ਅਸ਼ਲੀਲਤਾ ਪਰੋਸ ਰਹੇ ਪੰਜਾਬੀ ਗੀਤਾਂ ਲਈ ਸੈਂਸਰ ਬੋਰਡ ਬਣਾਏ ਸੂਬਾ ਸਰਕਾਰ-ਸੰੰਦੀਪ ਕੰਬੋਜ ਜਈਆ

ਮੋਗਾ ,12 ਅਕਤੂਬਰ (INTERNATIONAL PUNJABI NEWS BUREAU) : ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਗਾਣਿਆਂ ਵਿੱਚ ਸੱਭਿਆਚਾਰ ਦੇ ਨਾਮ ਤੇ ਅੱਜ ਕੱਲ ਜਿਹੜੀ ਅਸ਼ਲੀਲਤਾ ਅਤੇ ਲਚਰਤਾ ਪਰੋਸੀ ਜਾ ਰਹੀ ਹੈ ਉਸਨੇ ਪੰਜਾਬੀ ਸੱਭਿਆਚਾਰ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਕਰ ਛੱੱਡਿਆ ਹੈ। ਹਾਲਾਤ ਤਾਂ ਇਹ ਹਨ ਆਏ ਦਿਨ ਬਣਨ ਵਾਲੇ ਇਹਨਾਂ ਗਾਣਿਆਂ (ਜਿਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਤਿਆਰ ਕੀਤਾ ਜਾਂਦਾ ਹੈ) ਵਿੱਚ ਪੰਜਾਬੀ ਸੱਭਿਆਚਾਰ ਕਿਤੇ ਦੂਰ ਦੂਰ ਤੱਕ ਨਜਰ ਨਹੀਂ ਆਉਂਦਾ।ਇਹਨਾਂ ਗਾਣਿਆਂ ਦੀਆਂ ਜਿਹੜੀਆਂ ਵੀਡੀਓ ਟੀ ਵੀ ਚੈਨਲਾਂ ਤੇ ਪ੍ਰਸਾਰਿਤ ਹੁੰਦੀਆਂ ਹਨ ਉਹਨਾਂ ਵਿੱਚ ਇਸ ਕਦਰ ਅਸ਼ਲੀਲਤਾ ਪਰੋਸੀ ਜਾਂਦੀ ਹੈ ਕਿ ਇਹਨਾਂ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਿਆ ਅਤੇ ਦੇਖਿਆ ਨਹੀਂ ਜਾ ਸਕਦਾ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਰਮਸਾਰ ਵੀ ਹੋਣਾ ਪੈਂਦਾ ਹੈ। ਇਹਨਾਂ ਵੀਡਿਓ ਫਿਲਮਾਂ ਵਿੱਚੋਂ ਜਿਆਦਾਤਰ ਵਿੱਚ ਅਧਨੰਗੀਆਂ ਕੁੜੀਆਂ ਨੂੰ ਨਚਾਇਆ ਜਾਂਦਾ ਹੈ ਅਤੇ ਬਾਕੀ ਦੀ ਕਸਰ ਗਾਣਿਆਂ ਦੇ ਦੋ ਅਰਥੀ ਬੋਲ ਪੂਰੇ ਕਰ ਦਿੰਦੇ ਹਨ ਜਿਹਨਾਂ ਰਾਂਹੀ ਦਰਸ਼ਕਾਂ ਨੂੰ ਭਰਪੂਰ ਅਸ਼ਲੀਲਤਾ ਪਰੋਸੀ ਜਾਂਦੀ ਹੈ।ਇਸਦਾ ਮੁੱਖ ਕਾਰਨ ਇਹ ਵੀ ਹੈ ਕਿ ਸੰਗੀਤ ਅਤੇ ਗਾਇਕੀ ਦੇ ਖੇਤਰ ਵਿੱਚ ਕਲਾ ਦੇ ਕਦਰਦਾਨਾਂ ਦੀ ਥਾਂ ਹੁਣ ਵਪਾਰੀਆਂ ਦੀ ਤੂਤੀ ਬੋਲਦੀ ਹੈ ਜਿਹੜੇ ਆਪਣਾ ਮਾਲ ਵੇਚਣ ਲਈ ਹਰ ਹੱਥਕੰਡਾ ਅਪਣਾਉਣ ਲਈ ਤਿਆਰ ਰਹਿੰਦੇ ਹਨ।