ਕੌਮਾਂਤਰੀ ਨਗਰ ਕੀਰਤਨ ਦਾ ਮੋਗਾ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਪੁੱਜਣ ’ਤੇ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ

 ਮੋਗਾ,31 ਅਕਤੂਬਰ :(ਜਸ਼ਨ)-ਜਗਤ ਗੁਰੂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਪਾਕਿਸਤਾਨ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਤੋਂ ਆਰੰਭ ਹੋ ਕੇ ਦੇਸ਼ ਦੇ 17 ਰਾਜਾਂ ਤੋਂ ਗੁਜ਼ਰਦਾ ਹੋਇਆ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਵਿਖੇ ਪੁੱਜਾ । ਇਹ ਨਗਰ ਕੀਰਤਨ ਫਰੀਦਕੋਟ ਤੋਂ ਫਿਰੋਜ਼ਪੁਰ ਜ਼ਿਲੇ ਵਿਚ ਦਾਖਲ ਹੋਇਆ ਸੀ ਅਤੇ ਫਿਰੋਜ਼ਪੁਰ ਸ਼ਹਿਰ ਉਪਰੰਤ ਤਲਵੰਡੀ ਭਾਈ ,ਇਤਿਹਾਸਕ ਨਗਰ ਮੁੱਦਕੀ ਅਤੇ ਮੋਗੇ ਜ਼ਿਲੇ ਦੇ ਪਿੰਡਾਂ ਵਿਚ ਦੀ ਹੁੰਦਾ ਹੋਇਆ ਬੀਤੀ ਰਾਤ ਪਿੰਡ ਡਰੋਲੀ ਭਾਈ ਵਿਖੇ ਪੁੱਜਾ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਪੁੱਜੇ ਇਸ ਨਗਰ ਕੀਰਤਨ ਦਾ ਸਵਾਗਤ ਸੰਗਤਾਂ ਨੇ ਗਰਮਜੋਸ਼ੀ ਨਾਲ ਕੀਤਾ । ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਿਮਰਨਸਰ ਸਾਹਿਬ ਵਿਖੇ ਪੁੱਜਣ ’ਤੇ ਸੰਗਤਾਂ ਨੇ ਆਤਿਸ਼ਬਾਜੀ ਕੀਤੀ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਕਾਰ ਸੇਵਾ ਸੰਸਥਾ ਦੇ ਮੁਖੀ ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਵਾਲਿਆਂ ਨੇ ਗੁਰੂ ਸਾਹਿਬ ਲਈ ਪਵਿੱਤਰ ਰੁਮਾਲਾ ਸਾਹਿਬ ਭੇਂਟ ਕੀਤੇ । ਉਹਨਾਂ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵੱਲੋਂ ਬਾਬਾ ਗੁਰਨਾਮ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਗਤਾਂ ਨੇ ਪਾਲਕੀ ਸਾਹਿਬ ਵਿਚ ਬਿਰਾਜਮਾਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਇਸ ਮੌਕੇ ਸੰਗਤਾਂ ਨੇ ਗੁਰੂ ਸਾਹਿਬਾਨਾਂ ਨਾਲ ਸਬੰਧਤ ਪੁਰਾਤਨ ਸ਼ਸ਼ਤਰਾਂ ਦੇ ਦਰਸ਼ਨ ਵੀ ਕੀਤੇ। ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਵਾਲਿਆਂ ਨੇ ਕਿਹਾ ਕਿ ਸੰਗਤਾਂ ਵਡਭਾਗੀਆਂ ਹਨ ਜਿਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਆਏ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹਨਾਂ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਸਿੱਖਾਂ ਦੀ ਦਹਾਕਿਆਂ ਬੱਧੀ ਮੰਗ ਨੂੰ ਪੂਰਾ ਕਰਨ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਨਗਰ ਕੀਰਤਨ ਦੀ ਆਮਦ ਲਈ ਸੰਗਤਾਂ ਨੇ ਪਿੰਡਾਂ ਦੇ ਸਾਰੇ ਰਸਤੇ ਨੂੰ ਸ਼ਿੰਗਾਰਿਆ ਹੋਇਆ ਸੀ। ਦੇਰ ਰਾਤ 11 ਵਜੇ ਦੇ ਕਰੀਬ ਪਹੁੰਚਣ ਦੇ ਬਾਵਜੂਦ ਭਾਰੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਬੇਅੰਤ ਸੰਗਤਾਂ ਤੋਂ ਇਲਾਵਾ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ, ਬਾਬਾ ਸਾਈਂ ਦਾਸ ਜੀ ਕਲੱਬ, ਗੁਰ ਕੇ ਬੇਟੇ ਕਲੱਬ ਦੇ ਅਹੁਦੇਦਾਰਾਂ ਨੇ ਵੀ ਹਾਜ਼ਰੀ ਭਰੀ। ਉਪਰੰਤ ਗੁ: ਗੁਰੂ ਕੇ ਮਹਿਲ ਅਤੇ ਗੁ: ਬਾਬਾ ਗੁਰਦਿੱਤਾ ਜੀ ਵਿਖੇ ਨਗਰ ਕੀਰਤਨ ਦਾ ਰਾਤਰੀ ਵਿਸ਼ਰਾਮ ਹੋਇਆ।