ਸੋਨੀ ਅਤੇ ਸਰਕਾਰੀਆ ਵੱਲੋਂ ਅੰਮਿ੍ਰਤਸਰ ਵਿਚ ਹੋਟਲ ‘ਵੈਲਕਮ’ ਦਾ ਉਦਘਾਟਨ,ਵੀਡੀਓ ਕਾਨਫਰੰਸ ਜ਼ਰੀਏ ਮੁਬਾਰਕਬਾਦ ਦਿੰਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ ਟੀ ਸੀ ਦਾ ਪੰਜਾਬ ਦੇ ਉਦਯੋਗਿਕ ਵਿਕਾਸ ਵਿਚ ਵੱਡਾ ਯੋਗਦਾਨ

ਅੰਮਿ੍ਰਤਸਰ, 19 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸ੍ਰੀ ਗੁਰੂ ਰਾਮ ਦਾਸ ਅੰਤਰਾਸ਼ਟਰੀ ਹਵਾਈ ਅੱਡੇ ਨੇੜੇ ਰਾਜਾਸਾਂਸੀ ਵਿਚ ਆਈ. ਟੀ. ਸੀ. ਵੱਲੋਂ ਖੋਲੇ ਗਏ ਵਿਰਾਸਤੀ ਹੋਟਲ ‘ਵੈਲਕਮ’ ਦੀ ਵੀਡੀਓ ਕਾਨਫਰੰਸ ਜ਼ਰੀਏ ਮੁਬਾਰਕਬਾਦ ਦਿੰਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ ਟੀ ਸੀ ਦਾ ਪੰਜਾਬ ਦੇ ਉਦਯੋਗਿਕ ਵਿਕਾਸ ਵਿਚ ਵੱਡਾ ਯੋਗਦਾਨ ਹੈ ਅਤੇ ਹੁਣ ਇਹ ਹੋਟਲ ਕੇਵਲ ਅੰਮਿ੍ਰਤਸਰ ਦੇ ਹੀ ਨਹੀਂ, ਬਲਕਿ ਰਾਜ ਦੇ ਸੈਰ ਸਪਾਟਾ ਕਾਰੋਬਾਰ ਨੂੰ ਵੱਡਾ ਬੱਲ ਦੇਵੇਗਾ। ਉਨਾਂ ਆਈ. ਟੀ. ਸੀ. ਗਰੁੱਪ ਵੱਲੋਂ ਕੀਤੀ ਇਸ ਪਹਿਲਕਦਮੀ ਲਈ ਧੰਨਵਾਦ ਕਰਦੇ ਕਿਹਾ ਕਿ ਪਹਿਲਾਂ ਹੀ ਇੰਨਾਂ ਵੱਲੋਂ ਪੰਜਾਬ ਦੇ ਸਨਅਤੀ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਹਿਲਾਂ ਆਈ ਟੀ ਸੀ ਕਪੂਰਥਲਾ ਵਿਚ ਫੂਡ ਪ੍ਰੋਸੈਸਿੰਗ ਖੇਤਰ ਵਿਚ ਸਲਾਹੁਣਯੋਗ ਕੰਮ ਕਰ ਰਹੀ ਹੈ ਅਤੇ ਅੰਮਿ੍ਰਤਸਰ ਵਿਚ ਹੋਟਲ ਤੋਂ ਬਾਅਦ ਹੁਸ਼ਿਆਰਪੁਰ ਵਿਚ ਵੱਡਾ ਨਿਵੇਸ਼ ਕਰ ਰਹੇ ਹਨ, ਇਸ ਤਰਾਂ ਇਹ ਗਰੁੱਪ ਸਮੁੱਚੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾ ਰਿਹਾ ਹੈ।  ਪੰਜਾਬ ਸਰਕਾਰ ਵੱਲੋਂ ਆਈ ਟੀ ਸੀ ਨੂੰ ਉਦਯੋਗਿਕ ਵਿਕਾਸ ਲਈ ਹਰ ਤਰਾਂ ਦੇ ਸਹਿਯੋਗ ਦਾ ਐਲਾਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਵੱਲੋਂ ਰਾਜ ਵਿਚ ਕੀਤਾ ਜਾ ਰਿਹਾ ਨਿਵੇਸ਼ ਅਤੇ ਸਾਡਾ ਸਾਥ ਵਿਕਾਸ ਦੇ ਨਵੇਂ ਦਿਸਹਿੱਦੇ ਕਾਇਮ ਕਰੇਗਾ। ਉਨਾਂ ਆਈ ਟੀ ਸੀ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੰਜੀਵ ਪੁਰੀ ਅਤੇ ਉਨਾਂ ਦੀ ਸਾਰੀ ਟੀਮ ਵੱਲੋਂ ਪੰਜਾਬ ਦੇ ਖੇਤੀ, ਉਦਯੋਗਿਕ ਅਤੇ ਸੈਰ ਸਪਾਟਾ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਲਈ ਸ਼ੁਭ ਇਛਾਵਾਂ ਦਿੱਤੀਆਂ।