ਪਾਕਿਸਤਾਨ ਦੇ ਦੌਰੇ ਦੀ ਆਗਿਆ ਦੇਣ ਵਾਲਾ ਸਿੱਧੂ ਦਾ ਬੇਨਤੀ ਪੱਤਰ ਕੈਪਟਨ ਅਮਰਿੰਦਰ ਸਿੰਘ ਨੇ ਜਰੂਰੀ ਕਾਰਵਾਈ ਲਈ ਮੁੱਖ ਸਕੱਤਰ ਨੂੰ ਭੇਜਿਆ

ਚੰਡੀਗੜ, 2 ਨਵੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਸਤੇ ਪਾਕਿਸਤਾਨ ਜਾਣ ਲਈ ਨਵਜੋਤ ਸਿੰਘ ਸਿੱਧੂ ਵਲੋਂ ਆਗਿਆ ਲੈਣ ਲਈ ਭੇਜਿਆ ਗਿਆ ਪੱਤਰ ਜਰੂਰੀ ਕਾਰਵਾਈ ਲਈ ਮੁੱਖ ਸਕੱਤਰ ਕੋਲ ਭੇਜ ਦਿੱਤਾ ਹੈ।ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਇਹ ਪੱਤਰ ਅੱਜ ਸਵੇਰੇ ਮਿਲਿਆ ਅਤੇ ਉਨਾਂ ਨੇ ਤੁਰੰਤ ਹੀ ਇਹ ਪੱਤਰ ਸੂਬੇ ਦੇ ਮੁੱਖ ਸਕੱਤਰ ਕੋਲ ਭੇਜ ਦਿੱਤਾ।ਮੁੱਖ ਮੰਤਰੀ ਨੇ ਬਾਅਦ ਵਿਚ ਇੱਕ ਗ਼ੈਰ-ਰਸਮੀ ਗੱਲਬਾਤ ਦੌਰਾਨ ਕੁਝ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ ਨੇ 9 ਨਵੰਬਰ ਨੂੰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਇੱਕ ਸਰਬ ਪਾਰਟੀ ਜੱਥੇ ਨੂੰ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰਾਂ ਵਲੋਂ ਆਪਣੇ ਆਪਣੇ ਜ਼ਿਲਿਆਂ ਵਿੱਚ ਸਾਰੇ ਵਿਧਿਆਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਨੇ ਵੀ ਇਹ ਮਾਮਲਾ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਉਹ ਇਸ ਸਬੰਧ ਵਿਚ ਹੰੁਘਾਰਾ ਭਰਨ ਤੋਂ ਅਸਫਲ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਹੋਰ ਵਿਧਾਇਕ ਵੀ ਹਾਜ਼ਰ ਸਨ।ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦਾ ਸਿਆਸੀਕਰਨ ਕਰਨ ਲਈ ਤਿੱਖੀ ਅਲੋਚਨਾ ਕੀਤੀ ਜੋ ਕਿ  ਸਿੱਖ ਮੱਤ ਦੇ ਮਹਾਨ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਹੈ ਅਤੇ ਜਿਨਾਂ ਦਾ ਅਸੀਂ ਇਸ ਸਾਲ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਮੁੱਦੇ ਦਾ ਸੌੜੇ ਸਿਆਸੀ ਹਿੱਤਾਂ ਦੇ ਮੱਦੇਨਜ਼ਰ ਸਿਆਸੀਕਰਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸਿਆਸਤ ਨੂੰ ਇਕ ਪਾਸੇ ਰੱਖ ਦੇਣਾ ਚਾਹੀਦਾ ਹੈ ਅਤੇ ਇਹ ਮਹਾਨ ਸਮਾਰੋਹ ਆਯੋਜਿਤ ਕਰਨ ਦਾ ਕੰਮ ਸੂਬਾ ਸਰਕਾਰ ’ਤੇ ਛੱਡ ਦੇਣਾ ਚਾਹੀਦਾ ਹੈ ਜਿਸ ਤਰਾਂ ਪਿਛਲੇ ਮੌਕਿਆਂ ਦੌਰਾਨ ਅਜਿਹਾ ਅਮਲ ਚਲਦਾ ਆ ਰਿਹਾ ਸੀ।