ਕੌਂਸਲਰਾਂ ਨੇ ਮਹਿਜ਼ ਸਿਆਸੀ ਵਿਰੋਧ ਲਈ ਮੋਗਾ ਵਾਸੀਆਂ ਨੂੰ ਦਿੱਤੀ ਜ਼ਹਿਮਤ,ਤਿੰਨ ਸਾਲ ਪਹਿਲਾਂ ਮੇਰੇ ਸੁਝਾਅ ’ਤੇ ਜੇ ਸੀ.ਸੀ.ਟੀ.ਵੀ. ਕੈਮਰੇ ਲੱਗਦੇ ਤਾਂ ਲੋਕਾਂ ਨੂੰ ਮਿਲਣੀ ਸੀ ਰਾਹਤ : ਡਾ. ਹਰਜੋਤ ਕਮਲ,ਸ਼ਹਿਰ ਪ੍ਰਤੀ ਗੈਰ-ਜਿੰਮੇਵਾਰਾਨਾ ਰਵੱਈਏ ਵਾਲੇ ਕੌਂਸਲਰਾਂ ਨੂੰ ਲੋਕ ਦਿਖਾਉਣਗੇ ਸ਼ੀਸ਼ਾ

ਮੋਗਾ, 20 ਦਸੰਬਰ (ਜਸ਼ਨ):ਨਗਰ ਨਗਮ ਵੱਲੋਂ ਹਾਊਸ ਦੀ ਬੈਠਕ ਵਿਚ ਮੋਗਾ ਸ਼ਹਿਰ ਨੂੰ ਸੀ ਸੀ ਟੀ ਵੀ ਕੈਮਰਿਆਂ ਦੇ ਕਵਚ ਹੇਠ ਲਿਆਉਣ ਦੇ ਫੈਸਲੇ ਦਾ ਪ੍ਰਤੀਕਰਮ ਦਿੰਦਿਆਂ ਮੋਗਾ ਹਲਕੇ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਆਖਿਆ ਕਿ ਬਿਨਾ ਸ਼ੱਕ ਹਾਊਸ ਦਾ ਇਹ ਫੈਸਲਾ ਸ਼ਲਾਘਯੋਗ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਤਿੰਨ ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਉਹਨਾਂ ਖੁਦ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਤਜਵੀਜ਼ ਉਲੀਕੀ ਸੀ ਤਾਂ ਇਸੇ ਹਾੳੂਸ ਦੇ ਮੈਂਬਰਾਂ ਨੇ ਉਹਨਾਂ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਇਸ ਪ੍ਰੌਜੈਕਟ ਲਈ ਬਕਾਇਦਾ ਐੱਸ ਐੱਸ ਪੀ ਮੋਗਾ ਨਾਲ ਸਲਾਹ ਮਸ਼ਵਰਾ ਕਰਕੇ ਸੰਵੇਦਨਸ਼ੀਲ ਖੇਤਰਾਂ ਦੀ ਨਿਸ਼ਾਨਦੇਹੀ ਕਰਨ ਉਪਰੰਤ ਕਮਿਸ਼ਨਰ ਨਗਰ ਨਿਗਮ ਦੀ ਸਲਾਹ ਨਾਲ 100 ਸੀ ਸੀ ਟੀ ਵੀ ਕੈਮਰਿਆਂ ਨੂੰ ਲਗਾਉਣ ਲਈ ਪ੍ਰੌਜੈਕਟ ਵਾਸਤੇ ਗੰਭੀਰਤਾ ਨਾਲ ਮਤਾ ਲਿਆਂਦਾ ਗਿਆ ਸੀ ਪਰ ਕੌਂਸਲਰਾਂ ਨੇ ਗੈਰਜ਼ਿੰਮੇਵਾਰਾਨਾ ਪਹੁੰਚ ਅਪਣਾਉਂਦਿਆਂ ਮਤਾ ਰੱਦ ਕਰ ਦਿੱਤਾ। ਡਾ: ਹਰਜੋਤ ਕਮਲ ਨੇ ਆਖਿਆ ਕਿ ਜੇ ਉਸੇ ਸਮੇਂ ਉਹਨਾਂ ਦੇ ਸੁਝਾਅ ਨੂੰ ਮੰਨਦਿਆਂ ਸਾਰੇ ਮੋਗਾ ਸ਼ਹਿਰ ਵਿਚ ਸੀ ਸੀ ਟੀ ਵੀ ਕੈਮਰੇ ਲੱਗਾ ਦਿੱਤੇ ਜਾਂਦੇ ਤਾਂ ਹੁਣ ਤੱਕ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਅਤੇ  ਹੋਰ ਦੁਰਘਟਨਾਵਾਂ ਤੋਂ ਸ਼ਹਿਰਵਾਸੀਆਂ ਨੂੰ ਨਿਜਾਤ ਮਿਲ ਜਾਣੀ ਸੀ ਪਰ ਅਫਸੋਸ ਉਸ ਸਮੇਂ ਉਹਨਾਂ ਦੇ ਸੁਝਾਅ ਦਾ ਵਿਰੋਧ ਕਰਨ ਵਾਲੇ ਕੌਂਸਲਰਾਂ ਦੇ ਸਿਆਸੀ ਵਿਰੋਧ ਕਾਰਨ ਸ਼ਹਿਰ ਵਾਸੀਆਂ ਨੂੰ ਤਿੰਨ ਸਾਲ ਹੋਰ ਤਲਖ਼ ਹਾਲਾਤਾਂ ਵਿਚੋਂ ਗੁਜ਼ਰਨਾ ਪਿਆ । ਉਹਨਾਂ ਆਖਿਆ ਕਿ ਸ਼ਾਇਦ ਹੁਣ ਵੀ ਇਹ ਕੌਂਸਲਰ ਸੀ ਸੀ ਟੀ ਵੀ ਕੈਮਰੇ ਲਗਾਉਣ ਦਾ ਮਤਾ ਪਾਸ ਨਾ ਕਰਦੇ ਪਰ ਇਹ ਮਤਾ ਉਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਸੀ ਕਿਉਂਕਿ ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਦੌਰਾਨ ਲੋਕਾਂ ਨੇ ਅਜਿਹੇ ਕੌਂਸਲਰਾਂ ਨੂੰ ਪੁੱਛਣਾ ਸੀ ਕਿ ਨਿਗਮ ਕੋਲ ਪੈਸੇ ਹੋਣ ਦੇ ਬਾਵਜੂਦ ਸ਼ਹਿਰ ਵਾਸੀਆਂ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਮਹਿਜ਼ ਸਿਆਸੀ ਵਿਰੋਧ ਕਾਰਨ ਸੀ ਸੀ ਟੀ ਵੀ ਕੈਮਰੇ ਕਿਉਂ ਨਹੀਂ ਲਗਾਏ ਗਏ? ਡਾ: ਹਰਜੋਤ ਨੇ ਆਖਿਆ ਕਿ ਇਹ ਕੌਂਸਲਰ ਪਹਿਲਾਂ ਆਪਸ ਵਿਚ ਹੀ ਧੜੇਬੰਦੀ ਕਰਕੇ ਮੇਅਰ ਨੂੰ ਕੁਰਸੀਓਂ ਲਾਹੁਣ ਲਈ ਤਰਲੋਮੱਛੀ ਹੰੁਦੇ ਰਹੇ ਅਤੇ ਹੁਣ ਨਿਗਮ ਦੇ ਬਾਕੀ ਸਮੇਂ ਦੌਰਾਨ ਇਹਨਾਂ ਕਾਂਗਰਸ ਸਰਕਾਰ ਦੇ ਵਿਰੋਧ ਵਿਚ ਲੰਘਾ ਦਿੱਤੇ ਤੇ ਹੁਣ ਉਹੀ ਕੌਂਸਲਰ ਸਿਆਸੀ ਜ਼ਮੀਨ ਤਲਾਸ਼ਣ ਲਈ ਵਿਕਾਸ ਦੇ ਦਮਗਜੇ ਮਾਰ ਰਹੇ ਹਨ ਜਦਕਿ ਸ਼ਹਿਰਵਾਸੀ ਇਨ੍ਹਾਂ ਦੇ 10 ਸਾਲਾਂ ਦੌਰਾਨ ਵਿਕਾਸ ਨਾ ਹੋਣ ਦਾ ਖਮਿਆਜਾ ਅੱਜ ਵੀ ਭੁਗਤ ਰਹੇ ਹਨ । ਉਹਨਾਂ ਆਖਿਆ ਕਿ ਕਿ ਨਗਰ ਨਿਗਮ ਚੋਣਾਂ ਵਿਚ ਲੋਕ ਅਜਿਹੇ ਕੌਂਸਲਰਾਂ ਨੂੰ ਪੂਰੀ ਤਰਾਂ ਨਕਾਰ ਦੇਣਗੇ।