ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ,ਜਿਹਨਾਂ ਖੇਤਾਂ ਵਿਚ ਖੂਨ ਪਸੀਨਾ ਵਹਾ ਕੇ ਸੋਨਾ ਪੈਦਾ ਕੀਤਾ ਉਹਨਾਂ ਖੇਤਾਂ ‘ਚ ਹੀ ਦਿੱਤੀ ਜਾਨ
ਮੋਗਾ,14 ਅਕਤੂਬਰ (ਲਛਮਣਜੀਤ ਸਿੰਘ ਪੁਰਬਾ / ਜਸ਼ਨ): ਦੇਸ਼ ਵਿਚ ਮੰਦੀ ਦਾ ਮਾਹੌਲ ਅਤੇ ਕਿਰਸਾਨੀ ਦੇ ਧੰਦੇ ਦਾ ਮੁਨਾਫ਼ਯੋਗ ਨਾ ਹੋਣ ਕਰਕੇ ਦੇਸ਼ ਵਿਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਦੌਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ । ਆਏ ਦਿਨ ਪੰਜਾਬ ਵਿਚ ਵੀ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ । ਮੋਗਾ ਦੇ ਪਿੰਡ ਬੁਰਜ ਹਮੀਰਾ ਦੇ ਕਿਸਾਨ ਨੂੰ ਵੀ ਅੱਜ ਕਰਜ਼ੇ ਦੇ ਦਿਓ ਨੇ ਨਿਗਲ ਲਿਆ । ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਦੋ ਕੁਆਰੀਆਂ ਧੀਆਂ ਦੇ ਪਿਓ 50 ਸਾਲਾ ਗੁਰਨਾਮ ਸਿੰਘ ਨੇ ਬੈਂਕ ਤੋਂ 10 ਲੱਖ ਰੁਪਏ ਦੀ ਲਿਮਟ ਬਣਵਾਈ ਸੀ ਪਰ ਉਹ ਇਹ ਰਾਸ਼ੀ ਬੈਂਕ ਨੂੰ ਵਾਪਸ ਨਹੀਂ ਕਰ ਸਕਿਆ ਤੇ ਅੱਜ ਉਸ ਨੇ ਆਪਣੇ ਹੀ ਖੇਤਾਂ ਵਿਚ ਜਾ ਕੇ ਦਰਖ਼ਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਗੁਰਨਾਮ ਸਿੰਘ ਦੇ ਭਰਾ ਨੇ ਦੱਸਿਆ ਕਿ ਬੈਂਕ ਕਰਜ਼ੇ ਵਾਲੀ ਰਾਸ਼ੀ ਗੁਰਨਾਮ ਸਿੰਘ ਨੂੰ ਆਪਣੀ ਪਤਨੀ ਦੀ ਬੀਮਾਰੀ ’ਤੇ ਖਰਚ ਕਰਨੀ ਪਈ ਪਰ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਿਆਂ ਬੀਤੀ ਰਾਤ 12 ਵਜੇ ਦੇ ਕਰੀਬ ਗੁਰਨਾਮ ਸਿੰਘ ਆਪਣੇ ਘਰ ਦੀ ਕੰਧ ਟੱਪ ਕੇ ਚਲਾ ਗਿਆ । ਉਸ ਨੇ ਦੱਸਿਆ ਕਿ ਗੁਰਨਾਮ ਨੂੰ ਲੱਭਣ ਲਈ ਗੁਰਦੁਆਰੇ ਹੋਕਾ ਵੀ ਦਿਵਾਇਆ ਗਿਆ ਪਰ ਅੱਜ ਸਵੇਰ ਦੋ ਏਕੜ ਜ਼ਮੀਨ ਦੇ ਮਾਲਕ ਗੁਰਨਾਮ ਦੀ ਲਾਸ਼ ਉਸ ਦੇ ਆਪਣੇ ਖੇਤਾ ਵਿਚ ਹੀ ਮੋਟਰ ’ਤੇ ਦਰਖਤ ਨਾਲ ਲਟਕਦੀ ਮਿਲੀ। ਪੁਲਿਸ ਵੱਲੋਂ ਨਿਹਾਲ ਸਿੰਘ ਵਾਲਾ ਦੇ ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਮੋਗਾ ਭੇਜ ਦਿੱਤਾ ਗਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