ਡਾ. ਹਰਜੋਤ ਦੇ ਯਤਨਾਂ ਨੂੰ ਪਿਆ ਬੂਰ, ਆਯੂਸ਼ ਹਸਪਤਾਲ ਅਤੇ ਟਰੋਮਾ ਸੈਂਟਰ ਲਈ ਜ਼ਮੀਨ ਸਿਹਤ ਵਿਭਾਗ ਦੇ ਨਾਮ ਹੋਈ ਟਰਾਂਸਫਰ,ਡਾ. ਹਰਜੋਤ ਕਮਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦਾ ਕੀਤਾ ਧੰਨਵਾਦ
ਮੋਗਾ, 8 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਆਯੂਸ਼ ਹਸਪਤਾਲ ਅਤੇ ਟਰੋਮਾ ਸੈਂਟਰ ਲਈ ਮਿਉਸਪਲ ਕਾਰਪੋਰੇਸ਼ਨ ਦੀ 12 ਕਨਾਲ ਜਮੀਨ ਜੋ ਉਨਾਂ ਨੇ ਸਥਾਨਕ ਸਰਕਾਰਾਂ ਮੰਤਰੀ ਜੀ ਨੂੰ ਸਿਹਤ ਵਿਭਾਗ ਦੇ ਨਾਮ ਮੁਫ਼ਤ ਤਬਦੀਲ ਕਰਨ ਦੀ ਗੁਜ਼ਾਰਿਸ਼ ਕੀਤੀ ਸੀ, ਉਸਨੂੰ ਮਨਜ਼ੂਰ ਕਰਨ ਲਈ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਸਿਰਫ਼ ਦੋ ਹੀ 50 ਬੈਂਡ ਦੇ 13 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਯੂਸ਼ ਹਸਪਤਾਲ ਮਨਜੂਰ ਹੋਏ ਸਨ, ਜਿਨਾਂ ਵਿੱਚੋਂ ਮੇਰੀ ਮੰਗ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਵੇਲੇ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਇੱਕ ਆਯੂਸ਼ ਹਸਪਤਾਲ ਮੋਗੇ ਨੂੰ ਦੇ ਦਿੱਤਾ ਸੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਡਾਕਟਰ ਹੋਣ ਦੇ ਨਾਤੇ ਉਹ ਇਸ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਮੋਗਾ ਦਾ ਸਿਵਲ ਹਸਪਤਾਲ ਬਾਜ਼ਾਰ ਦੇ ਧੁਰ ਅੰਦਰ ਹੋਣ ਕਾਰਨ ਐਂਮਰਜੈਂਸੀ ਅਤੇ ਐਕਸੀਡੈਂਟਲ ਕੇਸਾਂ ਵਿੱਚ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਜਾਂ ਰੈਫ਼ਰ ਕਰਨ ਤੇ ਵਾਪਿਸ ਆਉਣ ਤੱਕ ਟ੍ਰੈਫਿਕ ਕਾਰਨ ਬਹੁਤ ਦੇਰ ਹੋ ਜਾਂਦੀ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਚਲੀਆਂ ਜਾਦੀਆਂ ਹਨ। ਇਸ ਲਈ ਟਰੋਮਾ ਸੈਂਟਰ ਅਤੇ ਆਯੂਸ਼ ਹਸਪਤਾਲ ਜੀ.ਟੀ. ਰੋਡ ਉੱਪਰ ਬਣਾਉਣ ਦੀ ਬਹੁਤ ਜਰੂਰਤ ਸੀ, ਤਾਂਕਿ ਐਮਰਜੈਂਸੀ ਵਿੱਚ ਮਰੀਜਾਂ ਦਾ ਸਮਾਂ ਰਹਿੰਦੇ ਹੀ ਇਲਾਜ ਕੀਤਾ ਜਾ ਸਕੇ ਅਤੇ ਕਮੀਤੀ ਜਾਨਾਂ ਬਚਾਈਆਂ ਜਾ ਸਕਣ। ਉਨਾਂ ਦੱਸਿਆ ਕਿ ਮੋਗਾ ਵਿਖੇ ਬਣਨ ਵਾਲੇ ਚਾਰ ਮੰਜਿਲਾ ਆਯੂਸ਼ ਹਸਪਤਾਲ ਦੀ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਟੈਂਡਰ ਲਗਾ ਕੇ ਇਸਦਾ ਠੇਕਾ ਵੀ 15 ਮਹੀਨੇ ਵਿੱਚ ਮੁਕੰਮਲ ਕਰਨ ਲਈ ਦਿੱਤਾ ਜਾ ਚੁੱਕਾ ਹੈ ਅਤੇ 6.50 ਕਰੋੜ ਰੁਪਏ ਵੀ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਜਿੱਥੇ ਟਰੋਮਾ ਸੈਂਟਰ ਵਿੱਚ ਓ.ਪੀ.