ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋ ਅੱਜ ਦੇ ਵਿਸ਼ੇਸ਼ ਸੈਸ਼ਨ ਦੌਰਾਨ ਦਿੱਤੇ ਭਾਸ਼ਣ ‘ਚ ਆਖਿਆ ‘‘ ਜਦੋਂ ਜਹਿਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖਿਆਲ ਪੁੰਗਰਦਾ ਹੈ ਤਦ ਆਪ ਮੁਹਾਰੇ ਉਨਾਂ ਵਲੋਂ ਸਾਰੀ ਮਾਨਵਤਾ ਨੂੰ ਦਿੱਤਾ ਸੰਦੇਸ਼ ਬੁੱਲਾਂ ’ਤੇ ਆ ਜਾਂਦਾ ਹੈ ‘‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’’

ਮਾਨਵਤਾ ਦੇ ਪੁੰਜ, ਸਮੁੱਚੀ ਲੋਕਾਈ ਨੂੰ ਪ੍ਰਣਾਏ ਹੋਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੁਕੱਦਸ ਮੌਕੇ ਤੇ ਵਿਸ਼ੇਸ਼ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਮੈਂ ਆਪ ਸਭਨਾ ਦਾ ਪੰਜਾਬ ਵਿਧਾਨ ਸਭਾ ਦੇ ਵਿਹੜੇ ਵਿਚ ਦਿਲ ਦੀਆਂ ਗਹਿਰਾਈਆਂ ਤੋਂ ਖੈਰ ਮਕਦਮ ਕਰਦਾ ਹਾਂ। ਅਸੀਂ ਵਡਭਾਗੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਸਾਨੂੰ ਸਭਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਬਾਬੇ ਨਾਨਕ ਦੀ ਮੇਹਰ ਸਦਕਾ ਅਸੀਂ ਸਾਰੇ ਇਸ ਪਾਵਨ ਮੌਕੇ ਨੂੰ ਸਮਰਪਿਤ ਇਸ ਖ਼ਸੂਸੀ ਇਜਲਾਸ ਦੇ ਗਵਾਹ ਬਣ ਸਕੇ ਹਾਂ। 
ਪੰਜਾਬ ਵਿਧਾਨ ਸਭਾ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਦੇ ਅਗਾਜ਼ ਮੌਕੇ ਉਚੇਚੇ ਤੌਰ ’ਤੇ ਸਾਡੇ ਦਰਮਿਆਨ ਪਹੁੰਚੇ ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਸ੍ਰੀ ਐਮ. ਵੈਂਕਈਯਾ ਨਾਇਡੂ ਜੀ ਨੂੰ ਮੈਂ ਜੀ ਆਇਆਂ ਆਖਦਾ ਹਾਂ। ਮੰਚ ਉੱਤੇ ਬਿਰਾਜਮਾਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ, ਉੱਘੇ ਅਰਥਸ਼ਾਸ਼ਤਰੀ ਮਾਨਯੋਗ ਡਾ. ਮਨਮੋਹਨ ਸਿੰਘ ਜੀ, ਪੰਜਾਬ ਦੇ ਮਾਨਯੋਗ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਜੀ, ਹਰਿਆਣਾ ਸੂਬੇ ਦੇ ਮਾਨਯੋਗ ਰਾਜਪਾਲ ਸ੍ਰੀ ਸੱਤਿਆ ਦੇਵ ਨਰਾਇਣ ਆਰਿਆ ਜੀ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਜੀ, ਸ਼੍ਰੀ ਗਿਆਨ ਚੰਦ ਗੁਪਤਾ ਜੀ, ਮਾਨਯੋਗ ਸਪੀਕਰ, ਹਰਿਆਣਾ ਵਿਧਾਨ ਸਭਾ, ਇਸ ਪਵਿੱਤਰ ਸਦਨ ਵਿਚ ਸਮੂਹ ਦੋਵਾਂ ਸੂਬਿਆਂ ਦੇ ਮੰਤਰੀ ਸਾਹਿਬਾਨ, ਵਿਰੋਧੀ ਧਿਰ ਦੇ ਆਗੂ, ਸਾਂਸਦ, ਵਿਧਾਇਕ ਅਤੇ ਉੱਘੀਆਂ ਸਮੂਹ ਮਹਾਨ ਸ਼ਖਸੀਅਤਾਂ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ। 
ਜਦੋਂ ਜਹਿਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਖਿਆਲ ਪੁੰਗਰਦਾ ਹੈ ਤਦ ਆਪ ਮੁਹਾਰੇ ਉਨਾਂ ਵਲੋਂ ਸਾਰੀ ਮਾਨਵਤਾ ਨੂੰ ਦਿੱਤਾ ਗਿਆ ਮੁੱਖ ਸੰਦੇਸ਼ ਬੁੱਲਾਂ ’ਤੇ ਆ ਜਾਂਦਾ ਹੈ  
‘‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’’ 
ਕਿਰਤ ਕਰਨ ਦਾ ਸੁਨੇਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ’ਚ ਕੰਮ ਕਰਦਿਆਂ ਵੀ ਦਿੱਤਾ ਅਤੇ ਕਰਤਾਰਪੁਰ ਸਾਹਿਬ ਦੇ ਖੇਤਾਂ ਵਿਚ ਹਲ ਵਾਹ ਕੇ ਖੇਤੀ ਦੀ ਕਿਰਤ ਨੂੰ ਵੀ ਮਹਾਨ ਕਿਰਤ ਵਿਚ ਸ਼ੁਮਾਰ ਕਰ ਦਿੱਤਾ। ਕਿਰਤ ਕਰਨ ਦੇ ਨਾਲ-ਨਾਲ ਨਾਮ ਜਪਣ ਦੀ ਗੱਲ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆਂ ਦੇ ਸਾਧੂਆਂ ਨੂੰ ਛਕਾਏ ਭੋਜਨ ’ਚੋਂ ਤੇਰਾ-ਤੇਰਾ ਤੋਲਦਿਆਂ ਵੰਡ ਛਕਣ ਦਾ ਸੁਨੇਹਾ ਵੀ ਦਿੱਤਾ।  ਵੰਡ ਛਕਣ ਦਾ ਸੰਦੇਸ਼ ਦੇ ਕੇ ਸਮਾਜ ਨੂੰ ਜਿੱਥੇ  ਗੁਰੂ ਸਾਹਿਬ ਨੇ ਇੱਕ ਸਮਾਨਤਾ ਦਾ ਸੁਨੇਹਾ ਦਿੰਦੇ ਹਨ, ਉੱਥੇ ਸਮਾਜਿਕ ਤੇ ਆਰਥਿਕ ਬਰਾਬਰਤਾ ਦੀ ਵੀ ਗੱਲ ਕਰਕੇ ਉਹ ਸਾਡੀਆਂ ਸਮੁੱਚੀਆਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਰਾਹ ਦੱਸਦੇ ਹਨ। 
