ਡਾ: ਹਰਜੋਤ ਕਮਲ ਸਿੰਘ ਵੱਲੋਂ ਸ਼ਹਿਰ ਦੀ ਸਫ਼ਾਈ ਲਈ ਚਲਾਇਆ ਜਾਵੇਗਾ 5 ਦਿਨਾਂ ਵਿਸ਼ੇਸ਼ ਸਫ਼ਾਈ ਅਭਿਆਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਦੀਵਾਲੀ ਦੇ ਮੱਦੇਨਜ਼ਰ ਨਿਖਾਰੀ ਜਾਵੇਗੀ ਮੋਗਾ ਸ਼ਹਿਰ ਦੀ ਦਿੱਖ
ਮੋਗਾ, 21 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਸਿੰਘ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਦੀਵਾਲੀ ਦੇ ਸ਼ੁੱਭ ਮੌਕੇ ਤੇ ਪਰੰਪਰਾਗਤ ਤੌਰ ਤੇ ਮੋਗਾ ਸ਼ਹਿਰ ਦੀ ਸਫ਼ਾਈ ਲਈ 5 ਦਿਨਾਂ ਦਾ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ‘‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਦੇ ਮਹਾਵਾਕ ਅਨੁਸਾਰ ਸ਼ਹਿਰ ਦੇ ਕੋਨੇ-ਕੋਨੇ ਦੀ ਸਫ਼ਾਈ ਬਹੁਤ ਹੀ ਜ਼ਰੂਰੀ ਹੈ। ਉਨਾਂ ਕਿਹਾ ਕਿ ਜਿਸ ਤਰਾਂ ਅਸੀਂ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਾਂ ਉਸੇ ਤਰਾਂ ਸਾਨੂੰ ਆਪਣੇ ਗਲੀ, ਮੁਹੱਲੇ ਅਤੇ ਆਲੇ ਦੁਆਲੇ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਮੌਸਮ ਦੇ ਬਦਲਾਅ ਕਾਰਨ ਆਮ ਲੋਕਾਂ ਨੂੰ ਬੀਮਾਰੀਆਂ ਵਿਸ਼ੇਸ਼ ਕਰ ਡੇਂਗੂ ਤੋਂ ਗ੍ਰਸਤ ਹੋਣ ਦਾ ਖਤਰਾ ਹੈ ਜਿਹਨਾਂ ਤੋਂ ਬਚਾਅ ਲਈ ਸਾਨੂੰ ਸਭ ਨੂੰ ਮਿਲ ਕੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਕਰਨੀ ਚਾਹੀਦੀ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ, ਹਵਾ ਅਤੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ, ਕਿਉਕਿ ਇਨਾਂ ਦੇ ਦੂਸ਼ਿਤ ਹੋਣ ਕਾਰਨ ਹੀ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਪਲਾਸਟਿਕ ਦੀ ਵਧੇਰੇ ਵਰਤੋਂ ਵੀ ਬੀਮਾਰੀਆਂ ਨੂੰ ਦਸਤਕ ਦੇਣ ਵਾਲੀ ਹੈ, ਇਸ ਲਈ ਸਾਨੂੰ ਪਲਾਸਟਿਕ ਦੀ ਵਰਤੋਂ ਤੁਰੰਤ ਬੰਦ ਕਰਨੀ ਚਾਹੀਦੀ ਹੈ, ਕਿਉਕਿ ਪਲਾਸਟਿਕ ਦੀ ਵਰਤੋਂ ਨਾਲ ਜਿੱਥੇ ਇਨਫੈਕਸ਼ਨ ਫੈਲਦੀ ਹੈ, ਉਥੇ ਹੀ ਪਲਾਸਟਿਕ ਵਾਤਾਵਰਨ ਨੂੰ ਵੀ ਦੂਸ਼ਿਤ ਕਰਦਾ ਹੈ। ਉਨਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਭਾਰਤੀ ਪਰੰਪਰਾ ਅਨੁਸਾਰ ਸਾਨੂੰ ਪੁਰਾਣੇ ਸਮਿਆਂ ਵਿੱਚ ਵਰਤੇ ਜਾਂਦੇ ਵੱਖ-ਵੱਖ ਧਾਤਾਂ ਦੇ ਬਰਤਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਨਾ ਹੋਣ ਅਤੇ ਵਾਤਾਵਰਨ ਨੂੰ ਵੀ ਕਿਸੇ ਤਰਾਂ ਦਾ ਨੁਕਸਾਨ ਨਾ ਪਹੁੰਚਾਉਣ। ਉਨਾਂ ਕਿਹਾ ਕਿ ਸਾਨੂੰ ਆਪਣੀ ਰਸੋਈ ਘਰਾਂ ਦੀ ਰਹਿੰਦ-ਖੂਹੰਦ ਤੋਂ ਕੰਪੋਸਟ ਖਾਦ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਕੂੜੇ ਕਰਕਟ ਦਾ ਨਿਪਟਾਰਾ ਸਹੀ ਢੰਗ ਨਾਲ ਹੋ ਸਕੇ ਅਤੇ ਘਰਾਂ ਵਿੱਚੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਵੀ ਅਲੱਗ-ਅਲੱਗ ਕਰਕੇ ਸਫ਼ਾਈ ਸੇਵਕਾਂ ਤੱਕ ਪਹੰੁਚਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਕੋਈ ਵੀ ਕੂੜੇ ਦੇ ਨਿਪਟਾਰੇ ਸਬੰਧੀ ਅਤੇ ਘਰ ਵਿੱਚ ਹੀ ਰਸੋਈ ਦੇ ਕੂੜੇ ਤੋਂ ਕੰਪੋਸਟ ਖਾਦ ਤਿਆਰ ਕਰਨ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਤਾਂ ਉਹ ਉਨਾਂ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਉਹ ਲੋਕਾਂ ਨੂੰ ਕੂੜੇ ਕਰਕਟ ਦੇ ਸਹੀ ਨਿਪਟਾਰੇ ਲਈ ਕੈਂਪ ਲਗਾ ਕੇ ਜਾਗਰੂਕ ਕਰਨਗੇ ਤਾਂ ਕਿ ਸ਼ਹਿਰ ਨੂੰ ਕੂੜਾ ਕਰਕਟ ਮੁਕਤ ਕੀਤਾ ਜਾ ਸਕੇ। ਡਾ. ਹਰਜੋਤ ਨੇ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਸਾਥ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ, ਇਸ ਲਈ ਸ਼ਹਿਰ ਦੇ ਕੋਨੇ-ਕੋਨੇ ਦੀ ਸਫ਼ਾਈ ਦਾ ਜਿੰਮਾ ਜੋ ਉਨਾਂ ਨੇ ਲਿਆ ਹੈ, ਉਸਦੇ ਲਈ ਲੋਕ ਉਨਾਂ ਦਾ ਸਾਥ ਦੇਣ ਤਾਂ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕੇ।