ਦੀਵਾਲੀ ਤੋਂ ਪਹਿਲਾਂ ਮੋਗਾ ਨੂੰ ਸਵੱਛ ਬਣਾਉਣ ਲਈ ਵਿਧਾਇਕ ਡਾ.ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ‘ਚ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਖਿਆ ‘‘ਸਫ਼ਾਈ ਮੁਹਿੰਮ ਨਿਰੰਤਰ ਜਾਰੀ ਰਹੇਗੀ’’
ਮੋਗਾ 22 ਅਕਤੂਬਰ:(ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਮੰਗਲਵਾਰ ਨੂੰ ਸ਼ਹਿਰ ਦੇ ਸਾਰੇ 50 ਵਾਰਡਾਂ ਨੂੰ ਦੀਵਾਲੀ ਤੱਕ ਗੰਦਗੀ ਅਤੇ ਕੂੜਾ ਮੁਕਤ ਬਣਾਉਣ ਲਈ ਪੰਜ ਦਿਨਾਂ ਲੰਬੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ। ਵਿਧਾਇਕ ਡਾ: ਹਰਜੋਤ ਕਮਲ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੀਤਾ ਦਰਸ਼ੀ ਅਤੇ ਉਪ ਮੰਡਲ ਮੈਜਿਸਟਰੇਟ ਮੋਗਾ ਨਰਿੰਦਰ ਸਿੰਘ ਧਾਲੀਵਾਲ , ਡਾ: ਰਜਿੰਦਰ ਕੌਰ ਕਮਲ,ਬੰਤ ਸਿੰਘ ਸੇਖੋਂ,ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ,ਜਗਸੀਰ ਸਿੰਘ ਸੀਰਾ ਚਕਰ,ਡਿਪਟੀ ਸੁਪਰਡੈਂਟ ਆਫ ਪੁਲਿਸ ਪਰਮਜੀਤ ਸਿੰਘ ਸੰਧੂ ਦੇ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਮੋਗਾ ਦੇ ਵਾਰਡ ਨੰਬਰ-1 ਤੋਂ ਕੀਤੀ। ਇਸ ਉਪਰੰਤ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਸਮੁੱਚਾ ਕਾਫਲਾ ਵਾਰਡ ਨੰਬਰ 2,7,8,12,13,15,16,19 ,20,22,23,27,33,34,37,38,44 ਲਈ ਰਵਾਨਾ ਹੋਇਆ ।
ਵਾਰਡ ਨੰਬਰ 1 ਵਿਚ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ, ‘‘ਇਸ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਮੈਂ ਸਥਾਨਕ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਕੂੜੇ ਨੂੰ ਕੂੜੇਦਾਨਾਂ ਵਿੱਚ ਸੁੱਟਣ ਤਾਂ ਜੋ ਸ਼ਹਿਰ ਸਾਫ ਸੁਥਰਾ ਰਹੇ। ਉਨਾਂ ਕਿਹਾ ਕਿ ਮੌਸਮ ਦੇ ਬਦਲਾਅ ਕਾਰਨ ਆਮ ਲੋਕਾਂ ਨੂੰ ਬੀਮਾਰੀਆਂ ਵਿਸ਼ੇਸ਼ ਕਰ ਡੇਂਗੂ ਤੋਂ ਗ੍ਰਸਤ ਹੋਣ ਦਾ ਖਤਰਾ ਹੈ ਜਿਹਨਾਂ ਤੋਂ ਬਚਾਅ ਲਈ ਸਾਨੂੰ ਸਭ ਨੂੰ ਮਿਲ ਕੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਕਰਨੀ ਚਾਹੀਦੀ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ, ਹਵਾ ਅਤੇ ਪਾਣੀ ਦੀ ਸੰਭਾਲ ਕਰਨ ਦੀ ਲੋੜ ਹੈ, ਕਿਉਂਕਿ ਇਨਾਂ ਦੇ ਦੂਸ਼ਿਤ ਹੋਣ ਕਾਰਨ ਹੀ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਪਲਾਸਟਿਕ ਦੀ ਵਧੇਰੇ ਵਰਤੋਂ ਵੀ ਬੀਮਾਰੀਆਂ ਨੂੰ ਦਸਤਕ ਦੇਣ ਵਾਲੀ ਹੈ, ਇਸ ਲਈ ਸਾਨੂੰ ਪਲਾਸਟਿਕ ਦੀ ਵਰਤੋਂ ਤੁਰੰਤ ਬੰਦ ਕਰਨੀ ਚਾਹੀਦੀ ਹੈ, ਕਿਉਂਕਿ ਪਲਾਸਟਿਕ ਦੀ ਵਰਤੋਂ ਨਾਲ ਜਿੱਥੇ ਇਨਫੈਕਸ਼ਨ ਫੈਲਦੀ ਹੈ, ਉਥੇ ਹੀ ਪਲਾਸਟਿਕ ਵਾਤਾਵਰਨ ਨੂੰ ਵੀ ਦੂਸ਼ਿਤ ਕਰਦਾ ਹੈ ਅਤੇ ਸਾਰੇ ਜੀਵਾਂ ਦੀ ਸਿਹਤ ਲਈ ਵੀ ਬਹੁਤ ਨੁਕਸਾਨਦੇਹ ਹੈ। ਉਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਸਾਥ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ, ਇਸ ਲਈ ਸ਼ਹਿਰ ਦੇ ਕੋਨੇ-ਕੋਨੇ ਦੀ ਸਫ਼ਾਈ ਦਾ ਜਿੰਮਾ ਜੋ ਉਨਾਂ ਨੇ ਲਿਆ ਹੈ, ਉਸਦੇ ਲਈ ਲੋਕ ਉਨਾਂ ਦਾ ਸਾਥ ਦੇਣ ਤਾਂ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕੇ।
ਉਨਾਂ ਇਹ ਵੀ ਕਿਹਾ ਕਿ ਇਹ ਮੁਹਿੰਮ ਸਿਰਫ ਦਿਵਾਲੀ ਤੱਕ ਹੀ ਨਹੀ ਬਲਕਿ ਭਵਿੱਖ ਵਿੱਚ ਵੀ ਜਾਰੀ ਰਹੇਗੀ ਤਾਂ ਕਿ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਰੱਖਿਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ, ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਫ਼ਾਈ ਸੇਵਕਾਂ ਨੂੰ ਹਰ ਦਿਨ 18 ਵਾਰਡਾਂ ਨੂੰ ਕਵਰ ਕਰਨ ਦਾ ਟੀਚਾ ਦਿੱਤਾ ਗਿਆ ਹੈ ਤਾਂ ਜੋ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੀ ਸਫ਼ਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਉਨਾਂ ਨੇ ਹਰੇਕ ਵਾਰਡ ਲਈ ਸੈਨੇਟਰੀ ਇੰਸਪੈਕਟਰ ਤਾਇਨਾਤ ਕੀਤੇ ਹਨ, ਜੋ ਸਫਾਈ ਦੇ ਕੰਮ ਦੀ ਨਿਗਰਾਨੀ ਕਰਨਗੇ ਅਤੇ ਇਹ ਸੁਨਿਸ਼ਚਿਤ ਕਰਨਗੇ ਕਿ ਸ਼ਹਿਰ ਦੇ ਹਰ ਕੋਨੇ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਉਨਾਂ ਮੋਗਾ ਵਾਸੀਆਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡਾ: ਨਵਦੀਪ ਬਰਾੜ,ਜਸਵਿੰਦਦਰ ਸਿੰਘ ਕਾਕਾ ਲੰਢੇਕੇ,ਗੁਰਸੇਵਕ ਸਿੰਘ ਚੀਮਾ,ਡਾ: ਗੁਰਕੀਰਤ ਸਿੰਘ,ਰਾਮਪਾਲ ਧਵਨ, ਸੀਰਾ ਲੰਢੇਕੇ,ਦੀਸ਼ਾ ਬਰਾੜ,ਕਮਲਜੀਤ ਕੌਰ ਧੱਲਕੇ,ਸੁਮਨ ਕੌਸ਼ਿਕ,ਪ੍ਰਧਾਨ ਸਬਜੀ ਮੰਡੀ ,ਜਗਦੀਪ ਜੱਗੂ,ਦਵਿੰਦਰ ਪਾਲ ਗਿੱਲ, ਨਿਰਮਲ ਮੀਨੀਆ,ਗੁਰਜੀਤ ਸਿੰਘ ਲੰਢੇਕੇ ,ਨਿਰਮਲ ਸਿੰਘ,ਰਵਿੰਦਰ ਬਜਾਜ,ਰਾਜ ਕੌਰ ,ਗੁਰਿੰਦਰ ਸਿੰਘ ਗੱਗੂ ਅਤੇ ਸਮੇਤ ਹੋਰ ਵੀ ਅਧਿਕਾਰੀ ਹਾਜ਼ਰ ਸਨ।