ਮਹਾਨ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੋਟਿ ਕੋਟਿ ਪ੍ਰਣਾਮ
(ਵਟਸਐਪ ਤੋਂ ਧੰਨਵਾਦ ਸਹਿਤ)ਪੰਜਾਬ ਦਾ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਕਰਤਾਰ ਸਿੰਘ ਦੀ ਉਮਰ ਪੰਜ ਸਾਲ ਸੀ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ 12 ਸਾਲ ਦੀ ਉਮਰ ਵਿੱਚ ਮਾਤਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਪਾਲਣਾ ਅਤੇ ਪੜ੍ਹਾਈ ਦਾ ਸਾਰਾ ਜ਼ਿੰਮਾ ਦਾਦਾ ਜੀ ਬਦਨ ਸਿੰਘ ਸਿਰ ਆ ਪਿਆ। ਉੱਚ ਵਿੱਦਿਆ ਲਈ ਸਰਾਭਾ ਨੂੰ ਲੁਧਿਆਣਾ ਦੇ ਮਿਸ਼ਨ ਸਕੂਲ ਤੇ ਬਾਅਦ ‘ਚ ਚਾਚਾ ਜੀ ਬਖਸ਼ੀਸ਼ ਸਿੰਘ ਕੋਲ ਉਡੀਸਾ ਵਿਖੇ ਪੜ੍ਹਨ ਲਾਇਆ ਗਿਆ। ਸਕੂਲ ਸਮੇਂ ਤੋਂ ਹੀ ਕਰਤਾਰ ਸਿੰਘ ਨੂੰ ਹੁਸ਼ਿਆਰ ਤੇ ਹੋਣਹਾਰ ਹੋਣ ਕਰਕੇ ‘ਅਫਲਾਤੂ’, ਤੇਜ਼ ਤੇ ਫੁਰਤੀਲਾ ਹੋਣ ਕਰਕੇ ‘ਉੱਡਣਾ ਸੱਪ’ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ।
ਇਲੈਕਟ੍ਰੀਕਲ ਇੰਜਨੀਅਰਿੰਗ ਦੀ ਉੱਚ ਵਿੱਦਿਆ ਬਰਕਲੇ ਯੂਨੀਵਰਸਿਟੀ ਤੋਂ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਅਮਰੀਕਾ ਭੇਜਿਆ ਗਿਆ। ਪਰ ਉਨ੍ਹਾਂ ਦਾਖ਼ਲਾ ਰਸਾਇਣ ਵਿੱਦਿਆ ਦੀ ਡਿਗਰੀ ‘ਚ ਲੈ ਲਿਆ। ਅਮਰੀਕੀਆਂ ਦੇ ਆਜ਼ਾਦੀ ਦੇ ਰੰਗ-ਢੰਗ ਦੇਖ ਕੇ ਅਤੇ ਭਾਰਤੀਆਂ ਨੂੰ ‘ਕੁੱਤੇ’, ‘ਗੁਲਾਮ ਭੇਡਾਂ’ ਤੇ ‘ਕਾਲੇ ਕਵਿਸ਼ੇਸ਼ਣਾਂ ਨਾਲ ਪੁਕਾਰਦੇ ਸੁਣ ਕੇ ਅਣਖੀਲੇ ਕਰਤਾਰ ਸਿੰਘ ਅੰਦਰ ਦੇਸ਼ ਭਗਤੀ ਅਤੇ ਆਜ਼ਾਦੀ ਦਾ ਬੀਜ ਬੀਜਿਆ ਗਿਆ। ਕਰਤਾਰ ਸਿੰਘ ਹੋਰਨਾਂ ਵਿਦਿਆਰਥੀਆਂ ਗਦਰੀ ਬਾਬੇ ਦੇ ਸੰਪਰਕ ਵਿੱਚ ਆ ਗਿਆ। ਉਹ ਭਾਰਤੀ ਕੌਮੀ-ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ‘ਚ ਜਾਣ ਲੱਗਿਆ। ਉਸ ਦਾ ਪੱਕਾ ਵਿਸ਼ਵਾਸ ਬਣ ਗਿਆ ਕਿ ਦੇਸ਼ ਨੂੰ ਵਿਦੇਸ਼ੀ ਧਾੜਵੀਆਂ ਤੋਂ ਕੇਵਲ ਹਥਿਆਰਬੰਦ ਸੰਘਰਸ਼ ਰਾਹੀਂ ਹੀ ਮੁਕਤ ਕਰਵਾਇਆ ਜਾ ਸਕਦਾ ਹੈ। ਪਿੰਡ ਦੇ ਵੱਡੇ ਸਾਥੀ ਰੁਲੀਆ ਸਿੰਘ ਸਰਾਭਾ ਨੇ ਯੂਨੀਵਰਸਿਟੀ ਤੋਂ ਛੁੱਟੀ ਆਏ ਕਰਤਾਰ ਸਿੰਘ ਨੂੰ ਸਮਝਾਇਆ ਕਿ ਤੇਰੀ ਉਮਰ ਹਾਲੇ ਇਹ ਕੰਮ ਕਰਨ ਦੀ ਨਹੀਂ। ਤੇਰੇ ਮਾਪੇ ਨਿੱਕੇ ਹੁੰਦੇ ਦੇ ਤੁਰ ਗਏ ਸਨ। ਤੇਰੇ ਬਾਬੇ ਨੇ ਤੈਨੂੰ ਪਰਦੇਸਾਂ ਵਿੱਚ ਪੜ੍ਹਨ ਲਈ ਭੇਜਿਆ ਹੈ। ਇਸ ਲਈ ਤੂੰ ਅਜੇ ਡਟ ਕੇ ਪੜ੍ਹਾਈ ਕਰ ਤੇ ਉਸ ਦੀਆਂ ਆਸਾਂ ਪੂਰੀਆਂ ਕਰ। ਉਸ ਨੇ ਇਹ ਸਮਝਾ ਕੇ ਕਰਤਾਰ ਸਿੰਘ ਨੂੰ ਪੜ੍ਹਾਈ ਲਈ ਵਾਪਸ ਭੇਜ ਦਿੱਤਾ।
ਇੱਕ ਹੋਟਲ ਵਿੱਚ ਨਸਲ-ਦੁਰਵਿਹਾਰ ਮੌਕੇ ਹੋਈ ਤਕਰਾਰ ਦੀ ਘਟਨਾ ਕਰਕੇ ਸਰਾਭਾ ਪੜ੍ਹਾਈ ਛੱਡ ਕੇ ਪੱਕੇ ਤੌਰ ‘ਤੇ ਰੁਲੀਆ ਸਿੰਘ ਕੋਲ ਪੁੱਜ ਗਿਆ। ਕਰਤਾਰ ਸਿੰਘ ਨੇ ਸਾਰੀ ਕਹਾਣੀ ਦੱਸਣ ਤੋਂ ਬਾਅਦ ਕਿਹਾ ਕਿ ਹੁਣ ਮੈਨੂੰ ਦੁਬਾਰਾ ਪੜ੍ਹਾਈ ਬਾਰੇ ਨਹੀਂ ਕਹਿਣਾ। ਰੁਲੀਆ ਸਿੰਘ ਨੇ ਕਿਹਾ, ‘ਚੰਗਾ ਹੁਣ ਮੁੰਡਿਆਂ ਵਾਲੀ ਗੱਲ ਨਾ ਕਰੀਂ, ਕੁਝ ਕਰਕੇ ਦਿਖਾਈਂ।’ ਕਰਤਾਰ ਸਿੰਘ ਨੇ ਜਵਾਬ ਦਿੱਤਾ, ‘ਮੇਰੇ ‘ਤੇ ਭਰੋਸਾ ਕਰੋ, ਤੁਸੀਂ ਆਪ ਹੀ ਦੇਖ ਲੈਣਾ।’ ਦਸੰਬਰ 1912 ਦੇ ਆਖੀਰਲੇ ਹਫ਼ਤੇ ਬਰਕਲੇ ਯੂਨੀਵਰਸਿਟੀ ਦੇ ਹੋਸਟਲ ਵਿੱਚ ਹੋਈ ਲਾਲਾ ਹਰਦਿਆਲ ਵਾਲੀ ਵਿਦਿਆਰਥੀ ਮੀਟਿੰਗ ਵਿੱਚ ਉਸ ਨੇ ਆਜ਼ਾਦੀ ਦੇ ਘੋਲ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ। 21 ਅਪਰੈਲ 1913 ਨੂੰ ਵੱਖ ਵੱਖ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਨੂੰ ਅਸਟੋਰੀਆ ਵਿਖੇ ਇੱਕਠੇ ਹੋ ਕੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਗਈ। ਇਸ ਪਹਿਲੀ ਮੀਟਿੰਗ ਵਿੱਚ ਹੀ ‘ਗ਼ਦਰ’ ਅਖ਼ਬਾਰ ਕੱਢਣ ਦਾ ਫ਼ੈਸਲਾ ਕੀਤਾ ਗਿਆ ਸੀ। ਪਹਿਲੀ ਨਵੰਬਰ 1913 ਤੋਂ ਯੁਗਾਂਤਰ ਆਸ਼ਰਮ ਤੋਂ ਗ਼ਦਰ ਅਖ਼ਬਾਰ ਪ੍ਰਕਾਸ਼ਿਤ ਹੋਣ ਲੱਗਾ।
ਗ਼ਦਰ ਅਖ਼ਬਾਰ ਵਿੱਚ ਕਰਤਾਰ ਸਿੰਘ ਆਪਣੇ ਵੱਲੋਂ ਲਿਖੇ ਲੇਖ ਅਤੇ ਕਵਿਤਾਵਾਂ ਬਿਨਾ ਨਾਮ ਤੋਂ ਛਾਪਣ ਤੋਂ ਇਲਾਵਾ ਉਰਦੂ ਦੀਆਂ ਲਿਖਤਾਂ ਦਾ ਪੰਜਾਬੀ ਤਰਜਮਾ ਵੀ ਕਰਦਾ ਸੀ। ਉਨ੍ਹਾਂ ਨੂੰ ਗ਼ਦਰ ਅਖ਼ਬਾਰ ਦਾ ਐਡੀਟਰ ਬਣਾ ਦਿੱਤਾ ਗਿਆ। ਗ਼ਦਰ ਪਾਰਟੀ ਦੇ ਫ਼ੈਸਲੇ ਅਨੁਸਾਰ ਕਰਤਾਰ ਸਿੰਘ ਸਰਾਭਾ ਨੇ ਹਵਾਈ ਜਹਾਜ਼ ਉਡਾਉਣ ਤੇ ਮੁਰਮੰਤ ਕਰਨ ਦੀ ਟ੍ਰੇਨਿੰਗ ਵੀ ਲਈ ਤਾਂ ਜੋ ਇਸ ਹੁਨਰ ਦੀ ਵਰਤੋਂ ਹਿੰਦ ਦੀ ਆਜ਼ਾਦੀ ਵਿੱਚ ਕੀਤੀ ਜਾ ਸਕੇ।
ਸਤੰਬਰ 1914 ‘ਚ ਕਰਤਾਰ ਸਿੰਘ ਸਰਾਭਾ ਕੋਲੰਬੋ ਰਾਹੀਂ ਹੁੰਦਾ ਹੋਇਆ ਅਮਰੀਕਾ ਤੋਂ ਭਾਰਤ ਪੁੱਜਾ। ਇੱਥੇ ਆ ਕੇ ਗੁਪਤਵਾਸ ਹੋ ਕੇ ਪੰਜਾਬ ‘ਚ ਗ਼ਦਰ ਪਾਰਟੀ ਦੀ ਜਥੇਬੰਦੀ ਦੀ ਉਸਾਰੀ ਤੇ ਹਥਿਆਰਬੰਦ ਗ਼ਦਰ ਦੀ ਤਿਆਰੀ ਲਈ ਦਿਨ-ਰਾਤ ਇੱਕ ਕਰਨ ਲੱਗਾ। ਉਸ ਦੇ ਅੰਦਰ ਮੌਜੂਦ ਮਾਨਵਤਾ ਲਈ ਬੇਥਾਹ ਪਿਆਰ ਤੇ ਸਤਿਕਾਰ ਦਾ ਉਦੋਂ ਪਤਾ ਲਗਦਾ ਹੈ ਜਦੋਂ ਉਹ ‘ਰੱਬੋਂ’ ਪਿੰਡ ਦੇ ਡਾਕੇ ਦੌਰਾਨ ਇੱਕ ਲੜਕੀ ਦੀ ਬਾਂਹ ਨੂੰ ਹੱਥ ਲਾਉਣ ਵਾਲੇ ਆਪਣੇ ਸਾਥੀ ‘ਤੇ ਪਿਸਤੌਲ ਤਾਣਦਾ ਹੈ ਤੇ ਉਸ ਨੂੰ ਮਾਵਾਂ-ਧੀਆਂ ਦੇ ਪੈਰੀਂ ਪੈਣ ਦਾ ਹੁਕਮ ਦਿੰਦਾ ਹੈ।
ਕਰਤਾਰ ਸਿੰਘ ਸਰਾਭਾ ਨੇ ਰੋਜ਼ 50-50 ਮੀਲ ਸਾਈਕਲ ਚਲਾ ਕੇ ਪਿੰਡਾਂ ਤੇ ਸ਼ਹਿਰਾਂ ‘ਚ ਗ਼ਦਰ ਦਾ ਪ੍ਰਚਾਰ ਅਤੇ ਲਾਮਬੰਦੀ ਕੀਤੀ। ਫਿਰੋਜ਼ਪੁਰ ਤੇ ਮੀਆਂ ਵਾਲੀ ਸਮੇਤ ਕਈ ਫ਼ੌਜੀ ਛਾਉਣੀਆਂ ਅੰਦਰ ਬੇਖ਼ੌਫ਼ ਤੇ ਦਲੇਰਾਨਾ ਵਿਧੀ ਨਾਲ ਫ਼ੌਜੀਆਂ ਨੂੰ ਗ਼ਦਰ ਲਈ ਤਿਆਰ ਕੀਤਾ। ਪਾਰਟੀ ਵਿਚਲੇ ਗ਼ਦਾਰਾਂ ਕਿਰਪਾਲ ਸਿੰਘ ਅਤੇ ਮੂਲਾ ਸਿੰਘ ਵੱਲੋਂ ਗ਼ਦਰ ਦੀ ਤਾਰੀਖ਼ ਤੇ ਯੋਜਨਾ ਪਹਿਲਾਂ 19 ਫਰਵਰੀ 1915 ਤੇ ਫਿਰ 21 ਫਰਵਰੀ 1915 ਬਾਰੇ ਅੰਗਰੇਜ਼ ਹਕੂਮਤ ਕੋਲ ਲੀਕ ਕਰਨ ਦੇ ਸਿੱਟੇ ਵਜੋਂ ਗ਼ਦਰ ਨੂੰ ਵੱਡੀ ਸੱਟ ਵੱਜੀ ਤੇ ਪੂਰੇ ਪੰਜਾਬ ‘ਚ ਗ਼ਦਰੀਆਂ ਦੀ ਫੜੋ-ਫੜਾਈ ਤੇਜ਼ ਹੋ ਗਈ। ਲਾਹੌਰ ਨੇੜੇ ਸਰਗੋਧਾ ਦੀ ਬਾਰ ਦੇ ਚੱਕ ਨੰ: 5 ਤੋਂ ਰਾਜਿੰਦਰ ਸਿੰਘ ਪੈਨਸ਼ਨੀਏ ਦੇ ਘਰੋਂ, ਉਸ ਦੀ ਤੇ ਰਸਾਲਦਾਰ ਗੰਡਾ ਸਿੰਘ ਗੰਡੀਵਿੰਡ ਦੀ ਗ਼ਦਾਰੀ ਤੇ ਮੁਖਬਰੀ ਦੇ ਸਿੱਟੇ ਵੱਜੋਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘਵਾਲਾ 2 ਮਾਰਚ 1915 ਨੂੰ ਇਕੱਠੇ ਫੜੇ ਗਏ ਅਤੇ ਸੈਂਟਰਲ ਜੇਲ੍ਹ ਲਾਹੌਰ ‘ਚ ਡੱਕ ਦਿੱਤੇ ਗਏ।
ਸਰਾਭੇ ਪਿੰਡ ‘ਚੋਂ ਸ਼ਨਾਖ਼ਤ ਲਈ ਲਾਹੌਰ ਜੇਲ੍ਹ ‘ਚ ਪੁੱਜੇ ਗ਼ਦਾਰ ਚੰਨਣ ਸਿੰਘ ਨੂੰ ਦੇਖ ਕੇ ਮੌਤ ਤੋਂ ਨਿਧੜਕ ਕਰਤਾਰ ਸਿੰਘ ਸਰਾਭਾ ਆਪ ਹੀ ਬੋਲਿਆ, ‘ਆਹ ਖੜ੍ਹਾ ਹਾਂ ਮੈਂ ਕਰਤਾਰ ਸਿੰਘ, ਕਿਸੇ ਹੋਰ ‘ਤੇ ਹੱਥ ਨਾ ਧਰ ਦੇਈਂ; ਤੇਰੇ ਮੁਰੱਬੇ ਨਾ ਖੁੱਸ ਜਾਣ।’ ਇਸ ਗ਼ਦਾਰ ਨੂੰ ਪਿੱਛੋਂ ਗੋਰੀ ਸਰਕਾਰ ਨੇ ਇੱਕ ਮੁਰੱਬਾ ਬਖ਼ਸ਼ਿਆ।
ਲਾਹੌਰ ਸਾਜਿਸ਼ ਕੇਸ (ਪਹਿਲਾ) ਅਧੀਨ ਚੱਲੇ ਮੁਕੱਦਮੇ ਵਿੱਚ ਕਰਤਾਰ ਸਿੰਘ ਸਰਾਭਾ ਨੇ ਗ਼ਦਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ। ਜੱਜਾਂ ਨੇ ਕਿਹਾ, ‘ਤੇਰਾ ਇਹ ਬਿਆਨ ਬਹੁਤ ਹੀ ਖ਼ਤਰਨਾਕ ਹੈ, ਇਹ ਤੈਨੂੰ ਫਾਂਸੀ ਲਗਵਾ ਸਕਦਾ ਹੈ। ਕੱਲ੍ਹ ਤਕ ਮੁੜ ਸੋਚ ਕੇ ਬਿਆਨ ਦੇਣਾ।’ ਦੂਜੇ ਦਿਨ ਮੁੜ ਇਹੀ ਬਿਆਨ ਦੁਹਰਾਉਂਦਿਆਂ ਆਪ ਨੇ ਕਿਹਾ, ‘ਮੈਨੂੰ ਛੇਤੀ ਫਾਂਸੀ ਲਾਓ, ਤਾਂ ਜੋ ਮੈਂ ਦੁਬਾਰਾ ਜਨਮ ਲੈ ਕੇ ਅੰਗਰੇਜ਼ ਸਮਾਰਾਜ ਵਿਰੁੱਧ ਲੜੀ ਜਾ ਰਹੀ ਜੰਗ ‘ਚ ਦੁਬਾਰਾ ਸ਼ਾਮਲ ਹੋ ਸਕਾਂ।’
13 ਸਤੰਬਰ 1915 ਨੂੰ ਸਰਾਭਾ ਸਮੇਤ 24 ਸਾਥੀਆਂ ਫਾਂਸੀ ਤੇ ਜਾਇਦਾਦ-ਜਬਤੀ ਦੀ ਸਜ਼ਾ ਸੁਣਾਈ ਗਈ। ਪਰ ਪਿੱਛੋਂ ਵਾਇਸਰਾਏ ਨੇ 17 ਦੀ ਸਜ਼ਾ ਬਦਲ ਕੇ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜਬਤੀ ਕਰ ਦਿੱਤੀ। 16 ਨਵੰਬਰ 1915 ਨੂੰ 7 ਮਹਾਨ ਗਦਰੀ ਯੋਧੇ- ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ (ਪੁਣੇ), ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਵਾਲੀ-ਅੰਮ੍ਰਿਤਸਰ) ਸੈਂਟਰਲ ਜੇਲ੍ਹ ਲਾਹੌਰ ਵਿਖੇ ਹੱਸ-ਹੱਸ ਕੇ ਫਾਂਸੀ ਚੜ੍ਹ ਗਏ।