ਜਵਾਹਰ ਨਵੋਦਿਆ ਵਿਦਿਆਲਿਆ ‘ਚ ਨੌਵੀਂ ਜਮਾਤ ਲਈ ਦਾਖਲਾ ਸ਼ੁਰੂ, ਵਿਦਿਆਰਥੀ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ‘ਤੇ 10 ਦਸੰਬਰ ਤੋਂ ਪਹਿਲਾਂ ਕਰ ਸਕਦੇ ਹਨ ਅਪਲਾਈ

ਮੋਗਾ 20 ਨਵੰਬਰ:(ਜਸ਼ਨ):ਕੇਂਦਰ ਸਰਕਾਰ ਦੀ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ (ਮੋਗਾ) ਲਈ ਨੌਵੀਂ ਜਮਾਤ ਵਾਸਤੇ ਆਨ-ਲਾਈਨ  ਦਾਖਲਾ ਫਾਰਮ ਭਰਨੇ ਸ਼ੁਰੂ ਹੋ ਚੁਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਵੋਦਿਆ ਵਿਦਿਆਲਿਆ ਦੇ ਪਿ੍ਰੰਸੀਪਲ ਪੀ.ਸੀ. ਉਪਾਧਿਆਇ ਅਤੇ ਇੰਚਾਰਜ ਪ੍ਰੀਖਿਆਵਾਂ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ  ਕਿਸੇ ਵੀ ਸਰਕਾਰੀ ਜਾਂ ਐਫੀਲੀਏਟਿਡ ਸਕੂਲ ਦੇ ਜਿਹੜੇ ਵਿਦਿਆਰਥੀ  ਹੁਣ ਅੱਠਵੀਂ ਜਮਾਤ ਵਿਚ ਪੜ ਰਹੇ ਹਨ, ਉਹ 10 ਦਸੰਬਰ ਤੋਂ ਪਹਿਲਾਂ-ਪਹਿਲਾਂ ਨਵੋਦਿਆ ਵਿਦਿਆਲਿਆ ਲਈ ਆਨਲਾਈਨ ਦਾਖਲਾ ਫਾਰਮ www.navodya.gov.in ਤੇ ਜਾ ਕੇ ਬਿਲਕੁਲ ਮੁਫਤ ਭਰ ਸਕਦੇ ਹਨ। ਉਨਾਂ ਦੱਸਿਆ ਕਿ ਯੋਗ ਪਾਏ ਗਏ ਉਮੀਦਵਾਰਾਂ ਦੀ ਦਾਖਲਾ ਪ੍ਰੀਖਿਆ ਨਵੋਦਿਆ ਵਿਦਿਆਲਿਆ ਲੁਹਾਰਾ ਵਿਚ ਹੀ 08 ਫਰਵਰੀ ਨੂੰ ਲਈ ਜਾਵੇਗੀ ਤੇ ਦਾਖਲਾ ਨਿਰੋਲ ਮੈਰਿਟ ਦੇ ਆਧਾਰ ਤੇ ਦਿੱਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਨਾ-ਮਾਤਰ ਫੀਸ ਦੇ ਆਧਾਰ ਤੇ  ਸੀ.ਬੀ.ਐਸ.ਈ ਸਿਲੇਬਸ ਆਧਾਰਿਤ ਗੁਣਾਤਮਿਕ ਵਿੱਦਿਆ ਤੋਂ ਇਲਾਵਾ,  ਰਿਹਾਇਸ਼, ਖਾਣਾ, ਸਟੇਸ਼ਨਰੀ ਆਦਿ ਦੀ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਨਾਲ ਜਸਵਿੰਦਰਪਾਲ, ਵਿਸ਼ਾਲ, ਚੰਚਲ, ਸਰਿਤਾ, ਨਿਧੀ ਸ਼ਰਮਾ, ਜਸਵੀਰ ਕੌਰ ਆਦਿ ਸਟਾਫ ਮੈਂਬਰ ਹਾਜਰ ਸਨ।