ਬਲੈਰੋ ਤੇ ਬੱਸ ਦੀ ਟੱਕਰ ਨਾਲ ਚਾਰ ਦੀ ਮੌਤ, ਤਿੰਨ ਜ਼ਖ਼ਮੀ
ਮੋਗਾ, 19 ਅਕਤੂਬਰ (ਜਸ਼ਨ): ਮੋਗਾ ਬਰਨਾਲਾ ਰੋਡ ਤੇ ਪਿੰਡ ਬੌਡੇ ਨੇੜੇ ਬੀਤੀ ਰਾਤ ਨੂੰ ਬਲੈਰੋ ਤੇ ਇੱਕ ਪ੍ਰਾਈਵੇਟ ਬੱਸ ਨਾਲ ਭਿਆਨਕ ਟੱਕਰ ਹੋ ਜਾਣ ਨਾਲ ਬਲੈਰੋ ਸਵਾਰ ਚਾਰ ਨੌਜਵਾਨਾਂ ਦੀ ਮੌਤ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ। ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਸੱਜਣ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਦੇ ਪਿੰਡ ਤਾਜੋ ਕੇ ਦੇ ਨੌਜਵਾਨ ਜਸਪ੍ਰੀਤ ਸਿੰਘ ਦਾ ਸ਼ੁਕਰਵਾਰ ਨੂੰ ਵਿਆਹ ਸੀ ਜਿਸ ਦੀ ਬਰਾਤ ਮੋਗਾ ਦੇ ਪਰਾਇਮ ਫਾਰਮ ਪੈਲਸ ਵਿੱਚ ਆਈ ਹੋਈ ਸੀ। ਦੇਰ ਸ਼ਾਮ ਜਦੋ ਬਰਾਤ ਵਾਪਸ ਜਾਣ ਲੱਗੀ ਤਾਂ ਵਿਆਹ ਸਮਾਰੋਹ ਵਿੱਚ ਆਏ ਪਿੰਡ ਦੇ ਹੀ ਸੱਤ ਵਿਅਕਤੀ ਜਿਨਾਂ ਵਿੱਚ ਸੁਖਪਾਲ ਸਿੰਘ ਨਿਵਾਸੀ ਅਕਲੀਆ ਵਾਲਾ, ਇਕਬਾਲ ਸਿੰਘ, ਪੁਸ਼ਪਿੰਦਰ ਸਿੰਘ, ਸੁਖਦੀਪ ਸਿੰਘ, ਹਰਪਾਲ ਸਿੰਘ, ਹਰਬੰਸ ਸਿੰਘ, ਬਲਕਾਰ ਸਿੰਘ ਰਵੀ ਨਿਵਾਸੀ ਪਿੰਡ ਤਾਜੋਕੇ ਜ਼ਿਲਾ ਬਰਨਾਲਾ ਜੋ ਇੱਕ ਬਲੈਰੋ ਗੱਡੀ ਵਿੱਚ ਬੈਠ ਕੇ ਪਿੰਡ ਤਾਜੋਕੇ ਵਾਪਸ ਜਾ ਰਹੇ ਸੀ ਤਾਂ ਜਦ ਉਹਨਾਂ ਦੀ ਗੱਡੀ ਮੋਗਾ ਬਰਨਾਲਾ ਹਾਈਵੇ ’ਤੇ ਪਿੰਡ ਬੌਡੇ ਨੇੜੇ ਪਹੁੰਚੀ ਤਾਂ ਇਸ ਦੌਰਾਨ ਉਲਟ ਦਿਸ਼ਾ ਤੋਂ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨਾਲ ਉਨਾਂ ਦੀ ਗੱਡੀ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ। ਘਟਨਾਂ ਮੌਕੇ ਬੱਸ ਵਿੱਚ ਸਿਰਫ ਡਰਾਈਵਰ ਹੀ ਸੀ ਜੋ ਮੌਕਾ ਤੇ ਬੱਸ ਛੱਡ ਕੇ ਫਰਾਰ ਹੋ ਗਿਆ। ਇਸ ਹਾਦਸੇ ਵਿੱਚ ਬਲੈਰੋ ਸਵਾਰ ਸੁਖਪਾਲ ਸਿੰਘ ਨਿਵਾਸੀ ਅਕਲੀਆ ਜ਼ਿਲਾ ਮਾਨਸਾ, ਇਕਬਾਲ ਸਿੰਘ, ਪੁਸ਼ਪਿੰਦਰ ਸਿੰਘ, ਸੁਖਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਹਰਪਾਲ ਸਿੰਘ, ਹਰਬੰਸ ਸਿੰਘ ਅਤੇ ਬਿੱਕਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜ਼ਿਨਾਂ ਨੂੰ ਇਲਾਜ ਵਾਸਤੇ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਜਿਥੇ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰ ਨੇ ਦੋ ਵਿਅਕਤੀਆਂ ਨੂੰ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਅਤੇ ਇੱਕ ਜ਼ਖ਼ਮੀ ਦਾ ਮੋਗਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਏ.ਐਸ.ਆਈ. ਸੱਜਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਬੱਸ ਚਾਲਕ ਖਿਲਾਫ ਥਾਣਾ ਬੱਧਨੀ ਕਲਾਂ ਵਿੱਚ ਮਾਮਲਾ ਦਰਜ ਕਰ ਲਿਆ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