21 ਤਾਰੀਕ ਨੂੰ ਕਾ. ਨਛੱਤਰ ਸਿੰਘ ਧਾਲੀਵਾਲ ਦੀ ਬਰਸੀ ਵਿੱਚ ਏਟਕ ਵੱਲੋਂ ਸ਼ਮੂਲੀਅਤ,19 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਵਿੱਚ ਪਸਸਫ ਵੱਲੋਂ ਵਿਸ਼ਾਲ ਰੈਲੀ ਰੈਲੀ

ਮੋਗਾ,15 ਅਕਤੂਬਰ (ਜਸ਼ਨ): ਅੱਜ ਟ੍ਰੇਡ ਯੂਨੀਅਨ ਕੌਂਸਲ ਮੋਗਾ ਦੀ ਮੀਟਿੰਗ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਕੌਂਸਲ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਕੀਤੀ। ਮੀਟਿੰਗ ਦੀ ਕਾਰਵਾਈ ਬਾਰੇ ਜ.ਸਕੱਤਰ ਜਗਸੀਰ ਸਿੰਘ ਖੋਸਾ ਅਤੇ ਭੂਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ 21 ਅਕਤੂਬਰ, 2019 ਨੂੰ ਕਾ. ਨਛੱਤਰ ਸਿੰਘ ਧਾਲੀਵਾਲ ਦੀ ਆ ਰਹੀ 31ਵੀਂ ਬਰਸੀ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਅਤੇ ਏਟਕ ਪੰਜਾਬ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਬਰਸੀ ਦੇ ਸਬੰਧ ਵਿੱਚ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਸ ਬਰਸੀ ਸਮਾਗ਼ਮ ਵਿੱਚ ਕਾਮਰੇਡ ਅਤੁਲ ਕੁਮਾਰ ਅਣਜਾਣ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਕਾ. ਜਤਿੰਦਰ ਪੰਨੂ, ਕਾ. ਬੰਤ ਬਰਾੜ, ਕਾ. ਨਿਰਮਲ ਸਿੰਘ ਧਾਲੀਵਾਲ, ਕਾ. ਜਗਰੂਪ, ਕਾ. ਗੁਰਦੀਪ ਸਿੰਘ ਮੋਤੀ ਸੰਬੋਧਨ ਕਰਨ ਲਈ ਉਚੇਚੇ ਤੌਰ’ਤੇ ਪਹੁੰਚ ਰਹੇ ਹਨ। ਰੋਜ਼ਗਾਰ ਪ੍ਰਾਪਤੀ ਸੱਭਿਆਚਾਰ ਮੰਚ ਵੱਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ।ਇਸ ਮੌਕੇ ਕਾ. ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 11 ਅਕਤੂਬਰ, 2019 ਨੂੰ ਮੁੱਖ ਮੰਤਰੀ ਪੰਜਾਬ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੀ ਹੋਈ ਮੀਟਿੰਗ ਕਾਫ਼ੀ ਆਸ਼ਾਵਾਦੀ ਸੀ ਅਤੇ ਮਨਪ੍ਰੀਤ ਬਾਦਲ ਵੱਲੋਂ ਮੌਕੇ ਤੇ ਫਿਨਾਂਸ ਦੇ ਉੱਚ ਅਧਿਕਾਰੀ ਹਾਜ਼ਰ ਨਾ ਹੋਣ ਕਾਰਨ ਮੀਟਿੰਗ 14-10-2019 ਨੂੰ ਸ਼ਾਮ 4 ਵਜੇ ਤੈਅ ਕੀਤੀ ਗਈ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 3% ਡੀ.ਏ. ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਜ਼ਖਮਾਂ ਉੱਤੇ ਨਮਕ ਛਿੜਕਣ ਦੀ ਗੱਲ ਕਰ ਦਿੱਤੀ ਗਈ। ਮਿਤੀ 14-10-2019 ਨੂੰ ਖਜ਼ਾਨਾ ਮੰਤਰੀ ਅਤੇ ਉੱਚ ਅਧਿਕਾਰੀਆਂ ਨੇ ਖਾਲੀ ਖਜ਼ਾਨੇ ਦਾ ਰੋਣਾ ਹੀ ਰੋਇਆ ਅਤੇ ਮੀਟਿੰਗ ਬੇਸਿੱਟਾ ਰਹੀ। ਇਸ ਲਈ ਮੁਲਾਜ਼ਮ ਆਗੂਆਂ ਨੇ ਫੈਸਲਾ ਕੀਤਾ ਕਿ ਮਿਤੀ 17 ਅਕਤੂਬਰ ਨੂੰ ਜਲਾਲਾਬਾਦ, 18 ਅਕਤੂਬਰ ਨੂੰ ਫਗਵਾੜਾ ਅਤੇ 19 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਵਿਖੇ ਥਾਣੇ ਦੇ ਉਲਟ ਪਾਸੇ ਅੰਬੇਦਕਰ ਭਵਨ ਵਿੱਚ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਬਚਿੱਤਰ ਸਿੰਘ ਧੋਥੜ, ਗੁਰਮੇਲ ਸਿੰਘ ਨਾਹਰ, ਇੰਦਰਜੀਤ ਭਿੰਡਰ, ਗੁਰਪ੍ਰੀਤ ਕੌਰ ਚੁਗਾਵਾਂ, ਚਮਕੌਰ ਸਿੰਘ ਡਗਰੂ, ਹਰੀਬਹਾਦਰ ਬਿੱਟੂ, ਗੁਰਜੰਟ ਸਿੰਘ ਕੋਕਰੀ, ਜਸਪਾਲ ਸਿੰਘ ਘਾਰੂ, ਜਸਵਿੰਦਰ ਕੌਰ, ਸੁਖਜਿੰਦਰ ਮਹੇਸਰੀ, ਬੂਟਾ ਸਿੰਘ ਭੱਟੀ, ਪੋਹਲਾ ਸਿੰਘ ਬਰਾੜ, ਕੁਲਵੰਤ ਸਿੰਘ ਡਰੋਲੀ ਭਾਈ, ਸੱਤਪਾਲ ਸਹਿਗਲ ਦਰਸ਼ਨ ਲਾਲ ਪੰਜਾਬ ਰਾਜ ਬਿਜਲੀ ਬੋਰਡ, ਬੱਗਾ ਸਿੰਘ ਆਦਿ ਹਾਜ਼ਰ ਹੋਏ।