ਡੀ. ਅਤੇ ਮਰੀਜ਼ਾਂ ਨੂੰ ਦਾਖ਼ਲ ਕਰਨ ਦਾ ਪੂਰਾ ਪ੍ਰਬੰਧ ਹੋਵੇਗਾ ਉਥੇ ਹੀ 50 ਬੈਡ ਦੇ ਆਯੂਸ਼ ਹਸਪਤਾਲ ਵਿੱਚ ਆਯੂਰਵੈਦਿਕ, ਯੋਗਾ, ਨਿੳੂਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾ ਦਾ ਇਲਾਜ ਕੀਤਾ ਜਾਵੇਗਾ। ਜਿਸ ਨਾਲ ਮੋਗਾ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਲਈ ਇਹ ਹਸਪਤਾਲ ਜੀਵਨਦਾਨ ਸਾਬਿਤ ਹੋਵੇਗਾ। ਉਨਾਂ ਦੱਸਿਆ ਕਿ ਉਨਾਂ ਨੇ ਟਰੋਮਾ ਸੈਂਟਰ ਅਤੇ ਆਯੂਸ਼ ਹਸਪਤਾਲ ਬਣਾਉਣ ਲਈ ਮੋਗਾ ਕਾਰਪੋਰੇਸ਼ਨ ਤੋਂ ਜ਼ਮੀਨ ਦੀ ਮੰਗ ਕੀਤੀ ਸੀ, ਜਿਸਤੇ ਕਾਰਪੋਰੇਸ਼ਨ ਵਲੋਂ ਡੀ.ਸੀ. ਰੇਟ ਤੇ ਜ਼ਮੀਨ ਤਬਦੀਲ ਕਰਨ ਲਈ ਸਹਿਮਤੀ ਦਿੱਤੀ ਗਈ ਸੀ। ਡਾ. ਹਰਜੋਤ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਡੀ.ਸੀ. ਰੇਟ ਤੇ ਜ਼ਮੀਨ ਖਰੀਦਣੀ ਪੈਂਦੀ ਤਾਂ ਹਸਪਤਾਲ ਬਣਾਉਣ ਤੇ ਖਰਚ ਹੋਣ ਵਾਲੀ ਰਾਸ਼ੀ ਦਾ ਬਹੁਤ ਵੱਡਾ ਹਿੱਸਾ ਜ਼ਮੀਨ ਖਰੀਦਣ ਵਿੱਚ ਹੀ ਖਰਚ ਹੋ ਜਾਣਾ ਸੀ ਅਤੇ ਹਸਪਤਾਲ ਅਧੂਰਾ ਰਹਿ ਜਾਣਾ ਸੀ। ਉਨਾਂ ਨੇ ਮੋਗਾ ਕਾਰਪੋਰੇਸ਼ਨ ਨੂੰ ਇਹ ਸੁਝਾਅ ਦਿੱਤਾ ਸੀ ਕਿ ਇਹ ਪ੍ਰੋਜੈਕਟ ਅਤੇ ਕਾਰਪੋਰੇਸ਼ਨ ਦੀ ਜ਼ਮੀਨ ਦੋਵੇਂ ਪੰਜਾਬ ਸਰਕਾਰ ਦੇ ਹੀ ਹਨ, ਇਸ ਲਈ ਜ਼ਮੀਨ ਮੁਫ਼ਤ ਵਿੱਚ ਸਿਹਤ ਵਿਭਾਗ ਦੇ ਨਾਮ ਤਬਦੀਲ ਕੀਤੀ ਜਾਣੀ ਚਾਹੀਦੀ ਹੈ। ਪਰ ਮੋਗਾ ਕਾਰਪੋਰੇਸ਼ਨ ਵਲੋਂ ਪੂਰਨ ਸਹਿਯੋਗ ਨਾ ਮਿਲਣ ਕਾਰਨ, ਪੰਜਾਬ ਸਰਕਾਰ ਕੋਲ ਬੇਨਤੀ ਕੀਤੀ ਸੋ ਹੁਣ ਪੰਜਾਬ ਸਰਕਾਰ ਵਲੋਂ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ. ਬ੍ਰਹਮ ਮਹਿੰਦਰਾ ਨੇ ਉਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਜ਼ਮੀਨ ਮੁਫ਼ਤ ਵਿੱਚ ਸਿਹਤ ਵਿਭਾਗ ਦੇ ਨਾਮ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਡਾ. ਹਰਜੋਤ ਕਮਲ ਨੇ ਆਪਣੇ ਵਲੋਂ ਅਤੇ ਆਪਣੇ ਹਲਕੇ ਮੋਗਾ ਵਲੋਂ ਮੁੱਖ ਮੰਤਰੀ ਪੰਜਾਬ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਅਤੇ ਖਾਸ ਤੌਰ ਤੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਸ਼੍ਰੀ ਬ੍ਰਹਮ ਮਹਿੰਦਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਦੀ ਮਿਹਰਬਾਨੀ ਨਾਲ ਇਹ ਹਸਪਤਾਲ ਮੋਗਾ ਨੂੰ ਉਸ ਸਮੇਂ ਦਿੱਤਾ ਗਿਆ ਸੀ ਜਦੋਂ ਉਹ ਸਿਹਤ ਮੰਤਰੀ ਸਨ ਅਤੇ ਹੁਣ ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਵੀ ਉਨਾਂ ਵਲੋਂ ਹੀ ਮੁਹੱਈਆ ਕਰਵਾਉਣ ਲਈ ਸਮੁੱਚੇ ਮੋਗਾ ਹਲਕੇ ਵਲੋਂ ਵੀ ਉਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਮੱੁਖ ਮੰਤਰੀ ਪੰਜਾਬ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਭਵਿੱਖ ਵਿੱਚ ਵੀ ਮੇਰੇ ਅਤੇ ਮੇਰੇ ਹਲਕੇ ਮੋਗਾ ਦੀ ਸਰਵਪੱਖੀ ਤਰੱਕੀ ਲਈ ਮੇਹਰ ਭਰਿਆ ਹੱਥ ਰੱਖਣਗੇ।