ਪਰਾਲੀ ਨੂੰ ਅੱਗ ਲਗਾਉਣ ’ਤੇ ਸਰਕਾਰ ਹੋਈ ਸਖਤ ,ਮੋਗਾ ਦੇ ਕਿਸਾਨ ਖਿਲਾਫ਼ ਪਰਚਾ ਦਰਜ ,ਵਿਆਜ ਸਮੇਤ ਸਮੇਤ ਸਬਸਿਡੀ ਵਾਪਸ ਲੈਣ ਲਈ ਨੋਟਿਸ ਜਾਰੀ,ਸੈਟਾਲਾਈਟ ਰਾਹੀਂ ਨੈਸ਼ਨਲ ਗਰੀਨ ਟਿ੍ਰਬਿਊਨਲ ਰੱਖ ਰਿਹੈ ਹਰ ਖੇਤ ’ਤੇ ਬਾਜ਼ ਅੱਖ
ਮੋਗਾ,24 ਅਕਤੂਬਰ (ਜਸ਼ਨ): ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀਆਂ ਅਪੀਲਾਂ ਕਰਨ ਅਤੇ ਖੇਤਾਂ ਵਿਚਲੇ ਜੈਵਿਕ ਮਾਦੇ ਅਤੇ ਮਿੱਤਰ ਕੀੜਿਆਂ ਦੇ ਨਸ਼ਟ ਹੋਣ ਪ੍ਰਤੀ ਜਾਗਰੂਕਤਾ ਸੈਮੀਨਾਰ ਲਗਾਉਣ ਦੇ ਬਾਵਜੂਦ ਕਈ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀ ਜ਼ਿੱਦ ਖਿਲਾਫ਼ ਹੁਣ ਪ੍ਰਸ਼ਾਸ਼ਨ ਨੇ ਸਖਤੀ ਵਰਤਣ ਦਾ ਮਨ ਬਣਾ ਲਿਆ ਹੈ। ਨੈਸ਼ਨਲ ਗਰੀਨ ਟਿ੍ਰਬਿਊਨਲ ਦੀਆਂ ਸਖਤ ਹਦਾਇਤਾਂ ਪ੍ਰਤੀ ਜਾਵਬਦੇਹ ਸੂਬਾ ਸਰਕਾਰ ਵੱਲੋਂ ਕਿਸਾਨਾਂ ਖਿਲਾਫ਼ ਮਾਮਲੇ ਦਰਜ ਕੀਤੇ ਜਾ ਰਹੇ ਹਨ। ਬੀਤੀ ਸ਼ਾਮ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੀ ਸ਼ਿਕਾਇਤ ’ਤੇ ਜ਼ਿਲਾ ਪੁਲਿਸ ਮੋਗਾ ਦੇ ਪਿੰਡ ਕੋਕਰੀ ਕਲਾਂ ਦੇ ਕਿਸਾਨ ਗੁਰਜੰਟ ਸਿੰਘ ਖਿਲਾਫ਼ ਤਿੰਨ ਏਕੜ ਖੇਤ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਆਈ ਪੀ ਸੀ ਦੀ ਧਾਰਾ 188 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ । ਡਿਪਟੀ ਕਮਿਸ਼ਨਰ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਇਹ ਪਰਚਾ ਖੇਤੀਬਾੜੀ ਵਿਭਾਗ ਦੁਆਰਾ ਪਰਾਲੀ ਸਾੜਨ ਨੂੰ ਰੋਕਣ ਲਈ ਗਠਿਤ ਕੀਤੇ ਦਸਤਿਆਂ ਦੀ ਸਿਫਾਰਿਸ਼ ’ਤੇ ਕੀਤਾ ਗਿਆ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ: ਜਸਵਿੰਦਰ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮ ਗੁਰਜੰਟ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਖਰੀਦਣ ਵਾਸਤੇ ਖੇਤਬਾੜੀ ਵਿਭਾਗ ਤੋਂ ਕਰੀਬ ਡੇਟ ਲੱਖ ਰੁਪਏ ਦੀ ਸਬਸਿਡੀ ਵੀ ਪ੍ਰਾਪਤ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਕਿਸਾਨ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਿਆਂ ਪਰਾਲੀ ਨੂੰ ਅੱਗ ਲਗਾਈ । ਉਹਨਾਂ ਕਿਹਾ ਕਿ ਕਿਸਾਨ ਨੂੰ ਸਬਸਿਡੀ ਦੀ ਰਿਕਵਰੀ ਲਈ ਲਿਖਤੀ ਨੋਟਿਸ ਭੇਜ ਦਿੱਤਾ ਗਿਆ ਅਤੇ ਵਿਆਜ ਸਮੇਤ ਸਬਸਿਡੀ ਵਸੂਲ ਕੀਤੀ ਜਾਵੇਗੀ । ਉਹਨਾਂ ਆਖਿਆ ਕਿ ਅਜੇ ਵੀ ਜੋ ਕਿਸਾਨ ਰਾਤ ਬਰਾਤੇ ਜਾਂ ਦੀਵਾਲੀ ਦੇ ਪਟਾਕਿਆਂ ਦੀ ਓਟ ਲੈਂਦਿਆਂ ਪਰਾਲੀ ਨੂੰ ਸਾੜਨ ਦੀ ਤਾਕ ਵਿਚ ਹਨ ਉਹਨਾਂ ਨੂੰ ਅਪੀਲ ਹੈ ਕਿ ਨੈਸ਼ਨਲ ਗਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ’ਤੇ ਸੈਟੇਲਾਈਟ ਰਾਹੀਂ ਹਰ ਖੇਤ ’ਤੇ ਬਾਜ ਨਿਗਾਹ ਰੱਖੀ ਜਾ ਰਹੀ ਹੈ ਅਤੇ ਜਿਵੇਂ ਹੀ ਕੋਈ ਕਿਸਾਨ ਰਹਿੰਦਰ ਖੂਹੰਦ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਖਿਆਫ਼ ਮਾਮਲਾ ਦਰਜ ਹੋਣਾ ਤੈਅ ਹੈ। ਉਹਨਾਂ ਆਖਿਆ ਕਿ ਹੁਕਮ ਅਦੂਲੀ ਕਰਨ ਵਾਲੇ ਕਿਸਾਨਾਂ ਦੇ ਮਾਲ ਵਿਭਾਗ ਰਿਕਾਰਡ ਵਿਚ ਰੈੱਡ ਐਂਟਰੀ ਕਰਨ ਦਾ ਅਮਲ ਹੋ ਚੁੱਕਾ ਹੈ ਅਤੇ ਭਵਿੱਖ ਵਿਚ ਅਜਿਹੇ ਕਿਸਾਨ ਕਿਸੇ ਵੀ ਸਬਸਿਡੀ ਜਾਂ ਹੋਰ ਸਰਕਾਰੀ ਲਾਭਾਂ ਤੋਂ ਵਾਂਝੇ ਰਹਿਣਗੇ।