ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੀ ਬਰਸੀ ਧੂਮ ਧਾਮ ਨਾਲ ਮਨਾਈ ਗਈ,ਬਾਈ ਨਛੱਤਰ ਤੋਂ ਪ੍ਰੇਰਣਾ ਲੈਂਦੇ ਹੋਏ ਦੇਸ਼ ਦੀ ਏਕਤਾ-ਅਖੰਡਤਾ ਅਤੇ ਜ਼ਮਹੂਰੀਅਤ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ:- ਜਤਿੰਦਰ ਪੰਨੂ

Tags: 

ਮੋਗਾ 21 ਅਕਤੂਬਰ (ਜਸ਼ਨ): ਪੰਜਾਬ ਰੋਡਵੇਜ਼ ਅਤੇ ਕਿਰਤੀ ਜਮਾਤ ਦੇ ਮਹਾਨ ਆਗੂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 31ਵੀਂ ਬਰਸੀ ਹਰ ਸਾਲ ਦੀ ਤਰਾਂ ਮੋਗਾ ਵਿਖੇ ਪੂਰੇ ਜੋਸ਼-ਓ-ਖਰੋਸ਼ ਨਾਲ ਮਨਾਈ ਗਈ। ਬਰਸੀ ਵਿੱਚ ਸੂਬੇ ਭਰ ਵਿੱਚੋਂ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਭ੍ਰਾਤਰੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਬਰਸੀ ਸਮਾਗ਼ਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਤਿੰਦਰ ਪੰਨੂ ਸੰਪਾਦਕ ਨਵਾਂ ਜ਼ਮਾਨਾ ਨੇ ਕਿਹਾ ਕਿ 31 ਸਾਲ ਪਹਿਲਾਂ ਬਾਈ ਨਛੱਤਰ ਸਿੰਘ ਧਾਲੀਵਾਲ ਨੇ ਦੇਸ਼ ਧ੍ਰੋਹੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਸ਼ਹਾਦਤ ਦਾ ਜਾਮ ਪੀਤਾ। ਅੱਜ ਵੀ ਵੱਖਵਾਦੀ ਤਾਕਤਾਂ ਦੇਸ਼ ਪੱਧਰ ਤੇ ਸਰਗਰਮ ਹਨ ਜਿਨਾਂ ਵਿਰੁੱਧ ਬਾਈ ਨਛੱਤਰ ਵਰਗੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹੋਏ ਸਭ ਨੂੰ ਦੇਸ਼ ਦੀ ਏਕਤਾ ਅਤੇ ਜ਼ਮਹੂਰੀਅਤ ਦੀ ਮਜ਼ਬੂਤੀ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪੰਨੂੰ ਨੇ ਆਖਿਆ ਕਿ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਮ ’ਤੇ ਵੰਡਦਿਆਂ ਉਹਨਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਕੇ ਗੰਦਲੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਦੇਸ਼ ਵਾਸੀਆਂ ਲਈ ਵੱਡੀ ਚੁਣੌਤੀ  ਹੈ । ਉਹਨਾਂ ਕਿਹਾ ਕਿ ਲੋਕ ਸੁਚੇਤ ਹੋਣ ਅਤੇ ਅਸਲ ਮੁੱਦਿਆਂ ਨੂੰ ਉਭਾਰਦਿਆਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਆਪਣੇ ਹੱਕ ਮੰਗਣ ਤਾਂ ਕਿ ਦੇਸ਼ ਦੇ ਲੀਡਰ ਲੋਕਾਂ ਦੀਆਂ ਮੰਗਾਂ ਅਤੇ ਆਪਣੇ ਚੋਣ ਵਾਅਦਿਆਂ ਲਈ ਜਵਾਬਦੇਹ ਹੋਣ।  ਉਹਨਾਂ ਕਿਹਾ ਕਿ ਦੇਸ਼ ਮੋਦੀ ਸਰਕਾਰ ਦੀਆਂ ਚਾਲਾਂ ਅਤੇ ਉਸ ਵੱਲੋਂ ਕੀਤੀ ਜਾ ਰਹੀ ਮੌਕਾਪ੍ਰਸਤੀ ਦੀ ਰਾਜਨੀਤੀ ਨੂੰ ਸਮਝੇ ਤਾਂ ਕਿ ਦੇਸ਼ ਵਿਚ ਸਾਰੇ ਧਰਮਾਂ ਦੀ ਆਪਸੀ ਸਾਂਝੀਵਾਲਤਾ ਕਾਇਮ ਰਹਿ ਸਕੇ। ਕਾਮਰੇਡ ਜਗਰੂਪ ਨੇ ਬਾਈ ਨਛੱਤਰ ਧਾਲੀਵਾਲ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਇੱਕ ਪੂਰ ਅੱਤਵਾਦ ਦੀ ਭੇਂਟ, ਦੂਜਾ ਨਸ਼ਿਆਂ ਦੀ ਭੇਂਟ ਅਤੇ ਤੀਜਾ ਪੂਰ ਹਾਲਤਾਂ ਦਾ ਸਤਾਇਆ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਹੈ। ਦੇਸ਼ ਦੀ ਜਵਾਨੀ ਨੂੰ ਇਸ ਉਜਾੜੇ ਤੋਂ ਬਚਾਉਣ ਲਈ ਪਾਰਲੀਮੈਂਟ ਦੁਆਰਾ ਸ਼ਹੀਦ ਭਗਤ ਸਿੰਘ ਦੇ ਨਾਮ ਉੱਪਰ ‘ਰੋਜ਼ਗਾਰ ਗਰੰਟੀ ਐਕਟ’ ਪਾਸ ਕਰਾਉਣ ਦੀ ਜ਼ਰੂਰਤ ਹੈ। ਜੋ ਕਾਨੂੰਨ ਦੇ ਰੂਪ ਵਿੱਚ ਹਰ ਇੱਕ ਨੂੰ ਉਸਦੀ ਯੋਗਤਾ ਅਨੁਸਾਰ ਪੱਕੇ ਰੋਜ਼ਗਾਰ ਦੀ ਗਰੰਟੀ ਕਰਦਾ ਹੋਵੇ। ਉਹਨਾਂ ਕਿਹਾ ਕਿ ਸਰਕਾਰ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਮਨੁੱਖੀ ਯੋਜਨਾਬੰਦੀ ਖਰੜਾ ਉਲੀਕੇ ਤਾਂ ਜੋ ਦੇਸ਼ ਦੇ ਹਰ ਸੈਕਟਰ ‘ਚ ਲੋੜ ਮੁਤਾਬਕ ਅਨਪੜ , ਹੁੰਨਰਮੰਦ , ਸਕਿੱਲਡ ਵਰਕਰ ਅਤੇ ਹਾਈਲੀ ਸਕਿੱਲਡ ਵਰਕਰਾਂ ਨੂੰ ਇਸ ਯੋਜਨਾਬੰਦੀ ਤਹਿਤ ਨੌਕਰੀਆਂ ਮੁਹੱਈਆ ਕੀਤੀਆਂ ਜਾ ਸਕਣ। ਬਰਸੀ ਸਮਾਗ਼ਮ ਤੇ ਸ਼ਹੀਦ ਬਾਈ ਨਛੱਤਰ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕਾ ਮਾਰੂ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਅਤੇ ਭਾਈਚਾਰਕ ਸਾਂਝ ਦਿਨੋ-ਦਿਨ ਨਿਘਰਦੀ ਜਾ ਰਹੀ ਹੈ। ਪਬਲਿਕ ਸੈਕਟਰ, ਬੈਂਕਾਂ, ਕਾਰਖਾਨੇ ਬੰਦ ਹੋ ਰਹੇ ਹਨ। ਏਅਰ ਲਾਈਨਾਂ, ਰੇਲਵੇ, ਟੈਲੀਕਾਮ ਵਰਗੇ ਅਦਾਰੇ ਕੌਡੀਆਂ ਦੇ ਭਾਅ ਸਰਮਾਏਦਾਰ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ। ਕੰਮ ਵਿੱਚ ਲੱਗੇ ਕਿਰਤੀਆਂ ਨੂੰ ਕੰਮ ਤੋਂ ਬਾਹਰ ਕੀਤਾ ਜਾ ਰਿਹਾ ਹੈ ਜਿਸ ਨਾਲ ਪਹਿਲਾਂ ਤੋਂ ਲੱਗੀ ਬੇਰੋਜ਼ਗਾਰਾਂ ਦੀ ਵੱਡੀ ਕਤਾਰ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜੀ.ਐਸ.ਟੀ. ਅਤੇ ਨੋਟਬੰਦੀ ਵਰਗੇ ਫੈਸਲਿਆਂ ਕਰਕੇ ਦੇਸ਼ ਦੀ ਆਰਥਿਕਤਾ ਤਬਾਹੀ ਦੇ ਕੰਢੇ ਪਹੁੰਚ ਚੁੱਕੀ ਹੈ। ਬੀ.ਜੇ.ਪੀ. ਸਰਕਾਰ ਅਤੇ ਗੋਦੀ ਮੀਡੀਆ ਵੱਲੋਂ ਹਿੰਦੂ-ਮੁਸਲਿਮ ਦੇ ਨਾਮ ਤੇ ਫਿਰਕਾਪ੍ਰਸਤੀ ਨਾਅਰਿਆਂ ਅਤੇ ਗਊ ਹੱਤਿਆ ਵਰਗੇ ਮੁੱਦਿਆਂ ਨੂੰ ਉਛਾਲ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕਾਂ ਨਾਲ ਲੁਭਾਵਣੇ ਝੂਠੇ ਵਾਅਦੇ ਕਰਕੇ ਕੇਂਦਰ ਵਿੱਚ ਮੋਦੀ ਸਰਕਾਰ ਅਤੇ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਬਣੀ। ਲਗਭਗ ਤਿੰਨ ਸਾਲ ਬੀਤ ਜਾਣ ਬਾਅਦ ਵੀ ਸਰਕਾਰਾਂ ਵੱਲੋਂ ਵੱਖ-ਵੱਖ ਵਰਗਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਠੇਕੇ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੇ-ਕਮਿਸ਼ਨ ਦੀ ਰਿਪੋਰਟ, ਡੀ.ਏ., ਕਿਸਾਨਾਂ ਦੇ ਕਰਜ਼ ਮੁਆਫ਼ੀ, ਨਸ਼ਿਆਂ ਦਾ ਖਾਤਮਾ, 2004 ਤੋਂ ਮਗਰੋਂ ਭਰਤੀ ਹੋਏ ਮੁਲਾਜ਼ਮਾਂ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਅਤੇ ਘਰ-ਘਰ ਨੌਕਰੀ ਦੇਣ ਦੇ ਲਾਰੇ ਸਰਕਾਰ ਬਣਦਿਆਂ ਹੀ ਵਿਸਾਰ ਦਿੱਤੇ ਗਏ ਜਿਸ ਕਰਕੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਸੂਬੇ ਵਿੱਚ ਰੋਜ਼ਾਨਾ ਵੱਡੀ ਪੱਧਰ ਤੇ ਸਰਕਾਰ ਵਿਰੋਧੀ ਧਰਨੇ-ਮੁਜ਼ਾਹਰੇ ਹੋ ਰਹੇ ਹਨ। ਬਰਸੀ ਸਮਾਗ਼ਮ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਦੀਪ ਸਿੰਘ ਮੋਤੀ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਅਕਾਲੀ-ਬੀਜੇਪੀ ਸਰਕਾਰ ਵੱਲੋਂ ਪਬਲਿਕ ਅਦਾਰਿਆਂ ਖਾਸ ਕਰਕੇ ਪੰਜਾਬ ਰੋਡਵੇਜ਼ ਦਾ ਬੇੜਾ ਗਰਕ ਕਰ ਦਿੱਤਾ ਹੈ। ਕਾਂਗਰਸ ਸਰਕਾਰ ਬਣਨ ਉਪਰੰਤ ਕੁੱਝ ਉਮੀਦਾਂ ਸਨ ਪਰ ਇਸ ਸਰਕਾਰ ਨੇ ਵੀ ਕੈਪਟਨ-ਬਾਦਲ ਸਾਂਝਗਿਰੀ ਨਿਭਾਉਂਦਿਆਂ ਨਾ ਹੀ ਨਵੀਂ ਟ੍ਰਾਂਸਪੋਰਟ ਨੀਤੀ ਲਿਆਂਦੀ, ਨਾ ਹੀ ਉੱਚ ਅਦਾਲਤਾਂ ਦੇ ਫੈਸਲਿਆਂ ਮੁਤਾਬਕ ਕੋਈ ਪਰਮਿਟ ਰੱਦ ਕੀਤਾ। ਟਾਈਮ ਟੇਬਲਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਿਸ ਕਰਕੇ ਮਹਿਕਮੇ ਦੀ ਹਾਲਤ ਬਦਤਰ ਹੋ ਚੁੱਕੀ ਹੈ। ਬਰਸੀ ਸਮਾਗ਼ਮ ਦੀ ਸ਼ੁਰੂਆਤ ਕਾਮਰੇਡ ਕੁਲਦੀਪ ਭੋਲਾ ਸਕੱਤਰ ਸੀ.ਪੀ.ਆਈ.  ਜ਼ਿਲਾ ਮੋਗਾ ਨੇ ਕੀਤੀ। ਸਟੇਜ ਦੀ ਸਮੁੱਚੀ ਕਾਰਵਾਈ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚਾਹਲ ਨੇ ਨਿਭਾਈ॥ ਰੋਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵੱਲੋਂ ਕਾ. ਵਿੱਕੀ ਮਹੇਸਰੀ ਦੇ ਨਿਰਦੇਸ਼ਨ ਹੇਠ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਪੀਐਸਈਬੀ ਦੇ ਪ੍ਰਧਾਨ ਹਰਭਜਨ ਪਿਲਖਣੀ, ਗੁਰਮੇਲ ਮੈਲਡੇ ਪੈਨਸ਼ਨਰਜ਼ ਯੂਨੀਅਨ, ਸੁਖਦੇਵ ਸ਼ਰਮਾ, ਗੁਰਦੇਵ ਸਿੰਘ, ਅਵਤਾਰ ਸਿੰਘ ਤਾਰੀ, ਬਚਿੱਤਰ ਸਿੰਘ ਧੋਥੜ, ਭੂਪਿੰਦਰ ਸੇਖੋਂ, ਗੁਰਮੀਤ ਧਾਲੀਵਾਲ, ਜਗਸੀਰ ਖੋਸਾ, ਜਗਜੀਤ ਧੂੜਕੋਟ, ਸੁਖਜਿੰਦਰ ਮਹੇਸਰੀ, ਅਵਤਾਰ ਗਗੜਾ, ਗੁਰਜੰਟ ਕੋਕਰੀ, ਗੁਰਚਰਨ ਦਾਤੇਵਾਲ, ਗੁਰਪ੍ਰੀਤ ਕੌਰ ਚੁਗਾਵਾਂ, ਜਸਵਿੰਦਰ ਕੌਰ, ਸੁਰਿੰਦਰ ਸਿੰਘ, ਜਗਪਾਲ ਸਿੰਘ, ਇੰਦਰਜੀਤ ਭਿੰਡਰ, ਜਸਵੀਰ ਲਾਡੀ, ਕੁਲਵਿੰਦਰ ਮੱਲੀ ਆਦਿ ਆਗੂ ਅਤੇ ਕਾਮੇ ਹਾਜ਼ਰ ਸਨ।