ਮੁੱਖ ਮੰਤਰੀ ਨੇ ਕਿਹਾ ਕਿ ਬਾਕੀ ਸਿੱਖਾਂ ਵਾਂਗ ਉਹ ਵੀ ਕਰਤਾਰਪੁਰ ਸਾਹਿਬ ਗੁਰਦੁਆਰਾ ਵਿੱਚ ਨਤਮਸਤਕ ਹੋਣ ਦਾ ਸੋਚ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ। ਉਨਾਂ ਕਿਹਾ ਕਿ ਇਹ ਸਾਡੀ ਅਰਦਾਸ ਦਾ ਹਮੇਸ਼ਾਂ ਹੀ ਹਿੱਸਾ ਰਿਹਾ ਹੈ। ਹਾਲਾਂਕਿ ਉਨਾਂ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ ਪਾਕਿਸਤਾਨ ਦੀ ਮਨਸ਼ਾ ਉੱਤੇ ਅਜੇ ਵੀ ਸ਼ੱਕ ਹੈ ਅਤੇ ਲਾਂਘੇ ਨੂੰ ਖੋਲਣਾ ਆਈ.ਐਸ.ਆਈ ਦਾ ਆਪ੍ਰੇਸ਼ਨ-ਕਾਰਜ ਹੋ ਸਕਦਾ ਹੈ ਜਿਸਦਾ ਉਦੇਸ਼ ਰਾਇਸ਼ੁਮਾਰੀ 2020 ਲਈ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨਾ ਹੈ। ਜਿਸਨੂੰ ਸਿੱਖ ਫਾਰ ਜਸਟਿਸ(ਐਸ.ਐਫ.ਜੇ.) ਦੇ ਹੇਠ ਬੜਾਵਾ ਦਿੱਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੂਰੀ ਤਰਾਂ ਸਰਗਰਮ ਅਤੇ ਚੌਕਸ ਹਾਂ । ਉਨਾਂ ਨੇ ਪਾਕਿਸਤਾਨ ਨਾਲ ਕਿਸੇ ਵੀ ਤਰਾਂ ਦੀ ਗੱਲਬਾਤ ਕਰਨ ਵਿਰੁੱਧ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਕਿਉਂਕਿ ਹਾਲ ਹੀ ਦੇ ਸਮਿਆਂ ਦੌਰਾਨ ਪੰਜਾਬ ਵਿੱਚ ਆਈ.ਐਸ.ਆਈ ਦੀਆਂ ਸਰਗਰਮੀਆਂ ਵਿਸ਼ੇਸ਼ ਤੌਰ ਤੇ ਨੋਟ ਕੀਤੀਆਂ ਗਈਆਂ ਹਨ ਜਿਨਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਹ ਵਿਚਾਰ ਪ੍ਰਗਟ ਕੀਤੇ ਹਨ।ਇਸ ਤੋਂ ਪਹਿਲਾਂ ਉਨਾਂ ਨੇ ਚੰਡੀਗੜ ਤੋਂ ਵੀਡੀਓ ਕਾਨਫਰੰਸ ਰਾਹੀਂ ਹੁਸ਼ਿਆਰਪੁਰ ਰਾਈਟਰਜ਼ ਫੈਸਟੀਵਲ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਕਿਹਾ ਕਿ 2020 ਰਾਇਸ਼ੁਮਾਰੀ ਸੌੜੇ ਸਿਆਸੀ ਹਿੱਤਾਂ ਲਈ ਸਿੱਖ ਭਾਈਚਾਰੇ ਨੂੰ ਵੰਡਣ ਦੀ ਆਈ.ਐਸ.