40,000 ਰੁਪਏ ਰਿਸ਼ਵਤ ਲੈਂਦਿਆਂ ਏ.ਐਸ.ਆਈ. ਗਿ੍ਰਫ਼ਤਾਰ, ਸਹਿ-ਦੋਸ਼ੀ ਏ.ਐਸ.ਆਈ. ਵਿਰੁੱਧ ਮਾਮਲਾ ਦਰਜ,ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ 10,000 ਬੋਰੀਆਂ ਦੀ ਹੇਰਾ-ਫੇਰੀ ਦੇ ਮਾਮਲੇ ’ਚ ਪਨਗ੍ਰੇਨ ਦੇ ਦੋ ਇੰਸਪੈਕਟਰ ਗਿ੍ਰਫ਼ਤਾਰ
ਚੰਡੀਗੜ੍ਹ, 25 ਅਕਤੂਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਵਿਜੀਲੈਂਸ ਬਿਊਰੋ, ਪੰਜਾਬ ਨੇ ਪਨਗ੍ਰੇਨ ਦੇ ਦੋ ਇੰਸਪੈਕਟਰ ਤਰਨਜੀਤ ਸਿੰਘ ਅਤੇ ਵਿਕਾਸ ਸ਼ਰਮਾ ਨੂੰ 10,000 ਖਾਲੀ ਬੋਰੀਆਂ ਦੀ ਦੁਰਵਰਤੋਂ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਗੁਰਦਾਸਪੁਰ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨੂੰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਹਾਂ ਇੰਸਪੈਕਟਰਾਂ ਤੋਂ ਇਲਾਵਾ ਜਗਦੰਬੇ ਰਾਈਸ ਮਿੱਲ ਖ਼ਾਸਾ, ਅੰਮਿ੍ਰਤਸਰ ਦੇ ਮਾਲਕ ਵਿਨੋਦ ਕੁਮਾਰ ਅਤੇ ਮਾਰਕੀਟ ਕਮੇਟੀ, ਅੰਮਿ੍ਰਤਸਰ ਦੇ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਬੋਰੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਅੰਮਿ੍ਰਤਸਰ ਦੇ ਡੀ.ਐਸ.ਪੀ. ਹਰਪ੍ਰੀਤ ਸਿੰਘ ਨੂੰ ਤਰਨਜੀਤ ਸਿੰਘ ਅਤੇ ਵਿਕਾਸ ਸ਼ਰਮਾ ਵਲੋਂ ਇਹਨਾਂ ਬੋਰੀਆਂ ਨੂੰ ਜਗਦੰਬੇ ਰਾਈਸ ਮਿੱਲ ਨਾਮ ਦੀ ਇੱਕ ਨਿੱਜੀ ਮਿੱਲ ਨੂੰ ਭੇਜਣ ਦੀ ਸੂਚਨਾ ਮਿਲੀ ਸੀ ਜੋ ਅੱਗੇ ਭਗਤਵਾਲਾ ਅਨਾਜ ਮੰਡੀ ਵਿੱਚ ਭੇਜਿਆ ਜਾਣਾ ਸੀ। ਇਹ ਝੋਨਾ ਸਸਤੇ ਰੇਟ ’ਤੇ ਖਰੀਦਿਆ ਜਾ ਰਿਹਾ ਸੀ ਅਤੇ ਉੱਚ ਰੇਟਾਂ ’ਤੇ ਸਰਕਾਰ ਨੂੰ ਵੇਚਿਆ ਜਾ ਰਿਹਾ ਸੀ।ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ 406, 420, 465, 467, 468, 471, ਆਈ.ਪੀ.ਸੀ. ਦੀ ਧਾਰਾ 120-ਬੀ ਅਤੇ ਪੀ.ਸੀ. ਐਕਟ 1988 ਦੀ ਧਾਰਾ 7, 8 ਤਹਿਤ ਦੋਸ਼ਾਂ ਦੀ ਜਾਂਚ ਲਈ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਅੰਮਿ੍ਰਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।ਇਕ ਹੋਰ ਮਾਮਲੇ ਵਿੱਚ ਏ.ਐਸ.ਆਈ. ਰਜਿੰਦਰ ਕੁਮਾਰ ਨੂੰ ਪਠਾਨਕੋਟ ਜ਼ਿਲੇ ਦੇ ਪਿੰਡ ਜੰਗਲਾ ਦੇ ਵਸਨੀਕ ਇੰਦਰਜੀਤ ਰਾਏ ਦੀ ਸ਼ਿਕਾਇਤ ’ਤੇ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਮਾਮਲੇ ਵਿੱਚ ਇੱਕ ਹੋਰ ਏ.ਐਸ.ਆਈ. ਕੁਲਦੀਪ ਸਿੰਘ, ਜੋ ਕਿ ਹੁਣ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਸਿਖਲਾਈ ਲੈ ਰਿਹਾ ਹੈ, ਦੀ ਗਿ੍ਰਫ਼ਤਾਰੀ ਅਜੇ ਬਾਕੀ ਹੈ।ਇਸ ਕੇਸ ਦਾ ਵੇਰਵਾ ਦਿੰਦਿਆਂ ਉਨਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਅਤੇ ਦੋਸ਼ ਲਾਇਆ ਕਿ ਉਪਰੋਕਤ ਨਾਮੀ ਏ.ਐਸ.ਆਈ. ਵੱਲੋਂ ਉਸ ਦੇ ਮਾਸੂਮ ਬੇਟੇ ਸਵਤੰਤਰ ਰਾਏ ਨੂੰ ਪੁਲਿਸ ਕੇਸ ਵਿੱਚੋਂ ਬਾਹਰ ਕੱਢਣ ਲਈ 50,000 ਰੁਪਏ ਦੀ ਮੰਗ ਕੀਤੀ ਗਈ ਸੀ।ਸ਼ਿਕਾਇਤ ਦੀ ਤਸਦੀਕ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਅਮਿ੍ਰਤਸਰ ਰੇਂਜ ਦੀ ਇਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਫੜ ਲਿਆ। ਉਸ ਤੋਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਰਿਸ਼ਵਤ ਦੇ ਪੈਸੇ ਬਰਾਮਦ ਕੀਤੇ ਗਏ। ਉਨਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਅੰਮਿ੍ਰਤਸਰ ਵਿਖੇ ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।