ਨਾਬਾਲਗ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਦੋਸ਼ੀ ਏ.ਐਸ.ਆਈ. ਪੰਜਾਬ ਪੁਲੀਸ ਵੱਲੋਂ ਬਰਖ਼ਾਸਤ
ਚੰਡੀਗੜ•, 30 ਦਸੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਪੁਲੀਸ ਵੱਲੋਂ ਸ਼ਨੀਵਾਰ ਬਾਅਦ ਦੁਪਿਹਰ ਬਟਾਲਾ ਦੇ ਮਹਾਂਵੀਰ ਨਗਰ ਵਿੱਚ 10 ਸਾਲਾਂ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਏ.ਐਸ.ਆਈ. ਸੁਰਿੰਦਰ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਪੰਜਾਬ ਪੁਲੀਸ ਦੇ ਇੱਕ ਬੁਲਾਰੇ ਨੇ ਦੱÎਸਿਆ ਕਿ ਪੀੜਤ ਲੜਕੀ ਦੀ ਦਾਦੀ ਵੱਲੋਂ ਆਈ.ਪੀ.ਸੀ. ਦੀ ਧਾਰਾ 376, 354, 509, 511 ਅਤੇ ਪੋਕਸੋ ਐਕਟ ਦੀ ਧਾਰਾ 10 ਤਹਿਤ ਪੁਲੀਸ ਥਾਣਾ ਸਿਵਲ ਲਾਈਨਜ਼, ਬਟਾਲਾ ਵਿਖੇ ਐਫ.ਆਈ.ਆਰ. ਦਰਜ ਕਰਵਾਉਣ ਤੋਂ ਬਾਅਦ ਦੋਸ਼ੀ ਏ.ਐਸ.ਆਈ. ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਭਾਰਤੀ ਸੰਵਿਧਾਨ ਦੀ ਧਾਰਾ 311 (2) (ਬੀ) ਤਹਿਤ ਦੋਸ਼ੀ ਏ.ਐਸ.ਆਈ., ਜੋ ਕਿ ਪੁਲੀਸ ਥਾਣਾ ਸਦਰ, ਬਟਾਲਾ ਵਿਖੇ ਤਾਇਨਾਤ ਸੀ, ਦੀ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਗਏ। ਡੀ.ਜੀ.ਪੀ. ਵੱਲੋਂ ਦੋਸ਼ੀ ਵਿਰੁੱਧ ਜਲਦ ਤੋਂ ਜਲਦ ਚਾਰਜਸ਼ੀਟ ਦਾਖ਼ਲ ਕਰਨ ਲਈ ਬਟਾਲਾ ਪੁਲੀਸ ਨੂੰ ਜਾਂਚ ਵਿੱਚ ਤੇਜ਼ੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਪੀੜਤਾ ਦੇ ਪਰਿਵਾਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਅਨੁਸਾਰ, ਦੁਪਿਹਰ ਦੇ ਕਰੀਬ 1 ਵਜੇ ਲੜਕੀ ਘਰ ਦਾ ਕੁਝ ਸਾਮਾਨ ਖਰੀਦਣ ਲਈ ਮਹਾਂਵੀਰ ਨਗਰ, ਡੇਰਾ ਬਾਬਾ ਨਾਨਕ ਰੋਡ, ਬਟਾਲਾ ਵਿੱਚ ਸਥਿਤ ਆਪਣੇ ਘਰੋਂ ਬਾਹਰ ਗਈ ਸੀ। ਦੋਸ਼ੀ ਏ.ਐਸ.ਆਈ., ਜੋ ਕਿ ਪੀੜਤਾ ਦਾ ਗੁਆਂਢੀ ਹੈ, ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਲੜਕੀ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ ਸ਼ਿਕਾਇਤ ਵਿੱਚ ਪੀੜਤਾ ਦੀ ਦਾਦੀ ਨੇ ਦੱਸਿਆ ਕਿ ਉਨ•ਾਂ ਦੀ ਬੱਚੀ ਦੇ ਘਰ ਤੋਂ ਬਾਹਰ ਚਲੇ ਜਾਣ ਦੇ ਸਿਰਫ਼ 5 ਮਿੰਟ ਦੇ ਅੰਦਰ ਹੀ ਉਸਨੇ ਬੱਚੀ ਦੀਆਂ ਚੀਖ਼ਾਂ ਸੁਣੀਆਂ। ਉਸਨੇ ਦੱਸਿਆ ਕਿ ਜਦੋਂ ਉਹ ਘਰ ਤੋਂ ਬਾਹਰ ਆਈ ਤਾਂ ਉਸਨੇ ਆਪਣੀ ਪੋਤੀ ਨੂੰ ਦੋਸ਼ੀ ਏ.ਐਸ.ਆਈ. ਸੁਰਿੰਦਰ ਕੁਮਾਰ ਦੇ ਘਰ ਰੋਂਦੇ ਹੋਏ ਸੁਣਿਆ। ਉਸਨੇ ਦੋਸ਼ ਲਗਾਇਆ ਕਿ ਜਦੋਂ ਉਹ ਦੋਸ਼ੀ ਏ.ਐਸ.ਆਈ. ਦੇ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਦੋਸ਼ੀ ਨੇ ਉਸਦੀ ਪੋਤੀ ਨੂੰ ਬਾਹਾਂ ਤੋਂ ਫੜਿ•ਆ ਹੋਇਆ ਸੀ ਅਤੇ ਉਸਨੂੰ ਦੇਖਣ ਤੋਂ ਬਾਅਦ ਦੋਸ਼ੀ ਨੇ ਬੱਚੀ ਨੂੰ ਛੱਡ ਦਿੱਤਾ। ਪੀੜਤਾ ਨੇ ਬਾਅਦ ਵਿੱਚ ਆਪਣੀ ਦਾਦੀ ਨੂੰ ਦੱÎਸਿਆ ਕਿ ਦੋਸ਼ੀ ਇਹ ਝੂਠ ਬੋਲ ਕੇ ਉਸਨੂੰ ਆਪਣੇ ਘਰ ਅੰਦਰ ਲੈ ਗਿਆ ਕਿ ਉਸਦੀ (ਏ.ਐਸ.ਆਈ.) ਲੜਕੀ ਉਸਨੂੰ ਬੁਲਾ ਰਹੀ ਹੈ। ਦੋਸ਼ੀ ਏ.ਐਸ.ਆਈ. ਘਟਨਾ ਸਮੇਂ ਆਪਣੇ ਘਰ ਵਿੱਚ ਇਕੱਲਾ ਅਤੇ ਨਸ਼ੇ ਦੀ ਹਾਲਤ ਵਿੱਚ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਐਸ.ਪੀ. ਸਿਟੀ ਬਟਾਲਾ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।