼ਕਤੀ ਦਾ ਪ੍ਗਟਾਵਾ ਕੀਤਾ ਅਤੇ ਆਪਣੇ ਗਵਾਹਾਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਅਤੇ ਪੱਤਰਕਾਰ ਗੁਰਜੰਟ ਸਿੰਘ ਨੂੰ ਵਾਰ ਵਾਰ ਤਾਕੀਦ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਉਹਨਾਂ ਦੀ ਅੰਤਿਮ ਇੱਛਾ ਪੂਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਉਹ ਤੰਦਰੁਸਤ ਹੋ ਗਏ ਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੇ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਟਾਈਮ ਪਾਸ ਕਰਦੇ ਰਹਿੰਦੇ ਸਨ। ਚਾਰ ਦਿਨ ਪਹਿਲਾਂ ਮਾ. ਭਾਗ ਰਾਮ ਦੀ ਤਬੀਅਤ ਜ਼ਿਆਦਾ ਵਿਗੜ ਜਾਣ ਕਾਰਨ ਉਹਨਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਮੋਗਾ ਅਤੇ ਸ਼ਾਮ ਨਰਸਿੰਗ ਹੋਮ ਮੋਗਾ ਵਿੱਚ ਦਾਖਲ ਕਰਵਾਉਣਾ ਪਿਆ, ਜਿੱਥੇ ਉਹਨਾਂ ਨੇ ਅੰਤਿਮ ਸਾਹ ਲਿਆ । ਮੌਤ ਉਪਰੰਤ ਗੁਰਜੰਟ ਸਿੰਘ ਨੇ ਮਹਿੰਦਰ ਪਾਲ ਲੂੰਬਾ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਮੈਡੀਕਲ ਕਾਲਜ਼ ਫਰੀਦਕੋਟ ਦੇ ਅਨਾਟਮੀ ਵਿਭਾਗ ਨਾਲ ਗੱਲ ਕਰਕੇ ਅਗਲੀ ਕਾਰਵਾਈ ਪੂਰੀ ਕਰਵਾਈ । ਪੱਤਰਕਾਰ ਗੁਰਜੰਟ ਸਿੰਘ, ਮੁਲਾਜ਼ਮ ਆਗੂ ਜਸਕਰਨ ਸਿੰਘ ਸੰਧੂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਦੇਹ ਨੂੰ ਲੈ ਕੇ ਮੈਡੀਕਲ ਕਾਲਜ ਲਈ ਰਵਾਨਾ ਹੋਏ ਅਤੇ ਉਹਨਾਂ ਦੀ ਦੇਹ ਮੈਡੀਕਲ ਕਾਲਜ਼ ਫਰੀਦਕੋਟ ਦੇ ਅਨਾਟਮੀ ਵਿਭਾਗ ਨੂੰ ਸੌਂਪ ਆਏ। ਇਸ ਮੌਕੇ ਪੱਤਰਕਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਮਾ. ਭਾਗ ਰਾਮ ਦਾ ਜਨਮ ਪਿਤਾ ਨਿੱਕਾ ਰਾਮ ਅਤੇ ਮਾਤਾ ਵਿਦਿਆਵਤੀ ਦੇ ਪਿੰਡ ਲੰਗੇਆਣਾ ਸਥਿਤ ਘਰ ਵਿੱਚ 1928 ਵਿੱਚ ਹੋਇਆ ਸੀ ਤੇ ਜੇ ਬੀ ਟੀ ਕਰਨ ਉਪਰੰਤ 1954 ਵਿੱਚ ਉਹਨਾਂ ਬਤੌਰ ਜੇ ਬੀ ਟੀ ਟੀਚਰ ਆਪਣੇ ਪਿੰਡ ਲੰਗੇਆਣਾ ਤੋਂ ਹੀ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ । 1972 ਵਿੱਚ ਨੌਕਰੀ ਤੋਂ ਛੱਡ ਕੇ ਆਪਣਾ ਬਿਜਨਸ ਕਰਨ ਲਈ ਦਿੱਲੀ ਚਲੇ ਗਏ ਅਤੇ 2002 ਵਿੱਚ ਮੋਗੇ ਆ ਕੇ ਆਪਣੀ ਲੜਕੀ ਕਮਲਜੀਤ ਕੌਰ ਕੋਲ ਰਹਿਣ ਲੱਗ ਗਏ। ਉਹਨਾਂ ਦੱਸਿਆ ਕਿ ਬੇਟੀ ਕਮਲਜੀਤ ਕੌਰ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਅਤੇ ਉਹਨਾਂ ਦੀ ਅੰਤਿਮ ਇੱਛਾ ਪੂਰੀ ਕਰਨ ਵਿੱਚ ਵੀ ਮਹੱਤਵਪੂਰਨ ਰੋਲ ਨਿਭਾਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨਗਰ ਮੋਗਾ ਦੇ ਸਮੂਹ ਵਾਸੀਆਂ, ਸਮਾਜ ਸੇਵੀ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਮਾ. ਭਾਗ ਰਾਮ ਨੂੰ ਅੰਤਿਮ ਵਿਦਾਇਗੀ ਦਿੱਤੀ ।