ਪੰਜਾਬ ਦਾ ਪਹਿਲਾ ਸਵੈ-ਸਹਾਇਤਾ ਗਰੁੱਪ ਮੇਲਾ-‘ਲਾਡੋ’ 23-24 ਅਕਤੂਬਰ ਨੂੰ ਚੰਡੀਗੜ ਦੇ ਕਿਸਾਨ ਭਵਨ ‘ਚ ਕਰਵਾਇਆ ਜਾਵੇਗਾ

ਚੰਡੀਗੜ, 17 ਅਕਤੂਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :“ਪੰਜਾਬ ਦੇ ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਸਵੈ-ਰੋਜ਼ਗਾਰ ਮਹਿਲਾ ਐਸੋਸੀਏਸ਼ਨ (ਐਸ.ਈ.ਡਬਲਿਊ.ਏ.) ਵਲੋਂ ਸਾਂਝੇ ਤੌਰ ’ਤੇ ਪੰਜਾਬ ਦਾ ਪਹਿਲਾ ਸਵੈ-ਸਹਾਇਤਾ ਗਰੁੱਪ(ਐਸ.ਐਚ.ਜੀ.) ਮੇਲਾ-‘ਲਾਡੋ’ 23 ਤੋਂ 24 ਅਕਤੂਬਰ, 2019 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।” ਇਹ ਜਾਣਕਾਰੀ ਅੱਜ ਸਰਕਾਰੀ ਬੁਲਾਰੇ ਨੇ ਦਿੱਤੀ। ਮੇਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਹ ਮੇਲਾ ਸਵੇਰੇ 11ਤੋਂ ਸ਼ਾਮ 7 ਵਜੇ ਤੱਕ ਕਿਸਾਨ ਭਵਨ, ਚੰਡੀਗੜ ਵਿਖੇ ਆਯੋਜਿਤ ਕੀਤਾ ਜਾਵੇਗਾ ਅਤੇ ਇਸਦਾ ਮੁੱਖ ਉਦੇਸ਼ ਪੰਜਾਬ ਦੀਆਂ ਮਹਿਲਾ ਉੱਦਮੀਆਂ ਅਤੇ ਸਵੈ-ਸਹਾਇਤਾ ਗਰੁੱਪਾਂ ਵਲੋਂ ਕੀਤੇ ਕੰਮਾਂ ਨੂੰ ਉਭਾਰਨਾ ਹੈ। ਬੁਲਾਰੇ ਨੇ ਦੱਸਿਆ ਕਿ ਰਾਜਸਥਾਨ, ਬੰਗਾਲ, ਉੱਤਰਾਖੰਡ ਅਤੇ ਗੁਜਰਾਤ ਨਾਲ ਸਬੰਧਤ ਸਵੈ-ਸਹਾਇਤਾ ਗਰੁੱਪ ਵੀ ਇਸ ਮੇਲੇ ਵਿੱਚ ਹਿੱਸਾ ਲੈਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਹੱਥ ਨਾਲ ਕੀਤੀ ਫੁਲਕਾਰੀ ਦੀ ਕਢਾਈ, ਹੱਥ ਨਾਲ ਤਿਆਰ ਕੀਤੇ ਸਵੈਟਰ, ਥੈਲੇ, ਅਚਾਰ, ਆਯੁਰਵੈਦਿਕ ਉਤਪਾਦ, ਮਠਿਆਈਆਂ ਇਸ ਮੌਕੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਇਸ ਤੋਂ ਇਲਾਵਾ ਐਸ.ਈ.ਡਬਲਿਊ.ਏ. ਲਖਨਊ ਦੀ ਚਿਕਨਕਾਰੀ, ਬੰਗਾਲ ਦੀਆਂ ਹੱਥ ਨਾਲ ਬੁਣੀਆਂ ਲਿਨਨ ਸਾੜੀਆਂ, ਗੁਜਰਾਤ ਦੀ ਦਸਤਕਾਰੀ ਅਤੇ ਉਤਰਾਖੰਡ ਦੇ ਜੈਵਿਕ ਮਸਾਲੇ ਵਿੱਚ ਵੀ ਦੇਖਣਯੋਗ ਹੋਣਗੇ।ਬੁਲਾਰੇ ਨੇ ਦੱਸਿਆ ਇਸ ਮੌਕੇ ਸਵੈ-ਸਹਾਇਤਾ ਗਰੁੱਪਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਇਸ ਮੇਲੇ ਵਿੱਚ ਦਾਖ਼ਲਾ ਮੁਫਤ ਹੋਵੇਗਾ। ਮੇਲੇ ਦੀ ਇੱਕ ਹੋਰ ਵਿਲੱਖਣਤਾ ਬਾਰੇ ਦੱਸਿਦਆਂ ਉਨਾਂ ਕਿਹਾ ਕਿ ਮੇਲੇ ਦੌਰਾਨ ਹੋਈ ਆਮਦਨੀ ਸਿੱਧੇ ਤੌਰ ’ਤੇ ਸਵੈ-ਸਹਾਇਤਾ ਗਰੁੱਪਾਂ ਨੂੰ ਦਿੱਤੀ ਜਾਵੇਗੀ। ਇਸ ਮੌਕੇ ਲੋਕ ਪੰਜਾਬ ਅਸਲ ਪਕਵਾਨਾਂ ਦਾ ਅਨੰਦ ਵੀ ਲੈ ਸਕਣਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


