ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਦੌਧਰ ਦੀ ਸੇਵਾ ਮੁਕਤੀ ਮੌਕੇ ਹੋਇਆ ਸਨਮਾਨ ਸਮਾਰੋਹ

ਮੋਗਾ,9 ਦਸੰਬਰ (ਜਸ਼ਨ) : ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਮੋਗਾ ਵੱਲੋਂ ਯੂਨੀਅਨ ਦੇ ਸਕੱਤਰ ਅਤੇ ਸਾਇੰਸ ਮਾਸਟਰ ਸ. ਸਰਬਜੀਤ ਸਿੰਘ ਦੌਧਰ ਨੂੰ ਉਨ੍ਹਾਂ ਦੀ ਸੇਵਾ ਮੁਕਤੀ 30 ਨਵੰਬਰ ਦੇ ਸਬੰਧ ਵਿੱਚ ਸਨਮਾਨ ਸਮਾਰੋਹ ਆਯੋਜਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਕੀਤਾ ਗਿਆ। ਮੁੱਖ ਮਹਿਮਾਨ ਦੀ ਆਮਦ ਮੌਕੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ ਅਤੇ ਮੌਜੂਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਵਿਸ਼ੇਸ਼ ਤੌਰ’ਤੇ ਪਹੁੰਚੇ। ਆਰੰਭ ਵਿੱਚ ਮਾਸਟਰ ਕੁਲਦੀਪ ਸਿੰਘ ਨੇ ਸਨਮਾਨ ਪੱਤਰ ਪੜਿਆ ਅਤੇ ਉਸ ਉਪਰੰਤ ਸਾਰੇ ਆਗੂਆਂ ਨੇ ਸਨਮਾਨ ਪੱਤਰ ਭੇਂਟ ਕੀਤਾ। ਸਮਾਰੋਹ ਵਿੱਚ ਬੋਲਣ ਵਾਲੇ ਬੁਲਾਰਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਭੱਟੀ, ਪਸਸਫ ਦੇ ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ, ਰੇਸ਼ਮ ਸਿੰਘ, ਬਲਦੀਪ ਸਿੰਘ, ਬਲਵਿੰਦਰ ਸਿੰਘ ਭੁੱਟੋ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਰਾਜਿੰਦਰ ਸਿੰਘ ਰਿਆੜ, ਜੱਜਪਾਲ ਬਾਜੇਕੇ, ਨਿਰਭੈ ਸਿੰਘ ਢੁੱਡੀਕੇ, ਸੁਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਬਜੀਤ ਸਿੰਘ ਨਰਮ ਦਿਲ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਨਾਲ ਸੰਘਰਸ਼ਸ਼ੀਲ ਵੀ ਹਨ। ਇਨ੍ਹਾਂ ਨੇ ਜਿੱਥੇ ਆਪਣੀ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਈ ਉਥੇ ਦੂਜੀਆਂ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ। ਜਥੇਬੰਦੀ ਪ੍ਰਤੀ ਕੰਮ ਕਰਦਿਆਂ ਇਨ੍ਹਾਂ ਨੂੰ ਸਰਕਾਰ  ਵੱਲੋਂ ਜ਼ਬਰੀ ਬਦਲੀ ਦਾ ਵੀ ਸਾਮ੍ਹਣਾ ਕਰਨਾ ਪਿਆ ਪਰ ਇਹ ਡੋਲੇ ਨਹੀਂ ਸਗੋਂ ਹੋਰ ਦਿ੍ਰੜਤਾ ਨਾਲ ਕੰਮ ਵਿੱਚ ਜੁਟ ਗਏ। ਉਨ੍ਹਾਂ ਦੱਸਿਆ ਕਿ ਇਹ ਕਿਤਾਬਾਂ ਪੜ੍ਹਨ ਦੇ ਵੀ ਸ਼ੌਕੀਨ ਹਨ। ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ’ਤੇ ਹੱਲ ਕਰਨ ਲਈ ਤਤਪਰ ਰਹਿੰਦੇ ਹਨ। ਸਾਰਿਆਂ ਨੇ ਹੀ ਕਾਮਨਾ ਕੀਤੀ ਕਿ ਹੁਣ ਸਰਕਾਰ ਵਿੱਚ ਸ਼ਾਮਲ ਧਿਰਾਂ ਨੇ ਅਤੇ ਅਫ਼ਸਰਸ਼ਾਹੀ ਨੇ ਮੁਲਾਜ਼ਮਾਂ ਅਤੇ ਲੋਕਾਂ ਤੇ ਹਮਲਾ ਬੋਲਿਆ ਹੋਇਆ ਹੈ ਜਿਸ ਲਈ ਸਰਬਜੀਤ ਦੌਧਰ ਵਰਗੇ ਨਿਧੜਕ ਆਗੂ ਦੀ ਲੋੜ ਹੈ। ਹੁਣ ਬਿਜਲੀ ਬੋਰਡ ਅਤੇ ਰੋਡਵੇਜ਼ ਤੋਂ ਬਾਅਦ ਸਿੱਖਿਆ ਨੂੰ ਨਿੱਜੀ ਹੱਥਾਂ ਵਿੱਚ ਦੇ ਕੇ ਆਮ ਲੋਕਾਂ ਤੋਂ ਦੂਰ ਕਰਨ ਦੀ ਤਿਆਰੀ ਕੀਤੀ ਹੋਈ ਹੈ। ਉਨ੍ਹਾਂ ਅਪੀਲ ਵੀ ਕੀਤੀ ਕਿ ਲੋਕਾਂ ਅਤੇ ਮੁਲਾਜ਼ਮਾਂ ਨੂੰ ਜਥੇਬੰਦੀ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਨਾਪਾਲ ਇਰਾਦਿਆਂ ਨੂੰ ਅਸਫ਼ਲ ਬਣਾਇਆ ਜਾ ਸਕੇ। ਇਸ ਮੌਕੇ ਸਰਬਜੀਤ ਦੌਧਰ ਦੇ ਪਿਤਾ ਸ. ਭਾਗ ਸਿੰਘ ਉਪਾਸ਼ਕ ਨੂੰ ਵੀ ਉਨ੍ਹਾਂ ਦੀ ਜਥੇਬੰਦੀ ਨੂੰ ਦੇਣ ਅਤੇ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਕਾਰਨ ਯਾਦ ਕੀਤਾ ਗਿਆ।

ਇਸ ਮੌਕੇ ਹਰਿੰਦਰ ਸਿੰਘ, ਬਿੱਕਰ ਸਿੰਘ, ਪਰਮਜੀਤ ਸਿੰਘ ਦੌਧਰ, ਸੱਤਨਾਮ ਸਿੰਘ, ਸਰਬਜੀਤ ਦੌਧਰ ਦੀ ਸੁਪਤਨੀ, ਹੋਰ ਪਰਿਵਾਰਕ ਮੈਂਬਰਜ਼, ਰਿਸ਼ਤੇਦਾਰ, ਅਤੇ ਵੱਖ-ਵੱਖ ਜਥੇਬੰਦੀਆਂ ਦੇ ਹੋਰ ਆਗੂ ਵੀ ਹਾਜ਼ਰ ਸਨ। ਅੰਤ ਵਿੱਚ ਸਰਬਜੀਤ ਸਿੰਘ ਦੌਧਰ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਆ ਗਿਆ।