ਨੌਜਵਾਨ ਲੜਕੇ ਅਤੇ ਮੁਟਿਆਰ ਨੇ ਪੀਤੀ ਜ਼ਹਿਰੀਲੀ ਦਵਾਈ, 108 ਐਂਬੂਲੈਂਸ ਨੇ ਸਰਕਾਰੀ ਹਸਪਤਾਲ ਲੈ ਜਾਣ ਲਈ ਕੀਤਾ ਮਨਾਂ

Tags: 

ਮੋਗਾ,1 ਨਵੰਬਰ (ਜਸ਼ਨ): ਅੱਜ ਸ਼ਾਮ ਮੋਗਾ ਫਿਰੋਜ਼ਪੁਰ ਰੋਡ ’ਤੇ ਸਥਿਤ ਸਿੱਧੂ ਹਸਪਤਾਲ ਦੇ ਸਾਹਮਣੇ ਇਕ ਨੌਜਵਾਨ ਲੜਕੇ ਅਤੇ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ ਕੀਤੀ । ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਇਹਨਾਂ ਦੋਹਾਂ ਨੇ ਸਾਰਿਆਂ ਦੇ ਸਾਹਮਣੇ ਇਕ ਸ਼ੀਸ਼ੀ ਮੋਨੋਸਿਲ ਦਵਾਈ ਦੀ ਖੋਲ ਕੇ ਪੀ ਲਈ ਜਿਸ ’ਤੇ ਆਲੇ ਦੁਆਲੇ ਜਮਾ ਲੋਕਾਂ ਨੇ ਉਹਨਾਂ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਨਜ਼ਦੀਕੀ ਸਿੱਧੂ ਹਸਪਤਾਲ ਵਿਚ ਦਾਖਲ ਕਰਵਾਇਆ । ਦਾਖਲ ਕਰਵਾਉਣ ਵੇਲੇ ਲੜਕੇ ਵੱਲੋਂ ਕਿਸੇ ਪਿੰਡੀ ਪਿੰਡ ਦਾ ਨਾਮ ਲਿਆ ਜਾ ਰਿਹਾ ਸੀ ਪਰ ਲੜਕੀ ਅਤੇ ਲੜਕਾ ਕੁਝ ਵੀ ਹੋਰ ਬੋਲਣ ਤੋਂ ਅਸਮਰਥ ਸਨ। ਇਸ ਮੌਕੇ ਸੂਚਿਤ ਕਰਨ ਤੇ ਪਹੁੰਚੇ ਤਫਤੀਸ਼ੀ ਅਫਸਰ ਨੇ ਦੱਸਿਆ ਕਿ ਉਹਨਾਂ ਵੱਲੋਂ ਲੜਕਾ ਅਤੇ ਲੜਕੀ ਦੇ ਮਾਪਿਆਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਹਾਲ ਦੀ ਘੜੀ ਦੋਨੋਂ ਬੇਹੋਸ਼ ਹੋਣ ਕਰਕੇ ਸੰਭਵ ਨਹੀਂ ਹੋ ਰਿਹਾ। ਦੇਰ ਰਾਤ ਭਰੋਸੇਯੌਗ ਸੂਤਰਾਂ ਨੇ ਦੱਸਿਆ ਕਿ ਲੜਕੇ ਦਾ ਨਾਮ ਗੁਰਪ੍ਰੀਤ ਹੈ ਜਦਕਿ ਲੜਕੀ ਦਾ ਨਾਮ ਨੰਦਨੀ ਹੈ । ਇਸ ਸਬੰਧੀ ਡਾ: ਦਵਿੰਦਰ ਸਿੰਘ ਸਿੱਧੂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਨਸਾਨੀਅਤ ਦੇ ਨਾਤੇ ਅਤੇ ਡਾਕਟਰੀ ਫਰਜ਼ਾਂ ਮੁਤਾਬਕ ਦੋਨਾਂ ਮਰੀਜ਼ਾਂ ਦਾ ਹਰ ਪੱਖੋਂ ਮੁੱਫਤ ਇਲਾਜ ਕਰ ਰਹੇ ਹਨ ਤਾਂ ਕਿ ਉਹਨਾਂ ਦੀ ਜਾਨ ਬਚਾਈ ਜਾ ਸਕੇ। ਉਹਨਾਂ ਦੱਸਿਆ ਕਿ ਲੜਕੇ ਦੇ ਵਾਰਿਸਾਂ ਦੀ ਬੇਨਤੀ ’ਤੇ ਦੋਨਾਂ ਨੂੰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਫਿਰੋਜ਼ਪੁਰ ਲਿਜਾਣ ਲਈ ਉਹਨਾਂ 108 ਐਂਬੂਲੈਂਸ ਸਰਵਿਸ ਨੂੰ ਬੇਨਤੀ ਕੀਤੀ ਸੀ ਪਰ ਉਹਨਾਂ ਇਹ ਕਹਿ ਕੇ ਮਨਾਂ ਕਰ ਦਿੱਤਾ ਕਿ 108 ਐਂਬੂਲੈਂਸ ਨਿੱਜੀ ਹਸਪਤਾਲਾਂ ਲਈ ਨਹੀਂ ਹੈ । ਉਹਨਾਂ ਦੱਸਿਆ ਕਿ ਹੁਣ ਉਹ ਆਪਣੇ ਖਰਚੇ ’ਤੇ ਐਂਬੂਲੈਂਸ ਰਾਹੀਂ ਲੜਕੇ ਲੜਕੀ ਨੂੰੂ ਫਿਰੋਜ਼ਪੁਰ ਭੇਜਣ ਦਾ ਪ੍ਰਬੰਧ ਕਰ ਰਹੇ ਹਨ ।