ਇਹੀ ਕਾਰਨ ਹੈ ਕਿ ਪੰਜਾਬੀ ਗਾਣਿਆਂ ਵਿੱਚ ਲੱਚਰਤਾ ਲਗਾਤਾਰ ਵੱਧਦੀ ਜਾ ਰਹੀ ਹੈ। ਜਿਆਦਾਤਰ ਗਾਣਿਆਂ ਦੇ ਸ਼ਬਦ ਦੋਹਰੇ ਅਰਥਾਂ ਵਾਲੇ ਹੁੰਦੇ ਹਨ ਅਤੇ ਲਗਭਗ ਹਰ ਗਾਣੇ ਵਿੱਚ ਹੀ ਕੁੜੀਆਂ, ਨਸ਼ਿਆਂ ਅਤੇ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੀ ਗੁੰਡਾਗਰਦੀ ਅਤੇ ਅਸ਼ਲੀਲਤਾ ਅੱਜ ਕੱਲ ਪੰਜਾਬੀ ਗਾਣਿਆਂ ਵਿੱਚ ਪੇਸ਼ ਕੀਤੀ ਜਾ ਰਹੀ ਹੈ, ਉਹ ਕੁੱਝ ਤਾਂ ਹਿੰਦੀ ਫਿਲਮਾਂ ਵਿੱਚ ਵੀ ਨਹੀਂ ਹੁੰਦਾ।ਇੰਨਾ ਗਾਣਿਆਂ ਦੀਆਂ ਵੀਡੀਓ ਫਿਲਮਾਂ ਵਿੱਚ ਹੁੰਦਾ ਅਸ਼ੀਲਲਤਾ ਦਾ ਇਹ ਨਾਚ ਇਹਨਾਂ ਗਾਇਕਾਂ ਦੇ ਸਫਲ ਹੋਣ ਦੀ ਗਾਰੰਟੀ ਮੰਨਿਆ ਜਾਂਦਾ ਹੈ ਅਤੇ ਜਿਆਦਾਤਰ ਗਾਇਕ (ਜਿਹੜੇ ਕਾਫੀ ਹੱਦ ਤੱਕ ਬੇਸੁਰੇ ਵੀ ਹੁੰਦੇ ਹਨ) ਆਪਣਾ ਗਾਣਾ ਹਿੱਟ ਕਰਵਾਉਣ ਲਈ ਇਸੇ ਫਾਰਮੂਲੇ ਦਾ ਸਹਾਰਾ ਲੈਂਦੇ ਹਨ।ਅਜਿਹੇ ਗਾਇਕਾਂ ਦੇ ਗੀਤਾਂ ਲਈ ਬਣੀ ਵੀਡੀਓ ਵਿੱਚ ਨੱਚਦੀਆਂ ਅਧਨੰਗੀਆਂ ਕੁੜੀਆਂ ਵਲੋਂ ਕੀਤੀਆਂ ਜਾਂਦੀਆਂ ਹਰਕਤਾਂ ਦਰਸ਼ਕਾਂ ਦਾ ਸਾਰਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ ਅਤੇ ਇਸ ਦੌਰਾਨ ਗਾਇਕ ਦੀ ਬੇਸੁਰੀ ਆਵਾਜ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਹਰ ਗਾਇਕ ਹੀ ਆਪਣੇ ਅਸ਼ਲੀਲ ਗਾਣੇ ਨੂੰ ਸੱਭਿਆਚਾਰਕ ਗੀਤ ਦਾ ਨਾਮ ਦੇ ਦਿੰਦਾ ਹੈ, ਜਦੋਂ ਉਸ ਨੂੰ ਇਸ ਤਰੀਕੇ ਨਾਲ ਫੈਲਾਈ ਜਾ ਰਹੀ ਅਸ਼ਲੀਲਤਾ ਬਾਰੇ ਸਵਾਲ ਕੀਤਾ ਜਾਂਦਾ ਹੈ ਤਾਂ ਉਸਦਾ ਜਵਾਬ ਹੁੰਦਾ ਹੈ ਕਿ ਲੋਕ ਇਸ ਤਰਾਂ ਦੇ ਹੀ ਗਾਣੇ ਪਸੰਦ ਕਰਦੇ ਹਨ।ਵੱਖ ਵੱਖ ਗਾਇਕ ਆਪਣੇ ਅਸ਼ਲੀਲ ਫਿਲਮਾਂਕਣ ਵਾਲੇ ਗਾਣਿਆਂ ਨੂੰ ਟੀ ਵੀ ਚੈਨਲਾਂ ਉਪਰ ਚਲਾਉਣ ਮੋਟੀ ਫੀਸ ਅਦਾ ਕਰਦੇ ਹਨ ਅਤੇ ਚੈਨਲਾਂ ਵਾਲੇ ਇਹ ਗਾਣੇ ਚੈਨਲ ਤੇ ਲਗਾਤਾਰ ਚਲਾਉਂਦੇ ਰਹਿੰਦੇ ਹਨ।ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਸ ਤਰੀਕੇ ਨਾਲ ਪਰੋਸੀ ਜਾਣ ਵਾਲੀ ਅਸ਼ਲੀਲਤਾ ਦੀ ਇਸ ਕਾਰਵਾਈ ਦਾ ਵਿਰੋਧ ਨਹੀਂ ਹੁੰਦਾ।ਅਜਿਹੀਆਂ ਕਈ ਸੰਸਥਾਵਾਂ ਹਨ ਜਿਹੜੀਆਂ ਪੰਜਾਬੀ ਗਾਣਿਆਂ ਵਿੱਚ ਪਰੋਸੀ ਜਾਣ ਵਾਲੀ ਇਸ ਅਸ਼ਲੀਲਤਾ ਦੇ ਖਿਲਾਫ ਲੰਬੇ ਸਮੇਂ ਤੋਂ ਮੁਹਿੰਮ ਚਲਾ ਰਹੀਆਂ ਹਨ। ਪੰਜਾਬੀ ਸਭਿਆਚਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ, ਸਾਫ ਸੁਥਰੀ ਗਾਇਕੀ ਗਾਉਣ ਵਾਲੇ ਕਲਾਕਾਰਾਂ ਅਤੇ ਉਹਨਾਂ ਦੇ ਸਰੋਤਿਆਂ ਵਲੋਂ ਇਸ ਲਚਰ ਗਾਇਕੀ ਦੇ ਖਿਲਾਫ ਆਵਾਜ ਬੁਲੰਦ ਕੀਤੀ ਜਾਂਦੀ ਹੈ। ਇਹਨਾਂ ਸਾਰਿਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਪੰਜਾਬੀ ਗਾਇਕੀ ਦੇ ਨਾਮ ਤੇ ਪਰੋਸੀ ਜਾਣ ਵਾਲੀ ਲਚਰਤਾ ਅਤੇ ਅਸ਼ਲੀਲਤਾ ਤੇ ਕਾਬੂ ਕਰਨ ਲਈ ਇੱਕ ਵਿਸ਼ੇਸ਼ ਸੈਂਸਰ ਬੋਰਡ ਦਾ ਗਠਨ ਕੀਤਾ ਜਾਵੇ ਪਰੰਤੂ ਸਰਕਾਰ ਵਲੋਂ ਹੁਣ ਤੱਕ ਇਸ ਮੰਗ ਨੂੰ ਅਣਸੁਣਿਆ ਕੀਤਾ ਜਾਂਦਾ ਰਿਹਾ ਹੈ।ਇਹਨਾਂ ਅਸ਼ਲੀਲ ਗਾਣਿਆਂ ਰਾਹੀਂ ਫੈਲਾਈ ਜਾ ਰਹੀ ਲਚਰਤਾ ਅਤੇ ਇਸ ਕਾਰਨ ਪੰਜਾਬੀ ਸਭਿਆਚਾਰ ਨੂੰ ਹੋ ਰਹੇ ਨੁਕਸਾਨ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸੂਬਾ ਸਰਕਾਰ ਵਲੋਂ ਇਸ ਸੰਬੰਧੀ ਸੈਂਸਰ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਜੋ ਦਿਨੋੋਂ ਦਿਨ ਧੁੁੰਦਲੇ ਹੁੰਦੇ ਜਾ ਰਹੇ ਸਾਡੇ ਪੰੰਜਾਬੀ ਸਭਿਆਚਾਰ ਨੂੰ ਬਚਾਇਆ ਜਾ ਸਕੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


