ਸਲ੍ਹੀਣਾ ਜਿੰਮ ਦੇ ਗੱਭਰੂਆਂ ਨੇ ਜਿੱਤਿਆ ਮਿਸਟਰ ਸਟਰੌਂਗਮੈਨ ਇੰਡੀਆ ਦਾ ਖਿਤਾਬ

ਮੋਗਾ,24 ਦਸੰਬਰ (ਜਸ਼ਨ): ਵਿਰਸੇ ਦੀਆਂ ਵਿਰਾਸਤੀ ਖੇਡਾਂ ਨੂੰ ਪ੍ਰਫੁਲਿੱਤ ਕਰਨ ਦੇ ਮਕਸਦ ਤਹਿਤ ਕਲਗੀਧਰ ਸਟੇਡੀਅਮ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਮਿਸਟਰ ਸਟਰੌਂਗਮੈਨ ਇੰਡੀਆ ਦਾ ਕੰਪੀਟੀਸ਼ਨ ਕਰਵਾਇਆ ਗਿਆ। ਇਸ ਦੌਰਾਨ ਕੰਟਰੀ ਜਿੰਮ ਰਾਏਕੋਟ ਵੱਲੋਂ ਪਰਵਿੰਦਰ ਸਿੰਘ ਕਾਲਾ ਬੱਸੀਆਂ ਅਤੇ ਹਰਵਿੰਦਰ ਸਲ੍ਹੀਣਾ ਦੀ ਦੇਖ ਰੇਖ ਹੇਠ ‘ਦੇਸੀ ਖੇਡਾਂ’ ਸ਼ਾਨੌ ਸ਼ੌਕਤ ਨਾਲ ਕਰਵਾਈਆਂ ਗਈਆਂ । ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨਾਂ ਅਤੇ ਇੰਡੀਆ ਦੇ ਕੋਨੇ ਕੋਨੇ ਤੋਂ ਗੱਭਰੂਆਂ ਨੇ ਟਰੈਕਟਰ ਦੇ ਟਾਇਰ ਪਲਟਾਉਣਾ ,80 ਕਿਲੋ ਦੀ ਬੋਰੀ ਚੱਕ ਕੇ ਭੱਜਣਾ ਅਤੇ ਬਾਲੇ ਕੱਢਣੇ ,ਪੱਥਰ ਚੁੱਕਣੇ ਅਤੇ ਵਜ਼ਨੀ ਸ਼ਿਕੰਜਾ ਚੁੱਕ ਕੇ ਭੱਜਣ ਵਰਗੀਆਂ ਜ਼ੋਰਅਜਮਾਇਸ਼ ਵਾਲੀਆਂ ਖੇਡਾਂ ਵਿਚ ਆਪਣੀ ਤਾਕਤ ਅਤੇ ਦਮ-ਖ਼ਮ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਪੰਜਾਬੀ ਨੌਜਵਾਨਾਂ ਨੇ ਜੋਸ਼ੀਲੇ ਪ੍ਰਦਰਸ਼ਨ ਸਦਕਾ ਪੰਜਾਬੀਆਂ ’ਤੇ ਨਸ਼ੇੜੀ ਹੋਣ ਦੇ ਦਾਗ ਨੂੰ ਝੂਠਾ ਸਾਬਤ ਕਰ ਦਿੱਤਾ।

ਇਹਨਾਂ ਖੇਡਾਂ ਦੌਰਾਨ ਰੁਸਤਮੇਂ ਹਿੰਦ ਜਗਜੀਤ ਸਿੰਘ ਸਰੋਆ ਕਮਿਸ਼ਨਰ ਪੰਜਾਬ ਪੁਲਿਸ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਫਿਲਮ ਕਲਾਕਾਰ ਹੌਬੀ ਧਾਲੀਵਾਲ ,ਹਾਸਰਸ ਕਲਾਕਾਰ ਗੁਰਦੇਵ ਢਿੱਲੋਂ ‘ਭਜਨਾ ਅਮਲੀ-ਸੰਤੀ’ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਕੰਪੀਟੀਸ਼ਨ ਵਿਚ ਮਿਸਟਰ ਇੰਡੀਆ ਦਾ ਖਿਤਾਬ ਜਗਰਾਜ ਸਿੰਘ ਸਲ੍ਹੀਣਾ ਜਿੰਮ ਅਤੇ ਜਗਸੀਰ ਮੰਗਾ ਸ਼ਲ੍ਹੀਣਾ ਜਿੰਮ ਦੇ ਗੱਭਰੂਆਂ ਨੇ ਜਿੱਤਿਆ । ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਹਰਵਿੰਦਰ ਸਲ੍ਹੀਣਾ ਨੇ ਦੱਸਿਆ ਕਿ ਇਹਨਾਂ ਜੇਤੂ ਗਭਰੂਆਂ ਦੀ ਟੀਮ ਨੂੰ ਉਹ ਅਮਰੀਕਾ ਦੌਰੇ ’ਤੇ ਲੈ ਜਾ ਰਹੇ ਹਨ ਤਾਂ ਕਿ ਵਿਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਇਹਨਾਂ ਗਭਰੂਆਂ ਦੇ ਪ੍ਰਦਰਸ਼ਨ ਨੂੰ ਦੇਖ ਸਕਣ।