ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ,ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਚ ਮੁਕੱਦਮਾ ਦਰਜ

ਚੰਡੀਗੜ, 13 ਨਵੰਬਰ :ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੁਲਿਸ ਥਾਣਾ ਦੋਰਾਹਾ ਜਿਲਾ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਮਹਿੰਦਰਪਾਲ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਕਾਇਤਕਰਤਾ ਪ੍ਰੀਤਮ ਸਿੰਘ ਵਾਸੀ ਪਿੰਡ ਰਾਜਗੜ, ਜਿਲਾ ਲੁਧਿਆਣਾ ਦੀ ਸਕਾਇਤ 'ਤੇ ਫੜਿਆ ਹੈ। ਸ਼ਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਕਾਇਤ ਵਿੱਚ ਦੱਸਿਆ ਕਿ ਉਕਤ ਏ.ਐਸ.ਆਈ ਵਲੋਂ ਉਸ ਵਿਰੁੱਧ ਚੱਲ ਰਹੇ ਕੇਸ ਵਿੱਚ ਅਦਾਲਤ ਵਿਚੋਂ ਜਮਾਨਤ ਦਵਾਉਣ ਬਦਲੇ  50,000 ਰੁਪਏ ਦੀ ਮੰਗ ਕੀਤੀ ਹੈ ਅਤੇ ਸੌਦਾ 20,000 ਵਿੱਚ ਤੈਅ ਹੋਇਆ ਹੈ।ਵਿਜੀਲੈਂਸ ਵੱਲੋਂ ਸ਼ਕਾਇਤ ਦੀ ਪੜਤਾਲ ਉਪਰੰਤ ਉਕਤ ਦੋਸੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 10,000 ਰੁਪਏ ਦੀ ਰਿਸਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸੀ ਖਿਲਾਫ ਭ੍ਰਿਸਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।