ਵਾਤਾਵਰਨ ਸ਼ੁੱਧਤਾ ਲਈ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਚਾਹੀਦੈ: ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਅਤੇ ਐੱਮ ਡੀ ਪਰਮਜੀਤ ਕੌਰ

ਮੋਗਾ ,26 ਅਕਤੂਬਰ (ਜਸ਼ਨ): ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਅਤੇ ਸਕੂਲ ਐੱਮ ਡੀ ਪਰਮਜੀਤ ਕੌਰ ਨੇ ਮੋਗਾ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਆਖਿਆ ਕਿ ਸਰਕਾਰ ਵੱਲੋਂ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਮੇਂ ਸਮੇਂ ’ਤੇ ਸੁਚੇਤ ਕਰਨ ਲਈ ਵੱਖ ਵੱਖ ਮੁਹਿੰਮਾਂ ਵਿੱਢੀਆਂ ਜਾਂਦੀਆਂ ਹਨ ਅਤੇ ਇਸ ਵਾਰ ਸਰਕਾਰ ਪ੍ਰਦੂਸ਼ਣ ਅਤੇ ਧੂੰਆਂ ਮੁਕਤ ਦੀਵਾਲੀ ਮਨਾਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਲੋਕਾਂ ਦੀ ਚੰਗੀ ਸਿਹਤ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਆਰੰਭਿਆ ਗਿਆ ਤੇ ਇਸ ਵਾਰ ਵਾਤਾਵਰਣ ਸ਼ੁੱਧਤਾ ਲਈ ਗੁਰੂ ਨਾਨਕ ਬਗੀਚੀਆਂ ਲਗਾਉਣ ਅਤੇ ਹੁਣ ਤਿਓਹਾਰਾਂ ਦੇ ਸੀਜ਼ਨ ਨੂੰ ਵਾਤਾਵਰਣ ਪੱਖੀ ਹੋ ਕੇ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਸ: ਰਿੰਪੀ ਅਤੇ ਸ਼੍ਰੀਮਤੀ ਪਰਮਜੀਤ ਕੌਰ ਨੇ ਆਖਿਆ ਵੱਧਦੀ ਆਬਾਦੀ ਅਤੇ ਵਾਹਨਾਂ ਦੀ ਬਹੁਤਾਤ ਨਾਲ ਵਾਤਾਵਰਣ ਬੇਹੱਦ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਜੇਕਰ ਅਸੀਂ ਸਾਰੇ ਦੀਵਾਲੀ ਮੌਕੇ ਪਟਾਕਿਆਂ ‘ਚੋਂ ਨਿਕਲਣ ਵਾਲੇ ਗੰਦੇ ਧੂੰਏ ਨੂੰ ਗੰਭੀਰਤਾ ਨਾਲ ਲਈਏ ਤੇ ਇਸ ਨਾਲ ਮਨੁੱਖੀ ਜੀਵਨ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਖਾਸਕਰ ਬਜ਼ੁਰਗਾਂ ਅਤੇ ਨਿੱਕੇ ਬਾਲਾਂ ’ਤੇ ਹੁੰਦੇ ਅਸਰ ਨੂੰ ਵਿਚਾਰੀਏ ਤਾਂ ਸਾਨੂੰ ਸਾਰਿਆਂ ਨੂੰ ਵਾਤਾਵਰਨ ਸ਼ੁੱਧਤਾ ਲਈ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਚਾਹੀਦਾ ਹੈ।