ਯੂਥ ਕਾਂਗਰਸ ਚੋਣਾਂ ਲਈ ਸਰਗਰਮੀਆਂ ਤੇਜ਼, ਜ਼ਿਲ੍ਹਾ ਪ੍ਰਧਾਨ ਲਈ ਉਮੀਦਵਾਰ ਗੁਰਦੀਪ ਸਿੰਘ ਬਰਾੜ ਨੇ ਆਖਿਆ ‘‘ਵਰਕਰ ਕੁਰਬਾਨੀ ਦਾ ਮੁੱਲ ਜ਼ਰੂਰ ਪਾਉਣਗੇ ’’

ਮੋਗਾ ,27 ਨਵੰਬਰ (ਜਸ਼ਨ):  ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਲਈ 6ਦਸੰਬਰ ਦਾ ਦਿਨ ਮੁਕੱਰਰ ਕੀਤਾ ਗਿਆ ਹੈ । ਬੇਸ਼ੱਕ ਇਸ ਵਾਰ ਨੌਜਵਾਨਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਉਤਸ਼ਾਹ ਬਹੁਤ ਘੱਟ ਹੈ ,ਪਰ ਫਿਰ ਵੀ ਹਲਕਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ,ਜਨਰਲ ਸੈਕਟਰੀ ਪੰਜਾਬ ਅਤੇ ਪੰਜਾਬ ਪ੍ਰਧਾਨ ਦੇ ਅਹੁਦੇ ਲਈ ਕਈ ਨੌਜਵਾਨ ਮੁਕਾਬਲੇ ਵਿੱਚ ਦਿਖਾਈ ਦੇ ਰਹੇ ਹਨ । ਮੋਗਾ ਜ਼ਿਲੇ ਨਾਲ ਸੰਬੰਧਤ ਗੁਰਦੀਪ ਸਿੰਘ ਬਰਾੜ ,ਪਰਮਿੰਦਰ ਸਿੰਘ ਡਿੰਪਲ, ਵਰੁਣ ਜੋਸ਼ੀ ਅਤੇ ਨਵੀਂ ਭਿੰਡਰ ਆਦਿ ਸੋਸ਼ਲ ਮੀਡੀਆ ਤੇ ਸਰਗਰਮ ਦੇਖੇ ਜਾ ਰਹੇ ਨੇ । ਮੋਗਾ ਜ਼ਿਲੇ ਨਾਲ ਸਬੰਧਤ ਇਨ੍ਹਾਂ ਨੌਜਵਾਨਾਂ ਵੱਲੋਂ ਨਿੱਜੀ ਸੰਪਰਕ ਰਾਹੀਂ ਨੌਜਵਾਨ ਵੋਟਰਾਂ ਨਾਲ ਰਾਬਤਾ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ।ਮੋਗਾ ਵਾਸਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਨੌਜਵਾਨ ਗੁਰਦੀਪ ਸਿੰਘ ਬਰਾੜ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਪੂਰਨ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਬੋਲ ਸੱਚੇ ਹੋਣਗੇ ਜਦੋਂ ਉਨ੍ਹਾਂ ਆਖਿਆ ਸੀ ‘‘ ਗੁਰਦੀਪ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਮਿਲੇਗਾ ।’’  ਦਰਅਸਲ ਗੁਰਦੀਪ ਬਰਾੜ ਨੇ ਅਕਾਲੀ ਸਰਕਾਰ ਸਮੇਂ ਬੇਅਦਬੀ ਕਾਂਡ ਵੇਲੇ ਯੂਥ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਭਰਵਾਂ ਹਿੱਸਾ ਲਿਆ ਤੇ ਉਸ ਸਮੇਤ 5 ਨੌਜਵਾਨਾਂ ਤੇ ਪਰਚਾ ਹੋਇਆ ਅਤੇ 17 ਦਿਨ ਜੇਲ੍ਹ ਕੱਟੀ । ਗੁਰਦੀਪ ਬਰਾੜ ਦੱਸਦਾ ਹੈ ਕਿ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ MP ਹਰੀਸ਼ ਚੌਧਰੀ ਚੌਧਰੀ ਉਸਨੂੰ ਜੇਲ੍ਹ ਵਿੱਚ ਮਿਲਣ ਆਏ । ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਗ੍ਰਹਿ ਵਿਖੇ ਆਏ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜੁਝਾਰੂ ਵਰਕਰਾਂ ਨਾਲ ਪਾਰਟੀ ਹਰ ਵੇਲੇ ਖੜ੍ਹੀ ਰਹੇਗੀ । ਗੁਰਦੀਪ ਬਰਾੜ ਆਖਦੈ ਕਿ ਉਸ ਨੂੰ ਆਪਣੀ ਜਿੱਤ ਦਾ ਪੂਰਨ ਭਰੋਸਾ ਹੈ ਕਿਉਂਕਿ ਨੌਜਵਾਨ ਵਰਕਰ ਉਸ ਦੀ ਕੁਰਬਾਨੀ ਦਾ ਮੁੱਲ ਪਾਉਂਦਿਆਂ ਉਸ ਦਾ ਸਾਥ ਜ਼ਰੂਰ ਦੇਣਗੇ । ਹਲਕਾ ਬਾਘਾ ਪੁਰਾਣਾ ਦਾ ਸਕੱਤਰ ਅਤੇ ਪ੍ਰਧਾਨ ਰਹਿ ਚੁੱਕਾ ਗੁਰਦੀਪ ਬਰਾੜ ਆਖਦੈ ਕਿ ਉਸਨੇ ਕਦੇ ਵੀ ਧੜੇਬੰਦੀ ਵਿੱਚ ਵਿਸ਼ਵਾਸ ਨਹੀਂ ਰੱਖਿਆ ,ਸਗੋਂ ਨਿਰੋਲ ਪਾਰਟੀ ਲਈ ਕੰਮ ਕੀਤਾ । ਹੁਣ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਕਮਰਕੱਸੇ ਕਰੀ ਬੈਠਾ ਗੁਰਦੀਪ ਆਖਦੈ ਕਿ ਜ਼ਿਲ੍ਹੇ ਦੀਆਂ ਚਾਰੇ ਵਿਧਾਨ ਸਭਾ ਸੀਟਾਂ ਤੋਂ ਹਾਈਕਮਾਂਡ ਟਿਕਟ ਜਿਸ ਨੂੰ ਮਰਜ਼ੀ ਦੇਵੇ ,ਉਹ ਯੂਥ ਕਾਂਗਰਸ ਦੀ ਸਮੁੱਚੀ ਟੀਮ ਨਾਲ ਨੰਗੇ ਧੜ ਲੜੇਗਾ ਅਤੇ ਚਾਰੇ ਹਲਕਿਆਂ ਚ ਕਾਂਗਰਸ ਦੀ ਜਿੱਤ ਯਕੀਨੀ ਬਣਾਏਗਾ ।ਵਿਧਾਨ ਸਭਾ ਦੇ ਨਤੀਜੇ ਜੋ ਵੀ ਹੋਣ ਪਰ ਹਾਲ ਦੀ ਘੜੀ ਦੇਖਣਾ ਇਹੀ ਹੋਵੇਗਾ ਕਿ ਯੂਥ ਕਾਂਗਰਸ ਦੀ ਚੋਣ ਲੜ ਰਹੇ ਇਨ੍ਹਾਂ ਨੌਜਵਾਨਾਂ ਵਿੱਚੋਂ ਸਿਹਰਾ ਕਿਸ ਕਿਸ ਦੇ ਸਿਰ ਬੱਝਦਾ ਹੈ ।