ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦਾ 91 ਵਾਂ ਬਲੀਦਾਨ ਦਿਵਸ ਉਹਨਾਂ ਦੇ ਜਨਮ ਅਸਥਾਨ ਮੋਗਾ ਦੇ ਪਿੰਡ ਢੁੱਡੀਕੇ ਵਿਖੇ ਮਨਾਇਆ ਗਿਆ

ਮੋਗਾ,17 ਨਵੰਬਰ (ਜਸ਼ਨ): ਅੱਜ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦਾ 91 ਵਾਂ ਬਲੀਦਾਨ ਦਿਵਸ ਉਹਨਾਂ ਦੇ ਜਨਮ ਅਸਥਾਨ ਮੋਗਾ ਦੇ ਪਿੰਡ ਢੁੱਡੀਕੇ ਵਿਖੇ ਮਨਾਇਆ ਗਿਆ। ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿਚ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਵਿਧਾਇਕ ਅਤੇ ਵਿਰੋਧੀ ਧਿਰ ਦੀ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ ਐੱਮ ਐੱਲ ਏ ਮਨਜੀਤ ਸਿੰਘ,ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ ਅਤੇ ਸਾਬਕਾ ਮੰਤਰੀ ਮਾਲਤੀ ਥਾਪਰ ਆਦਿ ਪਤਵੰਤਿਆਂ ਨੇ ਲਾਲਾ ਜੀ ਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਨੇ ਆਜ਼ਾਦੀ ਸੰਗਰਾਮ ਵਿਚ ਕੁਰਬਾਨੀਆਂ ਕਰਨ ਵਾਲੇ ਗਦਰੀ ਬਾਬਿਆਂ ਦੇ ਬੁੱਤਾਂ ’ਤੇ ਵੀ ਫੁੱਲ ਮਾਲਾਵਾਂ ਅਰਪਿਤ ਕੀਤੀਆਂ । ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਬਣੀ ਲਾਈਬੇਰੇਰੀ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਤਿਹਾਸਕ ਤਸਵੀਰਾਂ ਦੇਖੀਆਂ ਅਤੇ ਵਿਜ਼ਟਰ ਬੁੱਕ ਵਿਚ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ।  ਇਸ ਮੌਕੇ ਲਾਲਾ ਲਾਜਪਤ ਰਾਏ ਜਨਮ ਸਥਾਨ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ ਨੇ ਜੀ ਆਇਆਂ ਕਹਿੰਦਿਆਂ ਲਾਲਾ ਲਾਜਪਤ ਰਾਏ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਪਿੰਡ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਆਖਿਆ ਕਿ ਲਾਲਾ ਲਾਜਪਤ ਰਾਏ ਜੀ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀ ਅਤੇ ਇਸੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਏ ਲਾਠੀਚਾਰਜ ਦੌਰਾਨ ਲਾਲਾ ਜੀ ਦਾ ਦੇਹਾਂਤ ਹੋ ਗਿਆ ਸੀ।  