ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ ਭਾਰਤ ਨੇ ਮੋਗਾ ਜ਼ਿਲ੍ਹੇ ਦਾ ਕੀਤਾ ਦੌਰਾ, ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਨਾਲ ਨਾਲ ਖੇਤੀਬਾੜੀ ਧੰਦੇ ਵਿੱਚ ਖਰਚੇ, ਵਧੀਆਂ ਕੀਮਤਾਂ ਅਤੇ ਲਾਗਤਾਂ ਬਾਰੇ ਕੀਤੀ ਚਰਚਾ,ਮੱਕੀ ਅਤੇ ਕਪਾਹ ਵਰਗੀਆਂ ਫਸਲਾਂ ਦੀ ਬਿਜਾਈ ਕਰਨ ਲਈ ਕੀਤਾ ਜਾਗਰੂਕ
ਮੋਗਾ 10 ਦਸੰਬਰ:(ਜਸ਼ਨ): ਭਾਰਤ ਸਰਕਾਰ ਦੇ ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ ਦੇ ਚੇਅਰਮੈਨ ਪ੍ਰੋ. ਵਿਜੇ ਪਾਉਲ ਸ਼ਰਮਾ ਅਤੇ ਡਾਇਰੈਕਟਰ ਐਗਰੀਕਲਚਰ ਪੰਜਾਬ ਡਾ. ਸੁਤੰਤਰ ਕੁਮਾਰ ਏਰੀ, ਜਾਇੰਟ ਡਾਇਰੈਕਟਰ ਐਗਰੀਕਲਚਰ ਇੰਜੀਨੀਅਰ ਮਨਮੋਹਣ ਕਾਲੀਆ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਭੰਗੇਰੀਆਂ, ਮਾਣੂੰਕੇ, ਦੀਨਾ ਸਾਹਿਬ, ਪਿੰਡਾਂ ਦੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ, ਖੇਤੀਬਾੜੀ ਧੰਦੇ ਵਿੱਚ ਉਨ੍ਹਾਂ ਦੇ ਖਰਚੇ, ਵਧੀਆਂ ਕੀਮਤਾਂ ਅਤੇ ਲਾਗਤਾਂ ਬਾਰੇ ਚਰਚਾ ਕੀਤੀ। ਇਸ ਸਮੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ, ਪੌਦਾ ਸੁਰੱਖਿਆ ਅਫ਼ਸਰ ਜਸਵਿੰਦਰ ਬਰਾੜ, ਖੇਤੀਬਾੜੀ ਅਫ਼ਸਰ ਕੁਲਦੀਪ ਸਿੰਘ ਬੁੱਟਰ, ਵੀ ਮੌਜੂਦ ਸਨ। ਇਸ ਸਮੇ ਵੱਖ ਵੱਖ ਪਿੰਡਾਂ ਦੇ ਕਿਸਨਾਂ ਨੇ ਆਪਣੇ-ਆਪਣੇ ਤਜਰਬੇ ਅਤੇ ਮੁਸਕਿਲਾਂ ਕਮਿਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੀ ਖੇਤੀਬਾੜੀ ਟੀਮ ਸਾਹਮਣੇ ਸਾਂਝੀਆਂ ਕੀਤੀਆਂ। ਇਸ ਮੌਕੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਕਿਸਾਨਾਂ ਨੂੰ ਝੋਨੇ ਦੇ ਫਸਲੀ ਚੱਕਰ ਵਿੱਚੋ ਨਿਕਲ ਕੇ ਮੱਕੀ ਅਤੇ ਕਪਾਹ ਵਰਗੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਕੀਤਾ। ਚੇਅਰਮੈਨ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਜਗ੍ਹਾ ਤੇ ਮੱਕੀ ਅਤੇ ਕਪਾਹ ਵਰਗੀਆਂ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ ਦੇ ਨਾਲ ਨਾਲ ਧਰਤੀ ਹੇਠਲੇ ਗਿਰ ਰਹੇ ਪਾਣੀ ਦੇ ਪੱਧਰ ਨੂੰ ਵੀ ਬਚਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਝੋਨੇ ਦੀ ਫਸਲ ਨਾਲ ਪਾਣੀ ਦਾ ਪੱਧਰ ਘਟਣ ਦੇ ਨਾਲ ਨਾਲ ਵਾਤਾਵਰਨ ਤੇ ਵੀ ਬੁਰਾ ਅਸਰ ਪੈਦਾ ਹੈ। ਉਨ੍ਹਾਂ ਕਿਹਾ ਕਿ ਮੱਕੀ ਅਤੇ ਕਪਾਹ ਬੀਜਣ ਨਾਲ ਵਾਤਾਵਰਨ ਨੂੰ ਬਿਲਕੁਲ ਵੀ ਨੁਕਸਾਨ ਨਹੀ ਪਹੁੰਚਦਾ। ਇਸ ਦੌਰਾਨ ਚੇਅਰਮੈਨ ਨੂੰ ਕਿਸਾਨਾਂ ਨੇ ਦੱਸਿਆ ਕਿ ਪਰਾਲੀ ਖੇਤ ਵਿੱਚ ਹੀ ਵਾਹੁਣ ਵਾਸਤੇ ਉਨ੍ਹਾਂ: ਨੂੰ ਤਕਰੀਬਨ 5 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਵੱਖਰਾ ਕਰਨਾ ਪੈਦਾ ਹੈ। ਕਿਸਾਨਾਂ ਨੇ ਮੱਕੀ ਦੀ ਫਸਲ ਦੀ ਬਿਜਾਈ ਕਰਨ ਦੀ ਸਹਿਮਤੀ ਪ੍ਰਗਟਉਦਿਆਂ ਕਿਹਾ ਕਿ ਸਰਕਾਰ ਨੂੰ ਇਸ ਦਾ ਘੱਟ ਤੋ ਘੱਟ ਸਮਰਥਨ ਮੁੱਲ 3 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਕਰਨਾ ਚਾਹੀਦਾ ਹੈ। ਕਮਿਸ਼ਨ ਨੇ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਦਾ ਢੁੱਕਵਾਂ ਹੱਲ ਕਰਨ ਦਾ ਕਿਸਾਨਾਂ ਨੂੰ ਭਰੋਸਾ ਦਿਵਾਇਆ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