ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਪ੍ਰੈਸ ਕਾਨਫਰੰਸ ਦੌਰਾਨ ਮੋਗਾ ‘ਚ ਫੂਡ ਕੋਰਟ,ਪਾਰਕਿੰਗ ,ਸਕੂਲ ਅਤੇ ਕਮਿਊਨਟੀ ਸੈਂਟਰ ਬਣਾਉਣ ਦਾ ਕੀਤਾ ਐਲਾਨ

ਮੋਗਾ, 26 ਦਸੰਬਰ (ਜਸ਼ਨ): ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਅੱਜ ਵਿਸ਼ੇਸ਼ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਉਹਨਾਂ ਚਾਰ ਮਹੀਨੇ ਪਹਿਲਾਂ ਅਹੁਦਾ ਸੰਭਾਲਣ ਉਪਰੰਤ ਟਰੱਸਟ ਅਤੇ ਸ਼ਹਿਰ ਦੀ ਤਰੱਕੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਮਿੱਤਰ ਅਤੇ ਸਾਥੀ ਵਿਧਾਇਕ ਡਾ. ਹਰਜੋਤ ਕਮਲ ਦੇ ਸੁਪਨਿਆਂ ਦੀ ਤਾਮੀਰ ਲਈ ਮੋਗਾ ਸ਼ਹਿਰ ਨੂੰ ਸੂਬੇ ਦੇ ਉੱਤਮ ਸ਼ਹਿਰਾਂ ‘ਚ ਸ਼ੁਮਾਰ ਕਰਵਾਉਣ ਲਈ ਨਿਰੰਤਰ ਯਤਨ ਕਰ ਰਹੇ ਹਨ । ਉਹਨਾਂ ਆਖਿਆ ਕਿ  ਸ਼ਹਿਰ ਵਾਸੀਆਂ ਨੂੰ ਪਾਰਕਿੰਗ ਦੀ ਸੁਵਿਧਾ ਉਪਲਭਧ ਕਰਵਾਉਣ ਲਈ ਂ ਰਾਜੀਵ ਗਾਂਧੀ ਸ਼ਾਪਿੰਗ ਕੰਪਲੈਕਸ ਵਿੱਚ ਪਾਰਕਿੰਗ ਬਣਾਈ ਗਈ ਹੈ।  ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਸ਼ਾਨਦਾਰ ਕੰਪਲੈਕਸ ਅਤੇ ਦੋ ਮੰਜ਼ਿਲਾ ਪੱਕੀ ਪਾਰਕਿੰਗ ਦੀ ਸੁਵਿਧਾ ਵੀ ਦਿੱਤੀ ਜਾਵੇਗੀ, ਇਸ ਨਾਲ ਜਿਥੇ ਪਬਲਿਕ ਨੂੰ ਸੁਵਿਧਾ ਹੋਈ ਹੈ ਇਸ ਦੇ ਨਾਲ-ਨਾਲ ਟਰੱਸਟ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਚੇਅਰਮੈਨ ਵਿਨੋਦ ਬਾਂਸਲ ਨੇ ਦੱਸਿਆ ਕਿ ਟਰੱਸਟ ਦੀਆਂ ਵੱਖ-ਵੱਖ ਵਿਕਾਸ ਸਕੀਮਾਂ ਸਕੀਮ ਨੰ: 6, ਸਕੀਮ ਨੰ: 6ਐਕਸਟੈਂਸ਼ਨ, ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ, ਰਾਜੀਵ ਗਾਂਧੀ ਸ਼ਾਪਿੰਗ ਕੰਪਲੈਕਸ, ਲਾਲ ਬਹਾਦਰ ਸ਼ਾਸ਼ਤਰੀ ਕੰਪਲੈਕਸ ਵਿੱਚ ਜਿਥੇ ਸਫਾਈ ਦਾ ਬਹੁਤ ਬੁਰਾ ਹਾਲ ਸੀ ਅਤੇ ਪਬਲਿਕ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਫਾਈ ਕਰਵਾਈ ਗਈ ਅਤੇ ਹੁਣ ਵੀ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਨਗਰ ਸੁਧਾਰ ਟਰੱਸਟ, ਮੋਗਾ ਵੱਲੋਂ ਸਾਫ ਸੁਥਰੀਆਂ ਕਲੋਨੀਆਂ ਮੁਹੱਈਆ ਕਰਵਾਈਆ ਗਈਆ ਹਨ ਇਨ੍ਹਾਂ ਕਲੋਨੀਆਂ ਵਿੱਚ ਐਲ.ਈ.