ਲੋਕ ਇਨਸਾਫ ਪਾਰਟੀ ਸਿਰਜੇਗੀ ਨਵਾਂ ਇਤਿਹਾਸ : ਜਤਿੰਦਰ ਭੱਲਾ
ਲੁਧਿਆਣਾ, 9 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਭੱਲਾ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ ਜਿਸ ਤਰਾਂ ਨਾਲ ਹਲਕਾ ਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਪਾਰਟੀ ਵਿਧਾਨ ਸਭਾ ਹਲਕਾ ਦਾਖਾ ਵਿੱਚ ਚੋਣਾਂ ਦੌਰਾਨ ਇੱਕ ਨਵਾਂ ਇਤਿਹਾਸ ਸਿਰਜੇਗੀ। ਉਨਾਂ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੀ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਪਛਾੜਦੇ ਹੋਏ ਲੋਕ ਇਨਸਾਫ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਅਤੇ ਹੁਣ ਵੀ ਰਿਕਾਰਡ ਤੋੜ ਵੋਟਾਂ ਨਾਲ ਇਤਿਹਾਸਤ ਜਿੱਤ ਹੋਵੇਗੀ। ਭੱਲਾ ਅੱਜ ਹਲਕਾ ਦਾਖਾ ਦੇ ਪਿੰਡ ਬੱਦੋਵਾਲ ਦੇ ਵੋਟਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭੱਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਦਾਖਾ ਨੂੰ 14 ਜੋਨਾਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਹਰ ਜੋਨ ਦੇ ਇੰਚਾਰਜ ਆਪਣੇ ਆਪਣੇ ਜੋਨ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਭੱਲਾ ਨੇ ਦੱਸਿਆ ਕਿ ਹਲਕਾ ਦਾਖਾ ਦੇ ਵੋਟਰ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰ ਦੇ ਨਸ਼ਿਆਂ ਦੇ ਕਾਰੋਬਾਰ ਵਿੱਚ ਗਲਤਾਨ ਹੋਣ ਕਰਕੇ ਉਨਾਂ ਨੂੰ ਮੂੰਹ ਨਹੀਂ ਲਗਾਉਣਗੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦਾ ਉਮੀਦਵਾਰ ਜਿੱਥੇ ਬਾਹਰੀ ਨਾ ਹੋ ਕੇ ਹਲਕਾ ਦਾਖਾ ਦਾ ਵਸਨੀਕ ਹੈ ਉੱਥੇ ਹਰ ਪਿੰਡ ਵਿੱਚ ਉਸ ਦਾ ਆਪਣਾ ਆਧਾਰ ਹੈ ਅਤੇ ਉਮਾਨਦਾਰੀ ਨਾਲ ਸੇਵਾ ਕਰਨਾ ਪਾਰਟੀ ਉਮੀਦਵਾਰ ਸੁਖਦੇਵ ਸਿੰਘ ਚੱਕ ਦਾ ਪਹਿਲਾ ਫਰਜ ਹੈ, ਜਿਸ ਕਰਕੇ ਇਲਾਕਾ ਵਾਸੀਆਂ ਦਾ ਚੱਕ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਰਣਜੀਤ ਸਿੰਘ (ਬਿੱਟੂ) ਘਟੌੜੇ, ਸਤਨਾਮ ਸਿੰਘ ਲੁਹਾਰਾ, ਦਲਜੀਤ ਸਿੰਘ ਦਾਸੂਵਾਲ, ਪ੍ਰੀਤਮ ਸਿੰਘ ਰਾਏਕੋਟ, ਰਣਜੀਤ ਸਿੰਘ ਗੁੜੇ, ਤਾਰਾ ਸਿੰਘ ਗੁੜੇ, ਪਰਮਜੀਤ ਸਿੰਘ (ਪੰਮਾ ਡੇਅਰੀ), ਤਲਵਿੰਦਰ ਮਾਨ, ਗੁਰਵਿੰਦਰ ਸਿੰਘ ਗੁੜੇ, ਬਲਦੇਵ ਸਿੰਘ ਰਾਏਕੋਟ, ਕੇਵਲਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਤੇ ਹੋਰ ਸ਼ਾਮਲ ਸਨ।