ਜੱਥੇਦਾਰ ਮੱਕੜ ਦੇ ਜਾਣ ਨਾਲ ਸਿੱਖ ਕੌਮ ਨੂੰ ਪਿਆ ਕਦੀ ਵੀ ਨਾ ਪੂਰਿਆ ਜਾਣ ਵਾਲਾ ਘਾਟਾ : ਲੋਕ ਇਨਸਾਫ ਪਾਰਟੀ

ਲੁਧਿਆਣਾ, 21 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਸਾਬਕਾ ਐਸਜੀਪੀਸੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਜਾਣ ਨਾਲ ਸਿੱਖ ਕੌਮ ਕਦੀ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਜੱਥੇਦਾਰ ਮੱਕੜ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਅਤੇ ਸਿੱਖ ਕੌਮ ਨੂੰ ਦਿੱਤੀਆਂ  ਗਈਆਂ ਸੇਵਾਵਾਂ ਜਿੱਥੇ ਸਿੱਖ ਕੌਮ ਲਈ ਵਰਦਾਨ ਸਿੱਧ ਹੋਈਆਂ ਹਨ ਉੱਥੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਲਈ ਵੀ ਚਾਨਣ ਮੁਨਾਰਾ ਬਣਕੇ ਰਾਹਦਸੇਰਾ ਬਣਦੀਆਂ ਰਹੀਆਂ ਹਨ। ਉਕਤ ਗੱਲਾਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਦੇ ਸਰਪ੍ਰਸਤ ਤੇ ਐਸਜੀਪੀਸੀ ਮੈਂਬਰ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਲੋਕ ਇਨਸਾਫ ਪਾਰਟੀ ਦੇ ਹੋਰਨਾਂ ਸੀਨੀਅਰ ਆਗੂਆਂ ਨੇ ਵਰਕਰਾਂ ਨਾਲ ਸਾਂਝੀਆਂ ਕੀਤੀਆਂ।ਇਸ ਦੌਰਾਨ ਪਾਰਟੀ ਆਗੂਆਂ ਨੇ ਕਿਹਾ ਕਿ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਆਪਣੇ ਜੀਵਨ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਵਰਕਰ ਹੁੰਦੇ ਹੋਏ ਹਮੇਸ਼ਾਂ ਪੰਥ ਦੀ ਚੜਦੀ ਕਲਾ ਲਈ ਕੰਮ ਕੀਤਾ ਉੱਥੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੀ ਇੱਕ ਨਿਮਾਣਾ ਵਰਕਰ ਹੁੰਦੇ ਹੋਏ ਹੋਰਨਾਂ ਵਰਕਰਾਂ ਲਈ ਵੀ ਮਿਸਾਲ ਕਾਇਮ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਹੋਏ 11 ਸਾਲਾਂ ਤੱਕ ਕਮੇਟੀ ਵਲੋਂ ਸਿੱਖ ਕੌਮ ਦੀ ਚੜਦੀ ਕਲਾ ਲਈ ਉਨ•ਾਂ ਦੇਸ਼ ਦੇ ਕੋਨੇ ਕੋਨੇ ਤੱਕ ਸਿੱਖ ਕੌਮ ਦੇ ਸ਼ਾਨਾਮੱਤੀ ਇਤਿਹਾਸ ਸਬੰਧੀ ਸੰਗਤਾਂ ਨੂੰ ਜਾਗਰੂਕ ਕੀਤਾ ਅਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦੇ ਹਰ ਦੁੱਖ ਸੁੱਖ ਨੂੰ ਵੀ ਸਮਝਿਆ। ਜੱਥੇਦਾਰ ਮੱਕੜ ਦੀ ਕੀਤੀ ਘਾਲਣਾ ਹੀ ਹੈ ਕਿ ਜੱਥੇਦਾਰ ਮੱਕੜ ਐਸਜੀਪੀਸੀ ਦੇ ਪ੍ਰਧਾਨ ਹੁੰਦੇ ਹੋਏ ਵਿਦੇਸ਼ਾਂ ਵਿੱਚ ਵੀ ਸਿੱਖ ਕੌਮ ਨਾਲ ਹੋ ਰਹੇ ਧੱਕੇ ਸਮੇਤ ਸਿੱਖਾਂ ਨਾਲ ਕੀਤੀ ਜਾਂਦੀ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਖਿਲਾਫ ਵੀ ਵਿਦੇਸ਼ੀ ਸਰਕਾਰਾਂ ਤੱਕ ਪਹੁੰਚ ਕਰਦੇ ਰਹੇ ਅਤੇ ਉੱਥੋਂ ਦੀਆਂ ਸਰਕਾਰਾਂ ਸਿੱਖ ਕੌਮ ਅਤੇ ਸਿੱਖਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਮਜਬੂਰ ਹੋ ਗਈਆਂ। ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਚਲੇ ਜਾਣ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਭੂ ਪ੍ਰਮਾਤਮਾ ਉਨ•ਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਜੱਥੇਦਾਰ ਮੱਕੜ ਦੇ ਪਰਿਵਾਰਕ ਮੈਂਬਰਾਂ, ਸਿੱਖ ਕੌਮ ਅਤੇ ਲੋਕ ਇਨਸਾਫ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਤੇ ਜੱਥੇਦਾਰ ਅਰਜੁਨ ਸਿੰਘ ਚੀਮਾ, ਜਤਿੰਦਰ ਪਾਲ ਸਿੰਘ ਸਲੂਜਾ, ਪ੍ਰਧਾਨ ਬਲਦੇਵ ਸਿੰਘ, ਜਸਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਸਿਬਿਆ, ਜਗਜੋਤ ਸਿੰਘ ਖਾਲਸਾ, ਸਿਕੰਦਰ ਸਿੰਘ ਪੰਨੂ, ਕੁਲਦੀਪ ਸਿੰਘ ਬਿੱਟਾ, ਸੁਖਵੀਰ ਸਿੰਘ ਕਾਲਾ, ਜਗਦੀਪ ਸਿੰਘ ਕਾਲਾ ਘਵੱਦੀ ਤੇ ਹੋਰ ਵੀ ਸ਼ਾਮਲ ਸਨ।