ਉਹਨਾਂ ਆਖਿਆ ਕਿ ਸ਼ਹੀਦਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਸਗੋਂ ਸਾਡੀ ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੰੂ ਕਰਵਾਉਣ ਦੀ ਲੋੜ ਹੈ। ਉਹਨਾਂ ਆਖਿਆ ਕਿ ਸ਼ਹੀਦਾਂ ਦੀਆਂ ਮਹਾਨ ਸ਼ਖਸੀਅਤਾਂ ,ਉਹਨਾਂ ਦੀ ਦੇਸ਼ ਪ੍ਰਤੀ ਨਿਸ਼ਠਾ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਜਨੂੰਨ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਹਨਾਂ ਕਿਹਾ ਕਿ ਆਪਣੇ ਪਰਿਵਾਰਾਂ ਦੇ ਮੋਹ ਤੋਂ ਉੱਪਰ ਉੱਠ ਕੇ ,ਦੇਸ਼ ਹਿਤਾਂ ਲਈ ਕੁਰਬਾਨੀ ਕਰਨ ਵਾਲੇ ,ਉੱਚੀ ਸੋਚ ਦੇ ਧਾਰਨੀ ਸ਼ਹੀਦਾਂ ਦੀਆਂ ਯਾਦਾਂ , ਇਹ ਪਵਿੱਤਰ ਸਥਾਨ ਸਮੋਈ ਬੈਠਾ ਹੈ ਅਤੇ ਹਰ ਭਾਰਤੀ ਨੂੰ ਅਜਿਹੀਆਂ ਥਾਵਾਂ ਦੇ ਦਰਸ਼ਨ ਕਰਨ ਦੀ ਲੋੜ ਹੈ। ਇਸ ਮੌਕੇ ਚੇਅਰਮੈਨ ਭੀਮ ਸੈਨ ਯਾਦਵ ਦੀ ਅਗਵਾਈ ਵਿਚ ਸਕੂਲੀ ਵਿਦਿਆਰਥੀਆਂ ਨੂੰ ਬੁੂਟ ਵੀ ਵੰਡੇ ਗਏ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਲਾਲਾ ਲਾਜਪਤ ਰਾਏ ਜਨਮ ਸਥਾਨ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਧੰਨਾ, ਪ੍ਰਧਾਨ ਜਗਜੀਤ ਸਿੰਘ ਰਾਣਾ, ਸਕੱਤਰ ਰਾਜ ਜੰਗ ਸਿੰਘ, ਖਜ਼ਾਨਚੀ ਕੇਵਲ ਸਿੰਘ ਗਿੱਲ, ਮੋਹਨ ਲਾਲ ਗਰਗ, ਨੰਬਰਦਾਰ ਇਕਬਾਲ ਸਿੰਘ, ਡਾ: ਪਵਨ ਥਾਪਰ,ਨਵੰਬਰਦਾਰ ਕੇਵਲ ਸਿੰਘ, ਸਰਪੰਚ ਜਸਵੀਰ ਸਿੰਘ, ਸਰਪੰਚ ਰਿੰਕੂ ਰਾਊਕੇ,ਸਰਪੰਚ ਗੁਰਿੰਦਰਪਾਲ ਸਿੰਘ ਅਜੀਤਵਾਲ,ਦਲਜੀਤ ਸਿੰਘ ਐਡਵੋਕੇਟ,ਸਾਬਕਾ ਸਰਪੰਚ ਜਸਪ੍ਰੀਤ ਸਿੰਘ ਗੈਰੀ,ਸਰਪੰਚ ਰਵੀ ਸ਼ਰਮਾ ਤਖਾਣਬੱਧ,ਸਰਬਜੀਤ ਸਿੰਘ, ਜਗਤਾਰ ਸਿੰਘ ਧਾਲੀਵਾਲ ,ਜਗਦੀਪ ਸਿੰਘ ਜੱਗਾ ਬਲਾਕ ਸੰਮਤੀ ਮੈਂਬਰ, ਪਤਵੰਤ ਸਿੰਘ,ਬਲਾਕ ਪ੍ਰਧਾਨ ਸਤਪਾਲ ਅਤੇ ਸਤਵੰਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਹੋਏ ਸੱਭਿਆਚਾਰਕ ਪ੍ਰੋਗਰਾਮ ਵਿਚ ਸੋਮ ਨਾਥ ਰੋਡਿਆਂ ਵਾਲਿਆਂ ਦੇ ਢਾਡੀ ਜਥੇ ਨੇ ਮਹਾਨ ਆਜ਼ਾਦੀ ਘੁਲਾਟੀਆਂ ਨਾਲ ਸਬੰਧਤ ਇਤਿਹਾਸ ਸੁਣਾਇਆ । ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਅਤੇ ਸੁਰ ਸਿਮਰਨ ਮਿਊਜ਼ੀਕਲ ਅਕਾਦਮੀ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਲਿਬਰੇਜ਼ ਪੇਸ਼ਕਾਰੀਆਂ ਰਾਹੀਂ ਸਭ ਨੂੰ ਪ੍ਰਭਾਵਿਤ ਕੀਤਾ।