ਸਿੱਖਿਆ ਵਿਭਾਗ ਵੱਲੋਂ ‘ਮਸ਼ਾਲ' ਪ੍ਰੋਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ

ਐੱਸ.ਏ.ਐੱਸ. ਨਗਰ 29 ਨਵੰਬਰ (ਜਸ਼ਨ):   ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤੇ  ‘ਮਸ਼ਾਲ' ਪ੍ਰੋਜੈਕਟ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਰ ਵਜੋਂ  ਇੱਕ-ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਲਗਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੋਤੀ ਸੋਨੀ ਸਟੇਟ ਕੋਅਾਰਡੀਨੇਟਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕਾਂ ਨੂੰ ਗਾਈਡੈਂਸ ਅਤੇ ਕਾਊਂਸਲਰ ਵਜੋਂ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ ਇਹ ਸਿਖਲਾਈ ਬਾਕੀ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਪ੍ਰਦਾਨ ਕੀਤੀ ਜਾਵੇਗੀ।ਇਸ ਮੌਕੇ ਜੋਤੀ ਸੋਨੀ ਸਟੇਟ ਕੋਆਰਡੀਨੇਟਰ ਗਾਈਡੈਂਸ ਅਤੇ ਕਾਊਂਸਲਿੰਗ ਨੇ ਦੱਸਿਆ ਕਿ ਮਸ਼ਾਲ ਪ੍ਰੋਜੈਕਟ ਅਧੀਨ ਪਹਿਲੇ ਦਿਨ ਲੁਧਿਆਣੇ ਜ਼ਿਲ੍ਹੇ ਦੇ 45  ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਗਾਈਡੈਂਸ ਅਤੇ ਕਾਊਂਸਲਿੰਗ ਦੀ ਸਿਖਲਾਈ ਦਿੱਤੀ ਗਈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀ ਨੂੰ ਸਹੀ ਮਨੋਵਿਗਿਆਨਕ ਸੇਧ ਦੀ ਜ਼ਰੂਰਤ ਹੁੰਦੀ ਹੈ। ਜੇਕਰ ਉਹਨਾਂ ਨੂੰ ਸਹੀ ਸਮੇਂ 'ਤੇ ਸਹੀ ਸਲਾਹ ਅਤੇ ਅਗਵਾਈ ਮਿਲ ਜਾਵੇ ਤਾਂ ਉਹ ਦਰਪੇਸ਼ ਸਮੱਸਿਆਵਾਂ ਨਾਲ ਅਸਾਨੀ ਨਾਲ਼ ਨਜਿੱਠ ਸਕਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਇੱਕ ਅਧਿਆਪਕ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਇਸ ਲਈ ਉਹ ਸਹੀ ਸਲਾਹਕਾਰ ਅਤੇ ਅਗਵਾਈਕਰਤਾ ਦੀ ਭੂਮਿਕਾ ਬਾਖੂਬੀ ਨਿਭਾ ਸਕਦਾ ਹੈ। ਉਹਨਾਂ ਕਿਹਾ ਕਿ ਇੱਥੋਂ ਸਿਖਲਾਈ ਪ੍ਰਾਪਤ ਅਧਿਆਪਕ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਰਿਸੋਰਸ ਪਰਸਨਜ਼ ਵਜੋਂ ਅਧਿਆਪਕਾਂ ਨੂੰ ਸਿਖਲਾਈ ਦੇਣਗੇ ਜੋ ਆਪਣੇ-ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਹੀ ਮਨੋਵਿਗਿਆਨਕ ਸੇਧ ਪ੍ਰਦਾਨ ਕਰਨਗੇ। ਇਸ ਮੌਕੇ ਨਿਸ਼ਾਨ ਐਜੂਕੇਸ਼ਨ ਟਰੱਸਟ ਵੱਲੋਂ ਰਿਸੋਰਸ ਪਰਸਨ ਮੈਡਮ ਰਣਜੀਤ ਪਵਾਰ ਅਤੇ ਹਰਦੀਪ ਸਿੰਘ ਨੇ ਅਧਿਆਪਕਾਂ ਨੂੰ ਗਾਈਡੈਂਸ ਅਤੇ ਕਾਊਂਸਲਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਮਸ਼ਾਲ ਪ੍ਰੋਜੈਕਟ ਅਧੀਨ ਦਿੱਤੀ ਜਾ ਰਹੀ ਇਹ ਸਿਖਲਾਈ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਵੇਗੀ ਅਤੇ ਉਹਨਾਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਹਾਈ ਹੋਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