ਜਦੋਂ ਬੋਲਣ ਦੀ ਅਜ਼ਾਦੀ ’ਤੇ ਵੀ ਪਾਬੰਦੀ ਲੱਗ ਰਹੀ ਹੋਵੇ, ਜਦੋਂ ਸਮਾਜਿਕ ਰਿਸ਼ਤਿਆਂ ਨੂੰ ਖੋਰਾ ਲੱਗ ਰਿਹਾ ਹੋਵੇ, ਜਦੋਂ ਮਾਨਵ, ਮਾਨਵ ਨਾ ਰਹਿ ਕੇ ਜਾਤਾਂ-ਪਾਤਾਂ ਵਿਚ ਵੰਡਿਆ ਜਾ ਰਿਹਾ ਹੋਵੇ, ਤਦ ਪੂਰੀ ਲੋਕਾਈ ਨੂੰ ਇਕ ਸੂਤਰ ਵਿਚ ਪਰੋਣ ਲਈ ਚਾਹੇ ਰਬਾਬ ’ਤੇ ਸ਼ਬਦ ਉਚਾਰਨ ਦੀ ਗੱਲ ਹੋਵੇ, ਚਾਹੇ ਉਦਾਸੀਆਂ ਰਾਹੀਂ ਲੰਬਾ ਪੈਂਡਾ ਤੈਅ ਕਰਨ ਦੀ ਗੱਲ ਹੋਵੇ, ਚਾਹੇ ਸਮੇਂ ਦੇ ਹਾਕਮਾਂ ਨੂੰ ਸਵਾਲ ਪੁੱਛਣ ਦੀ ਗੱਲ ਹੋਵੇ, ਤਦ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਸਭ ਦੇ ਸਾਹਮਣੇ ਆ ਖਲੋਂਦੇ ਹਨ ਤੇ ਮੇਰੇ ਜਹਿਨ ਵਿਚ ਕਵੀ ਅਲਾਮਾ ਇਕਬਾਲ ਦੀਆਂ ਸਤਰਾਂ ਆਉਂਦੀਆਂ ਹਨ :
ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਵਾਬ ਸੇ।
ਮਾਂ ਬੋਲੀ ਪੰਜਾਬੀ ਭਾਸ਼ਾ ਦਾ ਰੁਤਬਾ ਉਚਾ ਤੇ ਸੁੱਚਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਤੋਂ ਲੈ ਕੇ ਇਲਾਹੀ ਬਾਣੀ ਦੀ ਸਿਰਜਣਾ ਤੱਕ ਸਾਡੀ ਝੋਲੀ ਏਨੀਆਂ ਵਡਮੁੱਲੀਆਂ ਦਾਤਾਂ ਪਾਈਆਂ ਕਿ ਜੇਕਰ ਅਸੀਂ ਉਸ ਖਜ਼ਾਨੇ ਵਿਚੋਂ ਚੰਦ ਮੋਤੀ ਵੀ ਚੁਗ ਕੇ ਆਪਣੇ ਜੀਵਨ ਵਿਚ ਸੰਭਾਲ ਲਈਏ ਤਦ ਕੂੜ, ਬੇਇਨਸਾਫੀ, ਫਰੇਬ, ਊਚ-ਨੀਚ, ਜਾਤ-ਪਾਤ, ਵਹਿਮ ਭਰਮ, ਪਖੰਡ, ਆਰਥਿਕ ਵਖਰੇਵੇਂ ਵਰਗੀਆਂ ਅਲਾਮਤਾਂ ਤੋਂ ਛੁਟਕਾਰਾ ਪਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਵਾਲਾ ਜਿੱਥੇ ਸਮਾਜ ਉਸਾਰ ਸਕਦੇ ਹਾਂ, ਉਥੇ 
‘‘ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤੁ’’
ਦੇ ਪਾਵਨ ਸੰਦੇਸ਼ ਨੂੰ ਜੇਕਰ ਜੀਵਨ ਦਾ ਉਦੇਸ਼ ਬਣਾ ਲਈਏ ਤਾਂ ਅਜੋਕੇ ਸਮੇਂ ਵਿਚ ਵਿਸ਼ਵ ਵਿਆਪੀ ਦੂਸ਼ਿਤ ਵਾਤਾਵਰਣ-ਪਾਣੀ ਆਦਿ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਹਾਂ। ਅੱਜ ਅਸੀਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਜਿਸ ਧਰਤੀ ’ਤੇ ਆਪਣਾ ਜੀਵਨ ਬਸਰ ਕਰ ਰਹੇ ਹਾਂ, ਇਥੋਂ ਦੇ ਹਾਲਾਤ ਨੂੰ ਹੋਰ ਰੂਹਾਨੀਅਤ ਭਰਪੂਰ ਤੇ ਕੁਦਰਤੀ ਬਣਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਸਰਸਾਏ ਮਾਰਗ ’ਤੇ ਚੱਲਣਾ ਹੋਰ ਵੀ ਜ਼ਰੂਰੀ ਹੈ।
ਪੰਜਾਬ ਵਿਧਾਨ ਸਭਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵਿਚ ਮੌਜੂਦ ਸਾਡੇ ਸਾਰਿਆਂ ਦੀ ਜੋ ਜ਼ਿੰਮੇਵਾਰੀ ਹੈ, ਉਹ ਜ਼ਿੰਮੇਵਾਰੀ ਸਮੁੱਚੀ ਕਾਇਨਾਤ ਦੇ ਹਰ ਵਾਸੀ ਦੀ ਵੀ ਹੈ, ਕਿ ਆਪਾਂ ਇਕ ਸਮਾਨਤਾ ਅਤੇ ਸਭਨਾਂ ਦੇ ਸਤਿਕਾਰ ਵਾਲਾ ਉਹ ਸਮਾਜ ਸਿਰਜੀਏ, ਜਿਸ ਦਾ ਸੁਨੇਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਾਵਨ ਬਾਣੀ ਵਿਚ ਦਿੱਤਾ ਹੈ। 
ਜਦੋਂ ਮੈਂ ਇਹ ਸਤਰ ਪੜਦਾ ਤੇ ਸੁਣਦਾ ਹਾਂ 
‘‘ਸੋ ਕਿਉ ਮੰਦਾ ਆਖੀੲੈ ਜਿਤੁ ਜੰਮੇ ਰਾਜਾਨ’’
ਤਾਂ ਮੈਂ ਆਪਣੇ ਆਪ ਨੂੰ ਵੀ ਸਵਾਲ ਕਰ ਬਹਿੰਦਾ ਹਾਂ ਕਿ 550 ਸਾਲ ਬਾਅਦ ਵੀ, ਕੀ ਅਸੀਂ ਔਰਤ ਨੂੰ ਆਪਣੀਆਂ ਪ੍ਰਮਾਣਿਤ, ਸਤਿਕਾਰਤ ਤੇ ਪੂਜਣ ਵਾਲੀਆਂ ਥਾਵਾਂ ਦੇ ਨਾਲ-ਨਾਲ ਸਮਾਜ ਵਿੱਚ ਉਹ ਸਨਮਾਨ ਤੇ ਉਹ ਸਥਾਨ ਦੇ ਪਾਏ ਹਾਂ, ਜਿਸ ਖਾਤਰ ਬਾਬੇ ਨਾਨਕ ਨੇ ਸਾਨੂੰ ਝੰਜੋੜਿਆ ਸੀ। 
ਆਪਣੇ ਬੋਲਾਂ ਨੂੰ ਵਿਰਾਮ ਦਿੰਦਿਆਂ ਮੈਂ ਚੰਦ ਲਫਜਾਂ ਵਿਚ ਕਹਿਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਕਿਰਤੀ ਵੀ ਸਨ, ਇਕ ਕਿਸਾਨ ਵੀ ਸਨ, ਇਕ ਵਾਤਾਵਰਣ ਪ੍ਰੇਮੀ ਵੀ ਸਨ, ਇਕ ਸਮਾਜ ਸੁਧਾਰਕ ਵੀ ਸਨ, ਇਕ ਅਧਿਆਪਕ ਵੀ ਸਨ, ਇਕ ਕਵੀ ਵੀ ਸਨ, ਇਕ ਰਾਜਨੀਤਕ ਤੇ ਧਾਰਮਿਕ ਸੂਝ ਦੇਣ ਵਾਲੇ ਗਿਆਨੀ ਵੀ ਸਨ। ਧਰਮਾਂ ਦੇ ਪਾੜੇ ਮਿਟਾਉਣ ਵਾਲੇ, ਮਾਨਵ ਨੂੰ ਇਨਸਾਨ ਬਣਾਉਣ ਵਾਲੇ, ਸਾਨੂੰ ਇਕ ਜੋਤ ਤੇ ਏਕ ਓਂਕਾਰ ( ੴ ) ਰਾਹੀਂ ਇਕ ਪ੍ਰਮਾਤਮਾ ਦਾ ਲੜ ਫੜਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਸੰਪੂਰਨ ਗੁਰੂ ਸਨ, ਜਿਨਾਂ ਨੇ ਸਾਰਾ ਜੀਵਨ ਤੁਹਾਡੇ, ਸਾਡੇ, ਸਮੁੱਚੀ ਲੋਕਾਈ ਦੇ ਲੇਖੇ ਲਗਾ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪੜਦਿਆਂ, ਸੁਣਦਿਆਂ, ਸਮਝਦਿਆਂ, ਉਨਾਂ ਦੀ ਇਬਾਦਤ ਵਿੱਚ ਆਮ ਮੁਹਾਰੇ ਹੀ ਸਿਰ ਝੁਕ ਜਾਂਦਾ ਹੈ।
ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਨਾਲ ਨਾਲ ਸਮੁੱਚੇ ਪੰਜਾਬ ਵਿੱਚ ਪੰਜਾਬ ਸਰਕਾਰ ਤੇ ਹੋਰ ਨਾਨਕ ਨਾਮ ਲੇਵਾ ਸੰਸਥਾਵਾਂ, ਸੰਗਠਨਾਂ ਵਲੋਂ ਜੋ ਸਮਾਗਮ ਉਲੀਕੇ ਜਾ ਰਹੇ ਹਨ, ਉਹ ਸਭ ਵਧਾਈ ਦੇ ਪਾਤਰ ਹਨ। ਦੇਸ਼ ਅਤੇ ਦੁਨੀਆਂ ਭਰ ਵਿੱਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।  
ਅੱਜ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਸਦਕਾ ਅਸੀਂ ਵੇਖਿਆ ਜਦੋਂ ਦੋ ਮੁਲਕਾਂ ਦੇ ਤਣਾਅ ਪੂਰਨ ਮਾਹੌਲ ਦੇ ਦਰਮਿਆਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ਹੈ। ਜਿਸ ਦਿਨ ਬਾਬੇ ਨਾਨਕ ਦੀ ਰਹਿਮਤ ਹੋਵੇਗੀ, ਉਸ ਦਿਨ ਜਿਵੇਂ ਲਾਂਘੇ ਦੇ ਬੂਹੇ ਖੁੱਲ ਰਹੇ ਨੇ, ਉਵੇਂ ਹੀ ਦਿਲਾਂ ਦੇ ਬੂਹੇ ਵੀ ਖੁੱਲਣਗੇ ਤੇ ਠੰਡੀਆਂ-ਮਿੱਠੀਆਂ ਹਵਾਵਾਂ ਵਗਣਗੀਆਂ। ਮੈਂ ਉਮੀਦ ਅਤੇ ਅਰਜ਼ੋਈ ਕਰਦਾ ਹਾਂ ਕਿ ਉਹ ਸੂਰਜ ਚੜੇ ਜਿਸ ਦਿਨ ਪੰਜ ਦਰਿਆਵਾਂ ਦੀ ਧਰਤੀ ਉੱਤੇ ਫਿਰ ਸਾਂਝੀਵਾਲਤਾ ਅਤੇ ਮੁਹੱਬਤ ਦੇ ਪੰਜ-ਆਬ ਵਗਣ। 
ਇਕ ਵਾਰ ਫਿਰ ਮੈਂ ਪੰਜਾਬ ਵਿਧਾਨ ਸਭਾ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਪਹੰੁਚੀਆਂ ਸਾਰੀਆਂ ਉੱਘੀਆਂ ਸ਼ਖਸ਼ੀਅਤਾਂ ਦੀ ਆਮਦ ਉੱਤੇ ਆਪ ਸਭਨਾ ਨੂੰ ਇੱਕ ਵਾਰ ਫਿਰ ਦਿਲੋਂ ਜੀ ਆਇਆਂ ਆਖਦਿਆਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ।
ਧੰਨਵਾਦ, ਜੈ ਹਿੰਦ।