ਡਰੋਲੀ ਭਾਈ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਪੁਰਬ ਮਨਾਇਆ

 ਮੋਗਾ,5 ਨਵੰਬਰ (ਜਸ਼ਨ): ਜਗਤ ਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ( ਪਾਤਸ਼ਾਹੀ ਛੇਵੀਂ, ਸੱਤਵੀਂ, ਨੌਵੀਂ ) ਵਿਖੇ ਪੂਰੇ ਸਾਲ 2019 'ਚ ਚੱਲ ਰਹੇ ਹਫ਼ਤਾਵਾਰੀ ਤੇ ਮਾਸਿਕ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਵਿਸ਼ਾਲ ਗੁਰਮਤਿ ਸਮਾਗਮ ਹੋਇਆ। ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ - ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਦੇ ਉੱਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਹੋਇਆ ।

ਇਹ ਵਿਸ਼ੇਸ਼ ਗੁਰਮਤਿ ਸਮਾਗਮ 550ਵੇਂ ਪ੍ਰਕਾਸ਼ ਪੁਰਬ ਦੇ ਨਾਲ ਨਾਲ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ( ਸਪੁੱਤਰ ਪਾਤਸ਼ਾਹੀ ਛੇਵੀਂ ) ਦੇ ਪ੍ਰਕਾਸ਼ ਪੁਰਬ ਨੂੰ ਵੀ ਸਮਰਪਿਤ ਸੀ। ਭਾਈ ਜਗਰੂਪ ਸਿੰਘ, ਭਾਈ ਮੇਹਰ ਸਿੰਘ, ਭਾਈ ਗੁਰਸੇਵਕ ਸਿੰਘ ਦੇ ਜਥਿਆਂ ਵੱਲੋਂ ਰਾਗ ਅਧਾਰਿਤ ਗੁਰਸ਼ਬਦ ਕੀਰਤਨ ਕੀਤਾ ਗਿਆ। ਉਪਰੰਤ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਤੇ ਕਥਾਵਾਚਕ ਭਾਈ ਪਿਆਰਾ ਸਿੰਘ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਫਿਰ ਢਾਡੀ ਭਾਈ ਬਲਰਾਜ ਸਿੰਘ ਕੋਰੇਵਾਲਾ ਤੇ ਬਲਕਰਨ ਸਿੰਘ ਬਾਜ ਆਦਿ ਦੇ ਜਥਿਆਂ ਵੱਲੋਂ ਗੁਰਮਤਿ ਵਿਚਾਰਾਂ ਤੇ ਢਾਡੀ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸੇ ਦੌਰਾਨ ਲਗਾਏ ਗਏ 7 ਰੋਜ਼ਾ ਮੁਫ਼ਤ ਡਾਕਟਰੀ ਕੈਂਪ 'ਚ 7530 ਤੋਂ ਵੱਧ ਮਰੀਜ਼ਾਂ ਦਾ ਨਿਰੀਖਣ ਕਰਕੇ ਮੁਫ਼ਤ ਦਵਾਈਆਂ ਦੀ ਸੇਵਾ ਕੀਤੀ ਗਈ ।