ਸ਼ਰੋਮਣੀ ਅਕਾਲੀ ਦਲ ਮੁੱਦਾਹੀਣ ਰਾਜਨੀਤੀ ਕਰ ਰਿਹੈ: ਚੇਅਰਮੈਨ ਵਿਜੇ ਧੀਰ,ਸੁਮਿੱਤ ਕੁਮਾਰ ਬਿੱਟੂ ਮਲਹੋਤਰਾ
ਧਰਮਕੋਟ,25 ਦਸੰਬਰ (ਜਸ਼ਨ): ‘‘ ਸ਼ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚ 10 ਸਾਲ ਦੇ ਕਾਰਜਕਾਲ ਦੌਰਾਨ ਨਾ ਸਿਰਫ਼ ਨਸ਼ਾ ਤਸਕਰ ਦਨਦਨਾਉਂਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਗਲਤਾਨ ਕਰਦੇ ਰਹੇ ਬਲਕਿ ਅਕਾਲੀ ਦਲ ਨੇ ਸੂਬੇ ਦੇ ਵਿਕਾਸ ਕਾਰਜਾਂ ਵੱਲ ਬਿਨਾ ਧਿਆਨ ਦਿੱਤਿਆਂ ਸਿਰਫ਼ ਤੇ ਸਿਰਫ਼ ਨਿੱਜੀ ਮੁਫ਼ਾਦਾਂ ਦੀ ਰਾਜਨੀਤੀ ਹੀ ਕੀਤੀ ਜਿਸ ਕਰਕੇ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਲੋਕਸਭਾ ਚੋਣਾਂ 2019 ਵਿਚ ਵੀ ਪੰਜਾਬ ਦੀਆਂ 13 ਸੀਟਾਂ ਵਿਚੋਂ ਸਿਰਫ਼ 2 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ਪੂਰੇ ਪੰਜਾਬ ਵਿਚ ਅਕਾਲੀ ਦਲ 2 ਸੀਟਾਂ ’ਤੇ ਸਿਮਟ ਕੇ ਰਹਿ ਗਿਆ ਪਰ ਬਾਦਲਾਂ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਵੇਖ ਕੇ ਪਤਾ ਲੱਗਦਾ ਸੀ ਕਿ ਉਹ ਸੂਬੇ ਦੀ ਰਾਜਨੀਤੀ ਦੀ ਬਜਾਏ ਸਿਰਫ਼ ਪਰਿਵਾਰਵਾਦ ਦੀ ਰਾਜਨੀਤੀ ਹੀ ਕਰ ਰਹੇ ਹਨ ਪਰ ਹੁਣ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਖਿਲਾਫ਼ ਰੋਸ ਧਰਨਿਆਂ ਵਿਚ ਮੁੱਦਾਹੀਣ ਰਾਜਨੀਤੀ ਕਰ ਰਹੇ ਹਨ ਅਤੇ ਬਾਦਲਾਂ ਦੀ ਇਸ ਪੈਂਤੜੇਬਾਜ਼ੀ ਨੂੰ ਲੋਕ ਭਾਂਪ ਗਏ ਹਨ ਅਤੇ ਅਕਾਲੀ ਇਹ ਗੱਲ ਭੁੱਲ ਜਾਣ ਕਿ ਜਨਤਾ ਉਹਨਾਂ ਨੂੰ ਦੁਬਾਰਾ ਸੱਤਾ ਵਿਚ ਆਉਣ ਦਾ ਮੌਕਾ ਦੇਵੇਗੀ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਵਿਜੇ ਧੀਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਮਿੱਤ ਕੁਮਾਰ ਬਿੱਟੂ ਮਲਹੋਤਰਾ ਕੌਂਸਲਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਕੌਂਸਲਰ ਓਮ ਪ੍ਰਕਾਸ਼ ਪੱਪੀ,ਕੌਂਸਲਰ ਹਰਮੇਲ ਸਿੰਘ,ਕਾਂਗਰਸ ਦੇ ਵਾਈਸ ਪ੍ਰਧਾਨ ਪਵਨ ਤਨੇਜਾ,ਬੱਗੜ ਸਿੰਘ ਮਸਹਿ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੜੀ ਮੁਸ਼ਕਿਲ ਨਾਲ ਸੂਬੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਉੱਥੇ ਉਹ ਹਰ ਹਲਕੇ ਦੀ ਨੁਹਾਰ ਬਦਲਣ ਲਈ ਸੂਬੇ ਦੇ ਵਿਧਾਇਕਾਂ ਨਾਲ ਮੁਲਾਕਾਤਾਂ ਕਰਕੇ ਫੰਡ ਮੁਹੱਈਆ ਕਰਵਾ ਰਹੇ ਹਨ । ਉਹਨਾਂ ਕਿਹਾ ਕਿ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਸੁਹਿਰਦਤਾ ਨਾਲ ਧਰਮਕੋਟ ਹਲਕੇ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦਾ ਵਿਰੋਧੀਆਂ ਨੂੰ ਮਲਾਲ ਹੈ।