ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਹੋਈ ਚੋਣ,ਚਮਕੌਰ ਸਿੰਘ ਡਗਰੂ ਪ੍ਰਧਾਨ ਅਤੇ ਭੂਪਿੰਦਰ ਸਿੰਘ ਸੇਖੋਂ ਜ.ਸਕੱਤਰ ਚੁਣੇ ਗਏ

ਮੋਗਾ,11 ਨਵੰਬਰ(ਜਸ਼ਨ): ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵਿੱਛੜੇ ਸਾਥੀ ਕਰਨੈਲ ਸਿੰਘ ਘੋਲੀਆ, ਟੀ.ਯੂ.ਸੀ. ਦੇ ਆਗੂ ਸਤਵੰਤ ਸਿੰਘ ਖੋਟਾ ਦੀ ਪਤਨੀ, ਸਾਥੀ ਭਜਨ ਸਿੰਘ ਦੇ ਚਚੇਰੇ ਭਰਾ, ਆਲ ਇੰਡੀਆ ਟ੍ਰੇਡ ਯੂਨੀਅਨ ਕੌਂਸਲ ਦੇ ਕੌਮੀ ਆਗੂ ਗੁਰੂ ਦਾਸ ਦਾਸ ਗੁਪਤਾ, ਸ਼ਮੀਮ ਫੈਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਮੀਟਿੰਗ ਸ਼੍ਰੀਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ, ਕਰਤਾਰਪੁਰ ਦੇ ਲਾਂਘੇ ਦਾ ਸਿਹਰਾ ਲੈਣ ਲਈ ਵੱਖ ਵੱਖ ਧਿਰਾਂ ਵਿੱਚ ਲੱਗੀ ਹੋੜ ਨੂੰ ਨਿੰਦਦੇ ਹੋਏ ਕਿਹਾ ਗਿਆ ਕਿ ਸਾਨੂੰ ਸਿਰਫ਼ ਤ ਸਿਰਫ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਹੀ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦੇ ਦੱਸੇ ਰਾਹ ਅਨੁਸਾਰ ਕਿਰਤ ਕਰਨੀ ਅਤੇ ਵੰਡ ਛਕਣਾ ਹੀ ਸਾਡਾ ਮਨੋਰਥ ਹੋਣਾ ਚਾਹੀਦਾ ਹੈ। ਲੋਟੂ ਧਿਰਾਂ ਵੱਲੋਂ ਗਰੀਬ ਕਿਰਤੀਆਂ ਦੀ ਕੀਤੀ ਜਾਂਦੀ ਲੁੱਟ ਦੀ ਉਸ ਸਮੇਂ ਦੇ ਮਲਕ ਭਾਗੋ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ ਲੋਟੂ ਨਿਜ਼ਾਮ ਖਤਮ ਹੋਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਪਹੁੰਚੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਇਕਾਈ ਮੋਗਾ ਵੱਲੋਂ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਨਵੀਂ ਚੋਣ ਪ੍ਰਕਿਰਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ। ਇਸ ਉਪਰੰਤ ਸਾਰੇ ਸਾਥੀਆਂ ਨੇ ਸਲਾਹ ਮਸ਼ਵਰੇ ਨਾਲ ਇੱਕ ਪੈਨਲ ਬਣਾਇਆ ਜਿਸ ਨੂੰ ਜਥੇਬੰਦੀ ਸੂਬਾਈ ਆਗੂ ਅਤੇ ਪਸਸਫ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਪੇਸ਼ ਕਰਦਿਆਂ ਇਸ ਪੈਨਲ ਵਿੱਚ ਵਾਧਾ/ ਘਾਟਾ ਕਰਨ ਲਈ ਹਾਊਸ ਨੂੰ ਸੰਬੋਧਨ ਕੀਤਾ। ਹਾਊਸ ਨੇ ਪੇਸ਼ ਕੀਤੇ ਪੈਨਲ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ। ਨਵੀਂ ਚੁਣੀ ਗਈ ਕਮੇਟੀ ਵਿੱਚ ਮੁੱਖ ਸਲਾਹਕਾਰ ਪੋਹਲਾ ਸਿੰਘ ਬਰਾੜ, ਚੇਅਰਮੈਨ ਬਚਿੱਤਰ ਸਿੰਘ ਧੋਥੜ, ਪ੍ਰਧਾਨ ਚਮਕੌਰ ਸਿੰਘ ਡਗਰੂ, ਸੀ.ਮੀਤ ਪ੍ਰਧਾਨ ਨਿਰੰਜਣ ਸਿੰਘ ਸੇਖੋਂ, ਮੀਤ ਪ੍ਰਧਾਨ ਲਛਮਣ ਸਿੰਘ ਘੋਲੀਆ, ਗੁਰਮੇਲ ਸਿੰਘ ਨਾਹਰ, ਚਮਕੌਰ ਸਿੰਘ ਲੰਗੇਆਣਾ, ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ, ਸਹਾਇਕ ਸਕੱਤਰ ਮੱਘਰ ਸਿੰਘ, ਕੈਸ਼ੀਅਰ ਅਜਮੇਰ ਸਿੰਘ, ਸਹਾਇਕ ਕੈਸ਼ੀਅਰ ਭਜਨ ਸਿੰਘ, ਪੈ੍ਰੱਸ ਸਕੱਤਰ ਪ੍ਰੇਮ ਕੁਮਾਰ, ਕਾਨੂਨੀ ਸਲਾਹਕਾਰ ਸੱਤਪਾਲ ਸਹਿਗਲ, ਐਗਜੈਕਟਿਵ ਮੈਂਬਰਜ਼ ਬਲਵਿੰਦਰ ਸਿੰਘ ਧਰਮਕੋਟ, ਬਲਵਿੰਦਰ ਸਿੰਘ ਮਾਛੀਕੇ, ਤਰਲੋਚਣ ਸਿੰਘ ਚੁਣੇ ਗਏ। ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਸਰਵ ਸੰਮਤੀ ਨਾਲ ਚੋਣ ਕਰਨ ਲਈ ਇਜਲਾਸ ਦਾ ਧੰਨਵਾਦ ਕੀਤਾ। ਨਵੀਂ ਚੁਣੀ ਗਈ ਕਮੇਟੀ ਵੱਲੋਂ ਪ੍ਰਧਾਨ ਚਮਕੌਰ ਸਿੰਘ ਡਗਰੂ ਅਤੇ ਜਨਰਲ ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਆਉਣ ਵਾਲੇ ਸਮੇਂ ਵਿੱਚ ਜਥਬੰਦਕ ਸਰਗਰਮੀਆਂ ਨੂੰ ਹੋਰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਦਾ ਵਚਨ ਦਿੱਤਾ। ਇਸ ਮੀਟਿੰਗ ਵਿੱਚ 80 ਤੋਂ ਵੱਧ ਪੈਨਸ਼ਨਰਾਂ ਨੇ ਭਾਗ ਲਿਆ।