ਭਾਰੀ ਬਾਰਸ਼ ਤੋਂ ਬਾਅਦ ਸੁਲਤਾਨਪੁਰ ਲੋਧੀ ‘ਚ ਕੁੱਝ ਹੀ ਘੰਟਿਆਂ ਮਗਰੋਂ ਹਾਲਾਤ ਆਮ ਵਰਗੇ,ਡਿਪਟੀ ਕਮਿਸ਼ਨਰ ਸ੍ਰੀ ਖਰਬੰਦਾ ਦੀਆਂ ਕੋਸ਼ਿਸ਼ਾਂ ਨਾਲ ਇਤਿਹਾਸਕ ਸ਼ਹਿਰ 12 ਘੰਟਿਆਂ ਅੰਦਰ ਹੀ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ

ਚੰਡੀਗੜ/ਕਪੂਰਥਲਾ, 8 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸੁਲਤਾਨਪੁਰ ਲੋਧੀ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾੳਣ ਲਈ ਜ਼ਿਲਾ ਪ੍ਰਸ਼ਾਨ ਵੱਲੋਂ ਆਪਣੀ ਸਾਰੀ ਤਾਕਤ ਲਗਾ ਦੇਣ ਕਾਰਨ ਭਾਰੀ ਬਾਰਸ਼ ਤੋਂ 12 ਘੰਟਿਆਂ ਵਿਚਕਾਰ ਹੀ ਇਸ ਇਤਿਹਾਸਕ ਸ਼ਹਿਰ ਵਿੱਚ ਹਾਲਾਤ ਆਮ ਵਰਗੇ ਹੋ ਗਏ।ਵੀਰਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਬਾਰਸ਼ ਸ਼ੁਰੂ ਹੁੰਦੇ ਸਾਰ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਕਿਸੇ ਵੀ ਅਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਬਣਾਈ ਆਪਣੀ ਯੋਜਨਾ ਨੂੰ ਪੂਰੀ ਤਰਾਂ ਜ਼ਮੀਨ ਉਤੇ ਉਤਾਰ ਦਿੱਤਾ। ਇਸ ਤਹਿਤ ਪੁਲੀਸ, ਸਥਾਨਕ ਪ੍ਰਸ਼ਾਸਨ, ਰੋਡਵੇਜ਼, ਪੀ.ਐਸ.ਪੀ.ਸੀ.ਐਲ., ਸਿਹਤ, ਜਲ ਸਪਲਾਈ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਤਕਰੀਬਨ ਇਕ ਹਜ਼ਾਰ ਜਵਾਨਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇੰਨੀ ਭਾਰੀ ਬਾਰਸ਼ ਹੋਣ ਕਾਰਨ ਵੀ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।ਰੋਜ਼ਾਨਾ ਤੜਕੇ ਤਿੰਨ ਵਜੇ ਤੱਕ ਫੀਲਡ ਵਿੱਚ ਰਹਿ ਕੇ ਸਾਰੇ ਕੰਮਾਂ ਦੀ ਨਿਗਰਾਨੀ ਕਰ ਰਹੇ ਡਿਪਟੀ ਕਮਿਸ਼ਨਰ ਸ੍ਰੀ ਖਰਬੰਦਾ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਇਸ ਇਤਿਹਾਸਕ ਸ਼ਹਿਰ ਵਿੱਚ ਸ਼ਰਧਾਲੂਆਂ ਲਈ ਘੱਟ ਘੱਟ ਤੋਂ ਅਸੁਵਿਧਾ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿੰਡ ਮਾਛੀਜੋਆ, ਤਰਫ਼ ਬਹਿਬਲ ਬਹਾਦਰ (ਲੋਹੀਆਂ ਸੜਕ ਉਤੇ) ਅਤੇ ਰਣਧੀਰਪੁਰ ਵਿੱਚ ਗੁਰੂ ਨਾਨਕ ਨਗਰ 1, ਗੁਰੂ ਨਾਨਕ ਨਗਰ 2 ਅਤੇ ਗੁਰੂ ਨਾਨਕ ਨਗਰ 3 ਦੇ ਨਾਮ ਉਤੇ ਬਣੇ ਟੈਂਟ ਸਿਟੀਆਂ ਦਾ ਸ੍ਰੀ ਖਰਬੰਦਾ ਨੇ ਖ਼ੁਦ ਦੌਰਾ ਕੀਤਾ। ੳਨਾਂ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਤੇ ਜੋਸ਼ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਇਨਾਂ ਟੈਂਟ ਸਿਟੀਆਂ ਵਿੱਚ ਰਹਿ ਰਹੇ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਸਰਕਾਰੀ ਮਸ਼ੀਨਰੀ ਦੀਆਂ ਇਨਾਂ ਕੋਸ਼ਿਸ਼ਾਂ ਨਾਲ ਹੀ ਸਵੇਰ ਤੱਕ ਹੀ ਟੈਂਟ ਸਿਟੀਆਂ ਅਤੇ ਇਸ ਸ਼ਹਿਰ ਵਿੱਚ ਪੂਰੀ ਤਰਾਂ ਸਫ਼ਾਈ ਹੋ ਗਈ ਅਤੇ ਇਹ ਸ਼ਹਿਰ ਅਕੀਦਤ ਭੇਟ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ ਹੋ ਗਿਆ। ਇਸੇ ਤਰਾਂ ਸੜਕਾਂ ਉਤੇ ਜਮਾਂ ਹੋਈ ਗਾਦ ਅਤੇ ਕੂੜੇ ਨੂੰ ਵੀ ਜਲਦੀ ਹਟਾ ਦਿੱਤਾ ਗਿਆ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅੱਧੀ ਰਾਤ ਤੋਂ ਬਾਅਦ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਨਿਰਵਿਘਨ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਸ਼ਰਧਾਲੂਆਂ ਨੂੰ ਔਖ ਦਾ ਸਾਹਮਣਾ ਨਾ ਹੋਵੇ।ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਮੌਸਮ ਦੀ ਖਰਾਬੀ ਨੂੰ ਰੋਕਣਾ ਕਿਸੇ ਦੇ ਹੱਥ ਵੱਸ ਨਹੀਂ ਹੈ ਪਰ ਪ੍ਰਸ਼ਾਸਨ ਵੱਲੋਂ ਬਾਰੀਕਬੀਨੀ ਨਾਲ ਬਣਾਈ ਭਵਿੱਖਮੁਖੀ ਯੋਜਨਾ ਕਾਰਨ ਅਸੀਂ ਇਸ ਮੁਸ਼ਕਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਸਕੇ। ਉਨਾਂ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਅਨੂਠੇ ਤਰੀਕੇ ਨਾਲ ਮਨਾਉਣ ਲਈ ਵਚਨਬੱਧ ਹੈ।    
---------