ਡੀ ਲਾਈਟਾਂ ਦੀ ਸਹੂਲਤ ਜਲਦੀ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਚੇਅਰਮੈਨ ਸ਼੍ਰੀ ਬਾਂਸਲ ਨੇ ਦੱਸਿਆ ਕਿ ਮੋਗਾ ਸ਼ਹਿਰ ਵਿੱਚ ਹੋਰ ਰਿਹਾਇਸ਼ੀ ਕਲੋਨੀਆਂ ਬਣਾਉਣ ਲਈ ਸ਼ਹਿਰ ਵਿੱਚ ਤਿੰਨ ਚਾਰ ਸਾਇਟਾਂ ਦੇਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਦੋਸਾਂਝ ਰੋਡ, ਜੀਰਾ ਰੋਡ ਅਤੇ ਬੁੱਗੀਪੁਰਾ ਬਾਈਪਾਸ ਤੇ ਜ਼ਮੀਨ ਦੇਖੀ ਗਈ ਹੈ। ਉਹਨਾਂ ਕਿਹਾ ਕਿ ਜਨਤਾ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਟਰੱਸਟ ਪਾਸ ਜੋ ਵੀ ਵੇਚਣ ਯੋਗ ਜਾਇਦਾਦਾਂ ਹਨ ਉਨ੍ਹਾਂ ਦਾ ਵੇਰਵਾ ਲੈਣ ਉਪਰੰਤ ਜਲਦ ਹੀ ਬੋਲੀ ਰੱਖੀ ਜਾ ਰਹੀ ਹੈ ਤਾਂ ਜੋ ਟਰੱਸਟ ਦੀਆਂ ਖਾਲੀ ਪਈਆਂ ਜਾਇਦਾਦਾਂ ਨੂੰ ਕਿਸ਼ਤਾ ਵਿੱਚ ਖਰੀਦ ਸਕਣ ਅਤੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ, ਇਸ ਤੋਂ ਇਲਾਵਾ ਟਰੱਸਟ ਦੀਆਂ ਵੇਚਣਯੋਗ ਜਾਇਦਾਦਾਂ ਸਬੰਧੀ ਜੋ ਕੰਮ ਸਰਕਾਰ ਪਾਸ ਪੈਂਡਿੰਗ ਪਏ ਸੀ ਉਸ ਸਬੰਧੀ ਸਰਕਾਰ ਪਾਸੋਂ ਜਲਦ ਹੀ ਪ੍ਰਵਾਨਗੀ ਮਿਲਣ ਤੇ ਸ਼ਹਿਰ ਵਾਸੀਆਂ ਨੂੰ ਸਸਤੇ ਪਲਾਟ ਮੁਹੱਈਆ ਕਰਵਾਏ ਜਾਣਗੇ। ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਵਿੱਚ ਵੱਖ-ਵੱਖ ਜਗ੍ਹਾਂ ਤੇ ਨਗਰ ਸੁਧਾਰ ਟਰੱਸਟ ਵੱਲੋਂ ਕੰਮ ਕਰਵਾਉਣ ਲਈ ਟੈਂਡਰ ਲਗਾ ਦਿੱਤੇ ਗਏ ਹਨ ਜਿਸ ਵਿੱਚ ਸੜਕਾ ਪਾਰਕਾਂ ਅਤੇ ਹੋਰ ਕੰਮ ਕਰਵਾਏ ਜਾ ਰਹੇ ਹਨ, ਪਾਰਕਾਂ ਵਿੱਚ ਉਪਨ ਜਿੰਮਾ ਦੀ ਸਹੁਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਲਦ ਹੀ ਸ਼ਹਿਰ ਵਾਸੀਆਂ ਨੂੰ ਟਰੱਸਟ ਦੀ ਸਕੀਮ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ ਫੂਡ ਕਾਰਨਰ ਦੀ ਸੁਵਿਧਾ ਉਪਲਭਧ ਕਰਵਾਈ ਜਾ ਰਹੀ ਹੈ। ਸ਼੍ਰੀ ਵਿਨੋਦ ਬਾਂਸਲ ਵੱਲੋਂ ਡਾ: ਹਰਜੋਤ ਕਮਲ, ਐਮ.ਐਲ.ਏ, ਮੋਗਾ ਦਾ ਵੀ ਧੰਨਵਾਦ ਕੀਤਾ ਗਿਆ ਕਿਉਂਕਿ ਉਨ੍ਹਾਂ ਵੱਲੋਂ ਟਰੱਸਟ ਦੇ ਸਰਕਾਰ ਪੱਧਰ ਤੇ ਕੰਮ ਕਰਵਾਉਣ ਵਿੱਚ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ। ਚੇਅਰਮੈਨ ਨੇ ਇਹ ਵੀ ਕਿਹਾ ਕਿ ਐਮ.ਐਲ.ਏ ਵੱਲੋਂ ਮੋਗਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਸ ਵਿੱਚ ਟਰੱਸਟ ਵੀ ਆਪਣਾ ਪੂਰਾ ਯੋਗਦਾਨ ਪਾਉਣ ਲਈ ਕਾਰਵਾਈ ਕਰ ਰਿਹਾ ਹੈ। ਉਹਨਾਂ ਕਿਹਾ ਕਿ ਝੁੱਗੀ ਝੌਪੜੀਆਂ ਵਿਚ ਰਹਿ ਰਹੇ ਲੋਕਾਂ ਲਈ ਸਸਤੇ ਪਲਾਟ ਕੱਟ ਕੇ ਦਿੱਤੇ ਜਾਣਗੇ ਤਾਂ ਕਿ ਉਹ ਆਪਣਾ ਜੀਵਨ ਵਧੀਆ ਤਰੀਕੇ ਨਾਲ ਬਸਰ ਕਰ ਸਕਣ। ਉਹਨਾਂ ਇਹ ਵੀ ਕਿਹਾ ਕਿ ਟਰੱਸਟ ਦੀ ਜ਼ਮੀਨ ’ਤੇ ਦਿਵਿਆਂ ਬੱਚਿਆਂ ਲਈ ਸਕੂਲ ਅਤੇ ਕਮਿਊਨਟੀ ਸੈਂਟਰ ਖੋਲ੍ਹਿਆ ਜਾਵੇਗਾ। ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -