10 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐਸ.ਆਈ,ਵਿਜੀਲੈਂਸ ਨੇ ਰੰਗੇ ਹੱਥੀਂ ਦਬੋਚਿਆ
ਚੰਡੀਗੜ੍ਹ, 16 ਦਸੰਬਰ::(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸਿਟੀ ਖਰੜ ਜਿਲਾ ਐਸ.ਏ.ਐਸ.ਨਗਰ ਵਿਖੇ ਤਾਇਨਾਤ ਏ.ਐਸ.ਆਈ. ਹਰਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੰੂ ਸ਼ਿਕਾਇਤਕਰਤਾ ਦਵਿੰਦਰ ਸਿੰਘ ਵਾਸੀ ਪਿੰਡ ਪੜੋਲ, ਜਿਲਾ ਐਸ.ਏ.ਐਸ ਨਗਰ ਦੀ ਸ਼ਿਕਾਇਤ ’ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਵਲੋਂ ਦਰਜ ਕਰਵਾਏ ਪੁਲਿਸ ਕੇਸ ਵਿਚ ਦੋਸ਼ੀਆਂ ਦੀ ਅਦਾਲਤ ਵਿਚ ਜਮਾਨਤ ਹੋਣ ਤੋਂ ਰੋਕਣ ਅਤੇ ਅਦਾਲਤ ਵਿਚ ਇਸ ਕੇਸ ਦੀ ਚੰਗੀ ਤਰ੍ਹਾਂ ਪੈਰਵੀ ਕਰਨ ਬਦਲੇ ਉਕਤ ਏ.ਐਸ.ਆਈ ਵਲੋ 10,000 ਰੁਪਏ ਦੀ ਮੰਗ ਕੀਤੀ ਗਈ ਹੈ ।ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਫਲਾਇੰਗ ਸਕੂਐਡ ਥਾਣਾ ਐਸ.ਏ.ਐਸ ਨਗਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।