ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਦੀਦਾਰ ਲਈ ਵੱਡੀ ਗਿਣਤੀ ਵਿੱਚ ਉਮੜੀ ਸੰਗਤ-ਡਾ: ਹਰਜੋਤ ਕਮਲ

ਮੋਗਾ 31 ਅਕਤੂਬਰ:(ਜਸ਼ਨ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾ ਰਹੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਮੋਗਾ ਸ਼ਹਿਰ ਵਿੱਚ ਪੁੱਜਣ ‘ਤੇ ਵਿਧਾਇਕ ਮੋਗਾ ਡਾ: ਹਰਜੋਤ ਕਮਲ ਵੱਲੋਂ ਪ੍ਰਤਾਪ ਰੋਡ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਵਿਨੋਦ ਬਾਂਸਲ,ਡਾ: ਰਜਿੰਦਰ ਕੌਰ ਕਮਲ,ਸੋਹਣ ਸਿੰਘ ਸੱਗੂ ਚੇਅਰਮੈਨ ਬੀ ਸੀ ਵਿੰਗ, ਵਧੀਕ ਡਿਪਟੀ ਕਮਿਸ਼ਨਰ(ਜ) ਅਨੀਤਾ ਦਰਸ਼ੀ ਅਤੇ ਐਸ.ਡੀ.ਐਮ ਮੋਗਾ ਨਰਿੰਦਰ ਸਿੰਘ ਧਾਲੀਵਾਲ, ਵੀ ਮੌਜੂਦ ਸਨ। ਇਸ ਨਗਰ ਕੀਰਤਨ ਦੇ ਵੱਡੀ ਗਿਣਤੀ ‘ਚ ਸੰਗਤ ਵੱਲੋਂ ਦਰਸ਼ਨ ਦੀਦਾਰ ਕੀਤੇ ਗਏ ਅਤੇ ਹਜ਼ਾਰਾਂ ਹੀ ਸ਼ਰਧਾਲੂ ਸੁੰਦਰ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਉਮੜ ਪਏ।
ਡਾ: ਹਰਜੋਤ ਕਮਲ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ‘ ਦੇ ਆਸ਼ੇ ਅਨੁਸਾਰ ਉਨਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਵਾਤਾਵਰਣ ਦੀ ਸੰਭਾਲ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉੁਨਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਨਗਰ ਕੀਰਤਨ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਨਗਰ ਕੀਰਤਨ ‘ਚ ਪੁੱਜੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਧੰਨਵਾਦ ਵੀ ਕੀਤਾ। ਨਗਰ ਕੀਰਤਨ ‘ਚ ਗੁਰਪ੍ਰੀਤਮ ਸਿੰਘ ਚੀਮਾ,ਸੋਹਣਾ ਖੇਲਾਂ ਪੀ ਏ ਟੂ ਐੱਮ ਐੱਲ ਏ ਸੁਖਜੀਤ ਸਿੰਘ ਕਾਕਾ ਲੋਹਗੜ, ਰਾਮਪਾਲ ਧਵਨ,ਦਵਿੰਦਰ ਸਿੰਘ ਜੌੜਾ,ਡਾ: ਪਵਨ ਥਾਪਰ ,ਉਪਿੰਦਰ ਗਿੱਲ,ਕਰਿਸ਼ਨ ਸੂਦ ਤੋਂ ਇਲਾਵਾ ਆਜਾਦ ਵੈੱਲਫੇਅਰ ਕਲੱਬ,ਲੋਕਲ ਗੁਰਪੁਰਬ ਕਮੇਟੀ, ਖਾਲਸਾ ਸੇਵਾ ਸੁਸਾਇਟੀ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।  ਜ਼ਿਕਰਯੋਗ ਹੈ ਕਿ ਇਹ ਕੌਮਾਂਤਰੀ ਨਗਰ ਕੀਰਤਨ ਪ੍ਰਤਾਪ ਰੋਡ ਤੋਂ ਗੁਰਦੁਆਰਾ ਬੀਬੀ ਕਾਹਨ ਕੌਰ ਜੀ, ਜੋਗਿੰਦਰ ਸਿੰਘ ਚੌਕ, ਅੰਮਿ੍ਰਤਸਰ ਰੋਡ ਸਾਹਮਣੇ ਗੁਰਦੁਆਰਾ ਦਸ਼ਮੇਸ਼ ਪ੍ਰਕਾਸ਼, ਲੰਢੇਕੇ, ਲੁਹਾਰਾ ਚੌਕ ਤੋ ਹੁੰਦਾ ਹੋਇਆ ਜ਼ਿਲੇ ਦੀ ਸਬ ਡਵੀਜ਼ਨ ਧਰਮਕੋਟ ਵਿੱਚ ਪ੍ਰਵੇਸ਼ ਕਰੇਗਾ। ਇਸ ਮੌਕੇ ਸਕੂਲੀ ਬੱਚੇ ਅਤੇ ਆਮ ਲੋਕ ਸੰਗਤ ਦੇ ਰੂਪ ਵਿਚ ਸਮੁੱਚੇ ਬਾਜ਼ਾਰ ਵਿਚ ਸਵੇਰੇ 11 ਵਜੇ ਤੋਂ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਖੜੇ ਸਨ ਪਰ ਪਿੰਡਾਂ ਵਾਲੇ ਪੜਾਵਾਂ ਉਪਰੰਤ ਨਗਰ ਕੀਰਤਨ ਸ਼ਾਮ 5  ਵਜੇ ਦੇ ਕਰੀਬ ਮੇਨ ਬਾਜ਼ਾਰ ਵਿਖੇ ਪੁੱਜਾ ਜਿੱਥੇ ਸੰਗਤਾਂ ਨੇ ਫੁੱਲਾਂ ਨਾਲ ਵਰਖਾ ਕਰਕੇ ਆਪਣੀ ਅਕੀਦਤ ਦਾ ਪ੍ਰਗਟਾਵਾ ਕੀਤਾ।  ਇਸ ਮੌਕੇ ਸਮਾਜ ਸੇਵੀ ਅਤੇ ਗੱਤਕਾ ਪਾਰਟੀਆਂ ਨੇ ਨਗਰ ਕੀਰਤਨ ਦੀ ਸੋਭਾ ਨੂੰ ਵਧਾਇਆ । ਥਾਂ ਥਾਂ ’ਤੇ ਸੰਗਤ ਵੱਲੋਂ ਪਾਣੀ ਅਤੇ ਤਰਾਂ ਤਰਾਂ ਦੀਆਂ ਮਠਿਆਈਆਂ ਦੇ ਲੰਗਰ ਲਗਾਏ ਗਏ ਸਨ।