ਪਰਾਲੀ ਸਾੜਨ ‘ ਤੇ ਮੋਗਾ ਜ਼ਿਲੇ ‘ਚ 42 ਕਿਸਾਨਾਂ ਤੇ ਪਰਚੇ ਦਰਜ,36 ਹੋਰ ਕਿਸਾਨਾਂ ਦੇ ਕੀਤੇ ਚਲਾਨ
ਮੋਗਾ, 1 ਨਵੰਬਰ:(ਜਸ਼ਨ): ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਗਠਿਤ ਕੀਤੀਆਂ ਵੱਖ-ਵੱਖ ਟੀਮਾਂ ਦੀਆਂ ਸ਼ਿਕਾਇਤਾਂ ‘ਤੇ ਜ਼ਿਲਾ ਪੁਲਿਸ ਨੇ ਸ਼ੁੱਕਰਵਾਰ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਵਾਲੇ 42 ਕਿਸਾਨਾਂ ਤੇ ਕੇਸ ਦਰਜ ਕੀਤੇ। ਜਾਣਕਾਰੀ ਅਨੁਸਾਰ ਜਿਲਾ ਪੁਲਿਸ ਵੱਲੋ ਛੇ ਥਾਣਿਆਂ ਵਿੱਚ ਆਈ.ਪੀ.ਸੀ. ਦੀ ਧਾਰਾ 188 ਤਹਿਤ ਕੁਲ 13 ਕੇਸ ਦਰਜ ਕੀਤੇ ਗਏ ਹਨ। ਬਧਨੀ ਕਲਾਂ ਅਤੇ ਨਿਹਾਲ ਸਿੰਘ ਵਾਲਾ ਥਾਣੇ ਵਿੱਚ 13-13 ਕਿਸਾਨਾਂ ਤੇ ਕੇਸ ਦਰਜ ਕੀਤੇ ਜਦਕਿ ਧਰਮਕੋਟ ਪੁਲਿਸ ਨੇ 7 ਕਿਸਾਨਾਂ, ਅਜੀਤਵਾਲ ਨੇ 4 ਕਿਸਾਨਾਂ, ਮਹਿਣਾ ਨੇ 3 ਕਿਸਾਨਾਂ ਅਤੇ ਕੋਟ ਈਸੇ ਖਾਂ ਨੇ 2 ਕਿਸਾਨਾਂ ਤੇ ਕੇਸ ਦਰਜ ਕੀਤੇ।ਜ਼ਿਲਾ ਪ੍ਰਸ਼ਾਸਨ ਨੇ ਝੋਨੇ ਦੀ ਰਹਿੰਦ ਖੂੰਹਦ ਸਾੜਨ ਵਾਲੇ ਕਿਸਾਨਾਂ ਦੀ ਜਮੀਨ ਦੀ ਗਿਰਦਾਵਰੀ ਵਿੱਚ ਲਾਲ ਐਟਰੀ ਲਗਾਉਣ ਦੀ ਪ੍ਰਕਿਰਿਆ ਵੀ ਆਰੰਭ ਕਰ ਦਿੱਤੀ ਹੈ ਤਾਂ ਕਿ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਦਾ ਲਾਭ ਨਾ ਮਿਲ ਸਕੇ।ਦੂਸਰੇ ਪਾਸੇ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਖੇਤੀਬਾੜੀ ਵਿਭਾਗ ਨੇ ਆਪਣੀ ਚਲਾਨ ਮੁਹਿੰਮ ਨੂੰ ਜਾਰੀ ਰੱਖਦਿਆਂ ਜ਼ਿਲੇ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਵਾਲੇ 36 ਹੋਰ ਕਿਸਾਨਾਂ ਨੂੰ ਜੁਰਮਾਨਾ ਕੀਤਾ ਹੈ। ਪੀਪੀਸੀਬੀ ਨੇ ਸ਼ੁੱਕਰਵਾਰ ਤੱਕ ਕੁੱਲ 70 ਕਿਸਾਨਾਂ ਦੇ ਚਲਾਨ ਕੀਤੇ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ 20 ਟੀਮਾਂ ਗਠਿਤ ਕੀਤੀਆਂ ਹਨ, ਜੋ ਹਰ ਪਿੰਡ ਵਿੱਚ ਚੌਕਸੀ ਰੱਖ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਵੇ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆ ਕਿਹਾ ਕਿ ਉਹ ਝੋਨੇ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਨਵੀਆ ਤਕਨੀਕਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਨ ਤਾਂ ਜੋ ਅਸੀਂ ਸਾਂਝੇ ਤੌਰ ਤੇ ਵਾਤਾਵਰਣ ਨੂੰ ਪ੍ਰਦੂਸਿਤ ਹੋਣ ਤੋਂ ਬਚਾ ਸਕੀਏ।
ਪਰਾਲੀ ਦੇ ਸੁਚਾਰੂ ਪ੍ਰਬੰਧ ਲਈ ਨੋਡਲ ਅਫਸਰ ਵਜੋਂ ਨਿਯੁਕਤ ਪੌਦ ਸੁਰੱਖਿਆ ਅਫਸਰ ਡਾ: ਜਸਵਿੰਦਰ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜ਼ਿਲੇ ਦੇ ਬਹੁਤੇ ਕਿਸਾਨ ਸਮਝਦਾਰੀ ਵਰਤਦਿਆਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਪਰ ਕੁਝ ਕਿਸਾਨ ਅਜੇ ਵੀ ਰਵਾਇਤੀ ਤੌਰ ’ਤੇ ਪਰਾਲੀ ਨੂੰ ਅੱਗ ਲਗਾਉਣਾ ਹੀ ਉੱਚਿਤ ਸਮਝ ਰਹੇ ਹਨ । ਉਹਨਾਂ ਆਖਿਆ ਕਿ ਪਰਾਲੀ ਦਾ ਹੱਲ ਹੈ ਪਰ ਇਸ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣਾ ਪਵੇਗਾ । ਉਹਨਾਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੌਲੀ ਰੋਡ ’ਤੇ ਸਥਿਤ ਬਲਦੇਵ ਸਿੰਘ ਕਿਸਾਨ ਦੇ ਖੇਤਾਂ ਵਿਚ ਪਹੁੰਚ ਕੇ ਦੇਖ ਸਕਦੇ ਹਨ ਕਿ ਝੋਨੇ ਨੂੰ ਵੱਟਾਂ ’ਤੇ ਬੀਜਣ ਦਾ ਸਫਲ ਤਜ਼ਰਬਾ ਕਰਕੇ ਵਧੇਰੇ ਝਾੜ ਲੈਂਦਿਆਂ ਹੁਣ ਬਲਦੇਵ ਸਿੰਘ ਬਿਨਾ ਪਰਾਲੀ ਨੂੰ ਅੱਗ ਲਗਾਇਆ ਹੈਪੀ ਸੀਡਰ ਨਾਲ ਕਣਕ ਬੀਜ ਰਿਹਾ ਹੈ ।ਉਹਨਾਂ ਆਖਿਆ ਕਿ ਅਗਲੇ ਤਿੰਨ ਦਿਨ ਇਸ ਕਿਸਾਨ ਦੇ ਖੇਤਾਂ ਵਿਚ ਕੋਈ ਵੀ ਆ ਕੇ ਕਣਕ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਦੇਖ ਸਕਦਾ ਹੈ। ਉਹਨਾਂ ਇਹ ਵੀ ਅਪੀਲ ਕੀਤੀ ਕਿ ਜਿਨਾਂ ਕਿਸਾਨਾਂ ਕੋਲ ਪਰਾਲੀ ਨੂੰ ਸੰਭਾਲਣ ਜੋਗੀ ਥਾਂ ਹੈ ਉਹ ਅਸਾਨੀ ਨਾਲ ਖੁੰਬਾਂ ਦੀ ਕਾਸ਼ਤ ਪਰਾਲੀ ਤੇ ਕਰ ਸਕਦੇ ਹਨ ।