ਵਿਜੀਲੈਂਸ ਵੱਲੋ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਜਾਗਰੂਕਤਾ ਸਪਤਾਹ ਤਹਿਤ ਕਰਵਾਇਆ ਜਾਗਰੂਕਤਾ ਸੈਮੀਨਾਰ

ਮੋਗਾ 1 ਨਵੰਬਰ:(ਜਸ਼ਨ):ਵਿਜੀਲੈਂਸ ਬਿਊਰੋ ਮੋਗਾ ਵੱਲੋਂ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ ਘੱਲ ਕਲਾਂ, ਮੋਗਾ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਦੇ ਇੰਸਪੈਕਟਰ ਸੱਤਪ੍ਰੇਮ ਸਿੰਘ ਸਮੇਤ ਸਮੂਹ ਕਰਮਚਾਰੀਆਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸੈਮੀਨਾਰ ਦੌਰਾਨ ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਅਤੇ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ‘‘ ਇਮਾਨਦਾਰੀ-ਇੱਕ ਜੀਵਨ ਸ਼ੈਲੀ ’’ ਦੇ ਨਾਅਰੇ ਹੇਠ 28 ਅਕਤੂਬਰ ਤੋਂ 02 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਸਪਤਾਹ ਮਨਾਇਆ ਜਾ ਰਿਹਾ ਹੈ ਤਾਂ ਜੋ ਦੇਸ਼ ਦਾ ਹਰੇਕ ਨਾਗਰਿਕ ਆਪਣੇ ਫ਼ਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਜਾਗਰੂਕ ਹੋ ਸਕੇ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਇੱਕ ਅਜਿਹੀ ਸਮਾਜਿਕ ਲਾਹਣਤ ਹੈ ਜੋ ਕਿ ਸਾਡੇ ਦੇਸ਼ ਨੂੰ ਅੰਦਰੋ ਅੰਦਰੀ ਖੋਖਲਾ ਕਰ ਰਹੀ ਹੈ ਅਤੇ ਇਸ ਦਾ ਜੜੋਂ ਖਾਤਮਾ ਕਰਨ ਲਈ ਦੇਸ਼ ਦੇ ਹਰੇਕ ਨਾਗਰਿਕ ਨੂੰ ਇਸ ਵਿੱਚ ਆਪਣਾ ਉਸਾਰੂ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਸਾਡੇ ਦੇਸ਼ ਦਾ ਹਰੇਕ ਨਾਗਰਿਕ ਪੂਰੀ ਇਮਾਨਦਾਰੀ ਨਾਲ ਆਪਣੇ ਫਰਜਾਂ ਦੀ ਪੂਰਤੀ ਕਰੇ ਤਾਂ ਸਾਡਾ ਦੇਸ਼ ਦੁਨੀਆਂ ਦਾ ਭਿ੍ਰਸ਼ਟਾਚਾਰ ਮੁਕਤ ਦੇਸ਼ ਬਣ ਕੇ ਤਰੱਕੀ ਦੀਆਂ ਬੁਲੰਦੀਆਂ ਛੂਹ ਸਕਦਾ ਹੈ। ਉਨਾਂ ਦੱਸਿਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਦਾ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਸਬੰਧੀ ਟੋਲ ਫਰੀ ਨੰਬਰ 1800-1000-1000 ਜਾਂ ਵਿਜੀਲੈਂਸ ਦੀ ਵੈਬਸਾਈਟ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਮੌਕੇ ਵੀ.ਪੀ ਸੇਠੀ ਪ੍ਰਧਾਨ ਸਿਟੀਜਨ ਸੁਸਾਇਟੀ ਮੋਗਾ ਤੇ ਡਾ: ਲੱਕੀ ਸ਼ਰਮਾ ਪ੍ਰਧਾਨ ਘੱਲ ਕਲਾਂ ਬਲੱਡ ਡੋਨਰਜ ਕਲੱਬ ਨੇ ਕਿਹਾ ਕਿ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਇੱਕ ਲੋਕ ਲਹਿਰ ਚਲਾਉਣ ਦੀ ਲੋੜ ਹੈ ਅਤੇ ਜੇਕਰ ਦੇਸ਼ ਦਾ ਹਰੇਕ ਨਾਗਰਿਕ ਭਿ੍ਰਸ਼ਟਾਚਾਰ ਨੂੰ ਤਿਲਾਂਜਲੀ ਦੇ ਕੇ ਆਪਣਾ ਕੰਮ ਇਮਾਨਦਾਰੀ ਨਾਲ ਕਰੇ ਤਾਂ ਸਾਡੇ ਸਮਾਜ ਵਿੱਚੋਂ ਭਿ੍ਰਸ਼ਟਾਚਾਰ ਵਰਗੀ ਲਾਹਣਤ ਦਾ ਖਾਤਮਾ ਹੋ ਸਕਦਾ ਹੈ। ਉਨਾਂ ਕਿਹਾ ਕਿ ਵਿਜੀਲੈਂਸ ਵੱਲੋਂ ਮਨਾਏ ਜਾ ਰਹੇ ਇਸ ਵਿਸ਼ੇਸ਼ ਸਪਤਾਹ ਦੌਰਾਨ ਹਰੇਕ ਨਾਗਰਿਕ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸਰਕਾਰੀ ਦਫ਼ਤਰਾਂ ਵਿੱਚ ਆਪਣਾ ਕੰਮ ਕਰਵਾਉਣ ਬਦਲੇ ਰਿਸ਼ਵਤ ਦੀ ਮੰਗ ਕਰਨ ਵਾਲਿਆਂ ਵਿਰੁੱਧ ਤੁਰੰਤ ਉਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ।

ਕਾਲਜ ਦੇ ਵਿਦਿਆਰਥੀ ਅੰਕੁਰ ਕੁਮਾਰ, ਗੁਰਵਿੰਦਰ ਕੌਰ, ਰੌਸ਼ਨੀ, ਮਨੀਸ਼ਾ ਅਤੇ ਹਰਪ੍ਰੀਤ ਕੌਰ ਵੱਲੋਂ ਵੀ ਭਿ੍ਰਸ਼ਟਾਚਾਰ ਵਿਰੁੱਧ ਭਾਸ਼ਨ ਦਿੱਤੇ ਗਏ। ਸੈਮੀਨਾਰ ਵਿੱਚ ਕਾਲਜ ਦੇ ਚੇਅਰਮੈੜ ਕੇ.ਕੇ ਕੌੜਾ ਚੇਅਰਮੈਨ ਪਿ੍ਰੰਸੀਪਲ ਜੀ.ਐਸ ਸਿੱਧੂ, ਦਵਿੰਦਰ ਸਿੰਘ ਮੈਂਬਰ ਘੱਲ ਕਲਾਂ ਬਲੱਡ ਡੋਨਰਜ ਕਲੱਬ, ਗੁਰ੍ਰਪਤਾਪ ਸਿੰਘ ਸਰਪੰਚ, ਸਿਮਰਨਜੀਤ ਸਿੰਘ ਸਰਪੰਚ, ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਭਿੰਦਰਜੀਤ ਸਿੰਘ ਮੈਂਬਰਾਨ ਪੰਚਾਇਤ ਘੱਲ ਕਲਾਂ ਵੀ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਗੁਰਸ਼ਰਨ ਸਿੰਘ ਚੀਮਾ ਵੱਲੋਂ ਨਿਭਾਈ ਗਈ।