ਵਿਧਾਨ ਸਭਾ ‘ਚ ਗੂੰਜਿਆ ਬੈਂਸ, ਕਿਸਾਨ ਕਰਜਾ ਮੁਕਤ ਹੋਣ ਤੱਕ ਹਰ ਵਿਧਾਇਕ ਲਵੇ ਇੱਕ ਰੁਪਿਆ ਤਨਖਾਹ

ਲੁਧਿਆਣਾ, 25 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਜਿੱਥੇ ਪੰਜਾਬ ਦੇ ਕਿਸਾਨਾਂ ਦੇ ਕਰਜ਼ਾ ਮੁਕਤੀ ਹੋਣ ਤੱਕ ਮੁੱਖ ਮੰਤਰੀ, ਮੰਤਰੀ ਸਾਹਿਬਾਨ ਸਮੇਤ ਹਰ ਵਿਧਾਇਕ ਨੂੰ ਇੱਕ ਰੁਪਿਆ ਤਨਖਾਹ ਲੈਣ ਦੀ ਗੱਲ ਕੀਤੀ ਉੱਥੇ ਵੱਖ ਵੱਖ ਮੁੱਦਿਆਂ ਤੇ ਵੀ ਸਰਕਾਰ ਨੂੰ ਘੇਰਿਆ। ਇਸ ਸਬੰਧੀ ਅੱਜ ਪੰਜਾਬ ਵਿਧਾਨ ਸਭਾ ਵਲੋਂ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਸਾਫ ਹੋਇਆ ਕਿ ਵਿਧਾਇਕ ਬੈਂਸ ਨੇ ਜਿੱਥੇ ਪੰਜਾਬ ਵਿਧਾਨ ਸਭਾ ਵਿੱਚ ਇਸ ਮੁੱਦੇ ਤੇ ਬਹਿਸ ਕੀਤੀ ਅਤੇ ਦੱਸਿਆ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਪਹਿਲੀ ਕਤਾਰ ਵਿੱਚ ਰੱਖਣ ਦੀ ਬਜਾਏ ਪਿੱਛੇ ਰੱਖਿਆ ਜਾਂਦਾ ਹੈ। ਸਾਈਨ ਬੋਰਡਾਂ ਸਮੇਤ ਸਾਰੇ ਸਰਕਾਰੀ ਦਫਤਰਾਂ ਵਿੱਚ ਪੰਜਾਬੀ ਭਾਸ਼ਾ ਨੂੰ ਤੀਜੇ ਨੰਬਰ ਤੇ ਰੱਖ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਕੇਂਦਰੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਨੂੰ ਕੇਂਦਰ ਕੋਲ ਮੰਗ ਰੱਖਣ ਦੀ ਗੱਲ ਕਰਨ ਦੇ ਨਾਲ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੁਆਉਣ ਦੀ ਗੱਲ ਤੇ ਜੋਰ ਦਿੱਤਾ। ਇਸ ਦੌਰਾਨ ਉਨਾਂ ਸਕੂਲੀ ਮਾਸਟਰਾਂ ਦੀ ਤਨਖਾਹਾਂ 45 ਹਜਾਰ ਤੋਂ ਘੱਟ ਕਰਕੇ 15 ਹਜਾਰ ਰੁਪਏ ਕਰਨ ਦੇ ਨਾਲ ਨਾਲ ਪ੍ਰਾਈਵੇਟ ਸਕੂਲ ਮਾਫੀਆ ਲੁੱਟ ਸਬੰਧੀ ਵੀ ਪੰਜਾਬ ਸਰਕਾਰ ਨੂੰ ਘੇਰਿਆ। ਇਸ ਤੋਂ ਇਲਾਵਾ ਅਨੇਕਾਂ ਹੋਰਨਾਂ ਮੁੱਦਿਆਂ ਤੇ ਵੀ ਬੈਂਸ ਨੇ ਗੱਲ ਰੱਖੀ ਪਰ ਸਪੀਕਰ ਸਾਹਿਬ ਵਲੋਂ ਹੋਰ ਸਮਾਂ ਨਾ ਦੇਣ ਕਰਕੇ ਅਨੇਕਾਂ ਮੁੱਦਿਆਂ ਤੇ ਸਰਕਾਰ ਘਿਰਨ ਤੋਂ ਬਚ ਗਈ। ਵਿਧਾਇਕ ਬੈਂਸ ਨੇ ਮੰਗ ਕੀਤੀ ਕਿ ਜਿੰਨੀ ਦੇਰ ਕਿਸਾਨਾਂ ਦਾ ਕਰਜਾ ਮੁਆਫ ਨਹੀਂ ਹੁੰਦਾ, ਸਰਕਾਰੀ ਅਧਿਆਪਕਾਂ ਨੂੰ ਪੂਰੀ ਤਨਖਾਹ ਨਹੀਂ ਮਿਲਦੀ, ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ, ਬੇਰੁਜਗਾਰਾਂ ਨੂੰ ਭੱਤਾ ਅਤੇ ਬਜੁਰਗਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ , ਉਨੀ ਦੇਰ ਤੱਕ ਪੰਜਾਬ ਦੇ ਸਾਰੇ 117 ਵਿਧਾਇਕ ਸਮੇਤ ਮੁੱਖ ਮੰਤਰੀ, ਮੰਤਰੀ ਸਾਹਿਬਾਨ ਆਪਣੀ ਤਨਖਾਹ ਸਿਰਫ 1 ਰੁਪਿਆ ਲੈਣ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕੇ।


