ਰੌਸ਼ਨੀਆਂ ਅਤੇ ਅਵਾਜ਼ ਅਧਾਰਿਤ ਸ਼ੋਅ ਵੇਖਣ ਲਈ ਪਹੁੰਚੀ ਸ਼ਰਧਾਲੂਆਂ ਦੀ ਭੀੜ

ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ) 9 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸ਼ਨੀਵਾਰ ਦੀ ਸ਼ਾਮ ਇਸ ਪਵਿੱਤਰ ਨਗਰੀ ਵਿਚ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਨੇ ਪੰਜਾਬ ਸਰਕਾਰ ਵੱਲੋਂ 'ਰਬਾਬ' ਪੰਡਾਲ ਵਿਚ ਕਰਵਾਏ ਰੌਸ਼ਨੀਆਂ ਅਤੇ ਅਵਾਜ਼ ਤੇ ਅਧਾਰਿਤ ਮਲਟੀਮੀਡੀਆ ਸ਼ੋਅ ਦਾ ਅਨੰਦ ਮਾਣਿਆ। ਇਹ ਗ੍ਰੈਂਡ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਮੌਕੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਜਨਰਲ ਮੈਨੇਜਰ ਸ੍ਰੀ ਰਾਜੀਵ ਗੁਪਤਾ ਨੇ ਇਕ ਸ਼ਰਧਾਲੂ ਵਜੋਂ ਸ਼ਿਰਕਤ ਕੀਤੀ। ਸਥਾਨਕ ਸਰਕਾਰਾਂ ਵਿਭਾਗ ਦੇ ਖੇਤਰੀ ਡਿਪਟੀ ਡਾਇਰੈਕਟਰ ਸ: ਬਰਜਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਇਸ ਸ਼ੋਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਏ. ਐਸ. ਭੁੱਲਰ ਅਤੇ ਐਸ. ਐਸ. ਪੀ. ਵਿਜੀਲੈਂਸ ਜਲੰਧਰ ਰੇਂਜ ਦਿਲਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ, ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਗੁਪਤਾ ਨੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ਼ੋਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ਬਿਰਤਾਂਤ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਨੇ ਆਪਣੇ ਜੀਵਨ ਦੌਰਾਨ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਜੋ ਸੰਦੇਸ਼ ਦਿੱਤਾ ਸੀ ਉਸ ਨੂੰ ਇਸ ਸ਼ੋਅ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ। À ਕਿਹਾ ਕਿ ਸ਼ੋਅ ਵਿਚ ਭਾਈਚਾਰਕ ਸਾਂਝ, ਮਹਿਲਾ ਸ਼ਸਕਤੀਕਰਨ, ਵਾਤਾਵਰਨ ਦੀ ਸੰਭਾਲ ਵਰਗੇ ਸਮਾਜਿਕ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਉਨ੍ਹਾਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਦੀਆਂ ਬਾਅਦ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਸਾਡਾ ਰਾਹ ਰੌਸ਼ਨਾ ਰਹੀਆਂ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਇਹ ਮਲਟੀਮੀਡੀਆ ਲਾਈਟ ਅਤੇ ਸ਼ੋਅ ਪ੍ਰੋਗਰਾਮ ਵੇਖਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਪ੍ਰਚਾਰ ਲਈ ਕੀਤੇ ਗਏ ਇਸ ਉਦਮ ਦੀ ਜ਼ੋਰਦਾਰ ਸਲਾਘਾ ਕੀਤੀ, ਜਿਸ ਰਾਹੀਂ ਗੁਰੂ ਜੀ ਦੇ ਫ਼ਲਸਫ਼ੇ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਰਿਹਾ ਹੈ।ਇਸ ਤੋਂ ਬਾਅਦ ਪੰਥ ਦੇ ਮਸ਼ਹੂਰ ਕਵੀਸ਼ਰ ਭਾਈ ਹਰਦੇਵ ਸਿੰਘ ਨੇ ਆਪਣੇ ਧਾਰਮਿਕ ਗਾਇਨ ਰਾਹੀਂ ਗੁਰੂ ਜੀ ਨੂੰ ਯਾਦ ਕੀਤਾ। ਉਨ੍ਹਾਂ ਨੇ ਵਾਰਾਂ ਰਾਹੀਂ ਬਹੁਤ ਹੀ ਉਮਦਾ ਤਰੀਕੇ ਨਾਲ ਗੁਰੂ ਜੀ ਦੇ ਜੀਵਨ ਬਿਰਤਾਂਤ ਸੰਗਤਾਂ ਨਾਲ ਸਾਂਝੇ ਕੀਤੇ। ਇਸ ਮੌਕੇ ਜਲੰਧਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਇੱਥੇ ਪੁੱਜੇ ਕੁਲਵੰਤ ਸਿੰਘ ਨੇ ਇਹ ਸ਼ੋਅ ਵੇਖਣ ਤੋਂ ਬਾਅਦ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਰੂਪਮਾਨ ਕਰਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਇਹ ਲਾਈਟ ਐਂਡ ਸਾਉਂਡ ਸ਼ੋਅ 6 ਤੋਂ 15 ਨਵੰਬਰ ਤੱਕ ਚੱਲੇਗਾ। 6 ਤੋਂ 10 ਨਵੰਬਰ ਅਤੇ 13 ਤੋਂ 15 ਨਵੰਬਰ ਤੱਕ ਇਹ ਸ਼ੋਅ ਸ਼ਾਮ 7 ਤੋਂ 9:15 ਵਜੇ ਤੱਕ ਅਤੇ 11 ਤੋਂ 13 ਨਵੰਬਰ ਤੱਕ 7 ਤੋਂ 10:30 ਵਜੇ ਤੱਕ ਚੱਲੇਗਾ।