ਜੇਲ੍ਹਾਂ ਵਿਚ ਸਿੱਖਾਂ ਦੇ ਕੱਕਾਰਾਂ ਨਾਲ ਛੇੜਛਾੜ ਬਰਦਾਸ਼ਤ ਤੋਂ ਬਾਹਰ : ਜੱਥੇਦਾਰ ਬੈਂਸ

ਲੁਧਿਆਣਾ, 18 ਦਸੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਬੈਂਸ ਭਰਾਵਾਂ ਨੇ ਜੇਲ੍ਹਾਂ ਵਿਚ ਤੈਨਾਤ ਸੀਆਰਪੀਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਿੱਖਾਂ ਵਿਸ਼ੇਸ਼ ਕਰਕੇ ਅਮਿ੍ਰਤਧਾਰੀ ਸਿੱਖਾਂ ਦੇ ਕੱਕਾਰਾਂ ਅਤੇ ਪਗੜੀਆਂ ਨਾਲ ਛੇੜਛਾੜ ਕਰਨ ਦਾ ਸਖਤ ਨੋਟਿਸ ਲਿਆ ਹੈ ਅਤੇ ਇਸ ਸਬੰਧੀ ਉਨ੍ਹਾਂ ਜੇਲ ਮੰਤਰੀ ਪੰਜਾਬ ਅਤੇ ਡੀਜੀਪੀ (ਜੇਲ੍ਹਾਂ) ਨੂੰ ਪੱਤਰ ਲਿਖ ਕੇ ਤੁਰੰਤ ਇਸ ਸਬੰਧੀ ਸਖਤ ਕਦਮ ਚੁੱਕਣ ਤੇ ਜੋਰ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਸਰਪ੍ਰਸਤ ਜੱੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਕੋਟ ਮੰਗਲ ਸਿੰਘ ਦਫਤਰ ਵਿੱਖੇ ਪੱਤਰਕਾਰਾਂ ਨੂੰ ਦਿੱਤੀ। ਇਸ ਦੌਰਾਨ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ  ਬੈਂਸ ਨੇ ਦੱਸਿਆ ਕਿ ਉਨ੍ਹਾਂ ਜੇਲ ਮੰਤਰੀ ਅਤੇ ਡੀਜੀਪੀ (ਜੇਲਾਂ) ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਜੇਲਾਂ ਵਿੱਚ ਜਦੋਂ ਤੋਂ ਸੁਰੱਖਿਆ ਦੇ ਮੱਦੇਨਜਰ ਸੀਆਰਪੀਐਫ ਦੇ ਜਵਾਨਾਂ ਨੇ ਕਮਾਂਡ ਸੰਭਾਲੀ ਹੈ, ਉਦੋਂ ਤੋਂ ਹੀ ਜੇਲਾਂ ਵਿੱਚ ਨਜਰਬੰਦ ਸਿੱਖ ਕੈਦਿਆਂ ਦੇ ਕੱਕਾਰਾਂ ਸਮੇਤ ਉਨ੍ਹਾਂ ਦੇ ਕੇਸਾਂ ਅਤੇ ਪਗੜੀ ਨਾਲ ਛੇੜਛਾੜ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖਾਂ ਵਲੋਂ ਗ੍ਰਹਿਣ ਕੀਤੇ ਜਾਂਦੇ ਕੱਕਾਰ ਕਛਿਹਰਾ, ਕੜਾ, ਕੰਘਾ, ਕਿਰਪਾਨ ਅਤੇ ਕੇਸਾਂ ਦੀ ਸਿੱਖ ਧਰਮ ਵਿੱਚ ਬੇਹੱਦ ਅਹਿਮੀਅਤ ਹੈ ਅਤੇ ਕੇਸਾਂ ਦੀ ਸੰਭਾਲ ਲਈ ਹਰ ਸਿੱਖ ਪਗੜੀ ਪਹਿਨਦਾ ਹੈ, ਜੋ ਸਿੱਖਾਂ ਦੇ ਗੁਰੂ ਸਾਹਿਬਾਨਾਂ ਵਲੋਂ ਸਿੱਖਾਂ ਨੂੰ ਬੇਸ਼ਕੀਮਤੀ ਦਾਤ ਬਖਸ਼ੀ ਹੋਈ ਹੈ। ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਪੱਤਰ ਲਿਖ ਕੇ ਜੇਲ੍ਹ ਮੰਤਰੀ ਸਮੇਤ ਡੀਜੀਪੀ (ਜੇਲਾਂ) ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੰਚ ਤੁਰੰਤ ਦਖਲ ਦੇ ਕੇ ਜੇਲਾਂ ਵਿੱਚ ਤੈਨਾਤ ਸੀਆਰਪੀਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿੱਖਾਂ ਵਲੋਂ ਗ੍ਰਹਿਣ ਕੀਤੇ ਗਏ ਕੱਕਾਰਾਂ ਅਤੇ ਪਹਿਨੀਆਂ ਜਾਂਦੀਆਂ ਪੱਗਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇ ਅਤੇ ਸਿੱਖ ਧਰਮ ਵਿੱਚ ਉਕਤ ਕੱਕਾਰਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਅਮਿ੍ਰਤਧਾਰੀ ਸਿੱਖਾਂ ਦੇ ਕੱਕਾਰਾਂ ਨਾਲ ਕੋਈ ਛੇੜਛਾੜ ਨਾ ਕਰ ਸਕੇ।