ਚੇਅਰਮੈਨ ਕੁਲਬੀਰ ਸਿੰਘ ਲੌਗੀਵਿੰਡ ਨੂੰ ਸਦਮਾ, ਦਾਦੇ ਦਾ ਦੇਹਾਂਤ , ਅੰਤਿਮ ਅਰਦਾਸ 24 ਨਵੰਬਰ ਨੂੰ

ਮੋਗਾ,18 ਨਵੰਬਰ (ਜਸ਼ਨ):ਹਲਕਾ ਧਰਮਕੋਟ ਦੇ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਅਤਿ ਨਜ਼ਦੀਕੀ ਅਤੇ ਕਾਂਗਰਸ ਪਾਰਟੀ ਦੇ ਜੁਝਾਰੂ ਆਗੂ ਸ. ਕੁਲਬੀਰ ਸਿੰਘ ਲੌਂਗੀਵਿੰਡ ਚੇਅਰਮੈਨ ਦੇ ਦਾਦਾ ਨੰਬਰਦਾਰ ਅਲਬੇਲ ਸਿੰਘ ਲੌਗੀਵਿੰਡ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ । ਇਹ ਖਬਰ ਮਿਲਦਿਆਂ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਲੌਂਗੀਵਿੰਡ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀਆਂ । ਜ਼ਿਕਰਯੋਗ ਹੈ ਕਿ ਨੰਬਰਦਾਰ ਅਲਬੇਲ ਸਿੰਘ ਤਮਾਮ ਉਮਰ ਸਮਾਜ ਸੇਵਾ ਨੂੰ ਪ੍ਰਣਾਏ ਰਹੇ ਅਤੇ ਇਲਾਕੇ ਵਿਚ ਹਰ ਵੱਡਾ ਛੋਟਾ ਉਹਨਾਂ ਨੂੰ ਨੰਬਰਦਾਰ ਵਜੋਂ ਜਾਣਦਾ ਸੀ ਅਤੇ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਸੀ । ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਪੀ ਏ ਸੋਹਣ ਸਿੰਘ ਖੇਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨੰਬਰਦਾਰ ਅਲਬੇਲ ਸਿੰਘ ਦੇ ਅਕਾਲ ਚਲਾਣੇ ਨਾਲ ਨਾ ਸਿਰਫ਼ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਬਲਕਿ ਕਾਂਗਰਸ ਪਾਰਟੀ ਅਤੇ ਸਮਾਜ ਤੋਂ ਇਕ ਕੀਮਤੀ ਹੀਰਾ ਖੁਸ ਗਿਆ ਹੈ।  ਉਹਨਾਂ ਆਖਿਆ ਕਿ ਇਹ ਨੰਬਰਦਾਰ ਅਲਬੇਲ ਸਿੰਘ ਲੌਗੀਵਿੰਡ ਦੀ ਹੀ ਦੂਰਅੰਦੇਸ਼ੀ ਸੀ ਕਿ ਲੌਗੀਵਿੰਡ ਪਰਿਵਾਰ ਇਲਾਕੇ ਵਿਚ ਸੰਯੁਕਤ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ । ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੰਬਰਦਾਰ ਅਲਬੇਲ ਸਿੰਘ ਲੌਂਗੀਵਿੰਡ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ  24 ਨਵੰਬਰ ਦਿਨ ਐਤਵਾਰ ਨੂੰ ਪਿੰਡ ਲੌਗੀਵਿੰਡ ਵਿਖੇ ਹੋਵੇਗਾ।