ਹੋਟਲ ਦਾ ਰਸਮੀ ਉਦਘਾਟਨ ਸ਼ਹਿਰੀ ਵਿਕਾਸ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕੀਤਾ। ਦੱਸਣਯੋਗ ਹੈ ਕਿ ਰਾਜਾਸਾਂਸੀ ਦੀ ਸੰਧਾਵਾਲੀਆ ਹਵੇਲੀ, ਜੋ ਕਿ 1900 ਦੇ ਕਰੀਬ ਬਣੀ ਸੀ, ਦੇ ਅੱਠ ਏਕੜ ਰਕਬੇ ਵਿਚ ਵਿਰਾਸਤੀ ਦਿੱਖ ਨੂੰ ਕਾਇਮ ਰੱਖਦੇ ਹੋਏ ਗਰੁੱਪ ਵੱਲੋਂ 101 ਕਮਰਿਆਂ ਦਾ ਹੋਟਲ ਬਣਾਇਆ ਗਿਆ ਹੈ। ਕਰੀਬ ਇਕ ਸਦੀ ਪੁਰਾਣੀ ਦਿੱਖ ਵਿਚ ਆਹਲਾ ਦਰਜੇ ਦੀਆਂ ਸੁੱਖ ਸਹੂਲਤਾਂ ਤੇ ਬਹੁਤ ਹੀ ਮਿਆਰੀ ਲੈਂਡ ਸਕੇਪਿੰਗ ਕੀਤੀ ਗਈ ਹੈ।  ਇਸ ਮੌਕੇ ਸੰਬੋਧਨ ਕਰਦੇ ਆਈ ਟੀ ਸੀ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਸੰਜੀਪ ਪੁਰੀ ਨੇ ਕੰਪਨੀ ਵੱਲੋਂ ਪੰਜਾਬ ਦੇ ਖੇਤੀ, ਉਦਯੋਗਿਕ ਅਤੇ ਸੈਰ ਸਪਾਟੇ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦਾ ਸੰਖੇਪ ਵੇਰਵਾ ਦਿੰਦੇ ਕਿਹਾ ਕਿ ਆਈ ਟੀ ਸੀ ਪੰਜਾਬ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹੇਗੀ ਅਤੇ ਸਾਡਾ ਟੀਚਾ ਕੇਵਲ ਕੰਪਨੀ ਦਾ ਲਾਭ ਵੇਖਣਾ ਨਹੀਂ, ਬਲਕਿ ਸਾਡੇ ਨਾਲ ਜੁੜਨ ਵਾਲੇ ਸਾਰੇ ਕਿਸਾਨਾਂ ਤੇ ਹੋਰ ਲੋਕਾਂ ਦੀ ਤਰੱਕੀ ਕਰਨਾ ਵੀ ਹੈ। ਉਨਾਂ ਪੰਜਾਬ ਵਿਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਆਈ ਟੀ ਸੀ ਦੇ ਕਾਰਜਕਾਰੀ ਨਿਰਦੇਸ਼ਕ ਸਰੀ ਨੁਕਲ ਅਨੰਦ ਨੇ ਮੁੱਖ ਮੰਤਰੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਵਿਰਾਸਤੀ ਹੋਟਲ ਕੇਵਲ ਰਾਸ਼ਟਰੀ ਯਾਤਰੀ ਹੀ ਨਹੀਂ ਖਿੱਚੇਗਾ, ਬਲਕਿ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਵੀ ਅੰਮਿ੍ਰਤਸਰ ਦੀ ਪਵਿਤਰ ਧਰਤੀ ਦੇ ਦਰਸ਼ਨ ਦੀਦਾਰੇ ਕਰਨ ਅਤੇ ਪੰਜਾਬ ਦੀ ਮਹਿਮਾਨ ਨਿਵਾਜ਼ੀ ਦਾ ਆਨੰਦ ਮਾਣਨ ਲਈ ਆਕਰਸ਼ਿਤ ਕਰੇਗਾ।  ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸ. ਤਰਸੇਮ ਸਿੰਘ ਡੀ. ਸੀ, ਵਿਧਾਇਕ ਸ੍ਰੀ ਸੁਨੀਤ ਦੱਤੀ, ਮੁੱਖ ਮੰਤਰੀ ਦੇ ਸਲਾਹਕਾਰਾ ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ. ਸੁਖਪਾਲ ਸਿੰਘ ਭੁਲਰ, ਓ ਐਸ ਡੀ ਸ. ਸੰਦੀਪ ਸਿੰਘ ਬਾਵਾ ਸੰਧੂ, ਸਾਬਕਾ ਵਿਧਾਇਕ ਸ੍ਰੀ ਜੁਗਲ ਕਿਸ਼ੋਰ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਦਿਨੇਸ਼ ਬੱਸੀ, ਸ. ਗੁਰਪਾਲ ਸਿੰਘ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਆਈ ਜੀ ਸ੍ਰੀ ਐਸ ਪੀ ਐਸ ਪਰਮਾਰ, ਐਸ ਐਸ ਪੀ ਵਿਕਰਮਜੀਤ ਸਿੰਘ ਦੁੱਗਲ, ਭਗਵੰਤਪਾਲ ਸਿੰਘ ਸੱਚਰ ਤੇ ਹੋਰ ਸਖਸੀਅਤਾਂ ਹਾਜ਼ਰ ਸਨ।