ਆਈ ਦੀ ਕੋਸ਼ਿਸ਼ ਹੈ। ਖਰਾਬ ਮੌਸਮ ਦੇ ਕਾਰਨ ਮੁੱਖ ਮੰਤਰੀ ਦੇ ਹੈਲੀਕਪਟਰ ਨੂੰ ਉੱਡਣ ਦੀ ਆਗਿਆ ਨਾ ਮਿਲਣ ਕਰਕੇ ਉਨਾ ਨੇ ਵੀਡੀਓ ਕਾਨਫਰੰਸਿੰਗ ਕੀਤੀ ।ਉੱਘੇ ਟੀ.ਵੀ ਪੱਤਰਕਾਰ ਵੀਰ ਸਿੰਘ ਵੀ ਦੇ ਮੇਜ਼ਬਾਨੀ ਮੌਕੇ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਵਿਸ਼ਵ ਵਿਆਪੀ ਭਾਈਚਾਰੇ ਦੇ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ  ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸਾਰੇ ਧਾਰਮਿਕ ਸ਼ਰਧਾਲੂਆਂ ਦੀ 20 ਡਾਲਰ ਫੀਸ ਮੁਆਫ ਕਰਨ ਦੀ ਮੰਗ ਦੁਹਰਾਈ ਨਾ ਕਿ ਇਕੱਲੇ ਸਿੱਖਾਂ ਦੀ।“ਕੈਪਟਨ ਅਮਰਿੰਦਰ ਸਿੰਘ- ਦ ਪੀਪਲਜ਼ ਮਹਾਰਾਜਾ” ਜੀਵਨੀ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿਚ  ਸਹਿਮਤੀ ਪ੍ਰਗਟਾਈ  ਕਿ ਫੌਜ ਬਲਿਊ ਸਟਾਰ ਆਪ੍ਰੇਸ਼ਨ ਨਾਲ ਵਧੀਆ ਤਰੀਕੇ ਨਾਲ ਨਿਪਟ ਸਕਦੀ ਸੀ। ਉਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਉਹ ਸਮਾਂ ਬਹੁਤ ਹੀ ਹੌਲਨਾਕ ਸੀ ਅਤੇ ਇਸ ਆਪ੍ਰੇਸ਼ਨ ਦੇ ਨਾਲ ਨਿਪਟਨ ਦੇ ਸਬੰਧ ਵਿੱਚ ਅਧਿਕਾਰੀਆਂ ਵਿੱਚ ਵੀ ਬਹੁਤ ਜ਼ਿਆਦਾ ਭੰਬਲਭੂਸਾ ਸੀ। ਆਪਣੇ ਤਿੱਖੇ ਸਿਆਸੀ ਅਤੇ ਨਿੱਜੀ ਸੰਘਰਸ਼ ਚੋਂ ਨਿੱਕਲਣ ਲਈ ਆਪਣੇ ਫੌਜੀ ਤਜਰਬਿਆਂ ਨੂੰ ਲਾਹੇਵੰਦ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਗੁਣ ਉਨਾਂ ਨੇ ਫੌਜੀ ਸੇਵਾ ਦੌਰਾਨ ਲਏ ਸਨ ਉਹ ਹਮੇਸ਼ਾ ਹੀ ਉਨਾਂ ਲਈ ਕੰਮ ਆਏ। ਮੋਦੀ ਦੀ ਜ਼ਬਰਦਸਤ ਲਹਿਰ ਦੌਰਾਨ ਸਾਲ 2017 ਦੀਆਂ ਚੋਣਾਂ ਜਿੱਤਣ ਅਤੇ ਹਾਲ ਹੀ ਦੀਆਂ ਉੱਪ ਚੋਣਾਂ ਵਿੱਚ ਜਿੱਤ ਹਾਸਲ   ਕਰਨ ਦੇ ਭੇਦਾਂ ਬਾਰੇ ਪੁੱਛੇ ਜਾਣ ’ਤੇ ਉਨਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਅਤੇ ਭਰੋਸਾ ਜਿੱਤਣ ਲੲ ਕਾਰਾਗੁਜਾਰੀ ਹੀ ਮੰਤਰ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਜੀਵਨੀ ਦੀ ਕਿਤਾਬ ਪੰਜਾਬੀ ਵਿੱਚ ਵੀ ਰਿਲੀਜ਼ ਕੀਤੀ ਗਈ।